ਸਤਵਿੰਦਰ ਧੜਾਕ, ਮੋਹਾਲੀ : ਪੰਜਾਬ ਦੇ ਸਿੱਖਿਆ ਵਿਭਾਗ (Department of School Education Punjab) ਨੇ ਲੰਬੇ ਸਮੇਂ ਤੋਂ ਗ਼ੈਰ ਹਾਜ਼ਰ ਅਧਿਆਪਕਾਂ ਦੇ ਵੇਰਵੇ ਮੰਗੇ ਹਨ। ਇਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਇਕ ਬੈਠਕ ਦੌਰਾਨ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੋਂ ਜਵਾਬ-ਤਲਬੀ ਲੰਬੇ ਸਮੇਂ ਤੋਂ ਗ਼ੈਰ-ਹਾਜ਼ਰ ਮੁਲਾਜ਼ਮਾਂ ਦੀਆਂ ਲਿਸਟਾਂ ਮੰਗੀਆਂ ਸਨ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਕੂਲ ਮੁਖੀਆ ਪਾਸੋਂ ਸਖ਼ਤੀ ਨਾਲ ਇਨ੍ਹਾਂ ਦੀ ਸੂਚਨਾ ਸਾਂਝੀ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਪਤਾ ਚੱਲਿਆ ਹੈ ਕਿ ਇਨ੍ਹਾਂ ਵਿਚ ਜ਼ਿਆਦਾਤਰ ਅਧਿਆਪਕ ਅਜਿਹੇ ਹਨ ਜਿਹੜੇ ਵਿਦੇਸ਼ ਜਾਣ ਲਈ ਛੁੱਟੀ ਲੈ ਕੇ ਗਏ ਸਨ ਪਰ ਵਾਪਿਸ ਨਹੀਂ ਪਰਤੇ।

ਡੀਪੀਆਈ ਸੈਕੰਡਰੀ ਨੇ ਇਕ ਪ੍ਰਫ਼ਾਰਮਾ ਵੀ ਜਾਰੀ ਕੀਤਾ ਹੈ ਜਿਸ ਵਿਚ ਗ਼ੈਰ-ਹਾਜ਼ਰ ਅਧਿਆਪਕਾਂ ਸਬੰਧੀ 8 ਤਰ੍ਹਾਂ ਦੇ ਵੇਰਵੇ ਭਰਨ ਲਈ ਕਿਹਾ ਗਿਆ ਹੈ। ਇਨ੍ਹਾਂ ਵਿਚ ਕਰਮਚਾਰੀ ਦਾ ਨਾਂਅ ਤੇ ਉਸ ਦੇ ਗ਼ੈਰ-ਹਾਜ਼ਰ ਹੋਣ ਦਾ ਸਮਾਂ ਤੇ ਕਾਰਨ ਪੁੱਛਿਆ ਹੈ।ਵੇਰਵੇ ਮਿਲੇ ਹਨ ਕਿ ਅਧਿਆਪਕਾਂ ਦੀ ਇਹ ਓਸੀਟੀ ਅਦਰ ਕੈਟਾਗਰੀ ਟੀਚਰਜ਼ ਨਾਲ ਸਬੰਧਤ ਅਧਿਆਪਕ ਹਨ ਜਿਨ੍ਹਾਂ ਦੇ ਗ਼ੈਰ-ਹਾਜ਼ਰ ਰਹਿਣ ਲਈ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਪ੍ਰੋਫ਼ਾਰਮੇ 'ਚ ਕਰਮਚਾਰੀ ਦਾ ਮੌਜੂਦਾ ਸਟੇਟਸ ਤੇ ਗ਼ੈਰ-ਹਾਜ਼ਰੀ ਵੇਲੇ ਉਸ ਦੇ ਕੇਸ ਨੂੰ ਜਾਂਚ ਕਰਨ ਵਾਲੇ ਅਧਿਕਾਰੀ ਦਾ ਨਾਂਅ ਵੀ ਮੰਗਿਆ ਵਿਭਾਗ ਨੂੰ ਦੱਸਣ ਦੇ ਹੁਕਮ ਜਾਰੀ ਕੀਤੇ ਗਏ ਹਨ।ਡੀਪੀਆਈ ਦਫ਼ਤਰ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਹੁਣ ਤਕ ਸਬੰਧਤ ਕਰਮਚਾਰੀ/ਅਧਿਕਾਰੀ ਵਿਰੁੱਧ ਕਾਰਵਾਈ ਕੀ ਕੀਤੀ ਗਈ ਹੈ।ਕਿਹਾ ਗਿਆ ਹੈ ਕਿ ਦਰਸਾਏ ਗਏ ਪ੍ਰੋਫ਼ਾਰਮੇ ਮੁਤਾਬਕ ਜੇਕਰ ਸਮਾਬੱਧ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾ ਸਬੰਧਤ ਦਫ਼ਤਰ ਹੀ ਇਸ ਦਾ ਜ਼ਿੰਮੇਵਾਰ ਹੋਵੇਗਾ।

ਸਿੱਖਿਆ ਵਿਭਾਗ ਦੇ ਆਹਲਾ ਮਿਆਰੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਸੈਕੜੇ ਅਧਿਆਪਕ ਲੰਬੇ ਸਮੇਂ ਤੋਂ ਗ਼ੈਰ-ਹਾਜ਼ਰ ਹਨ। ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿਚੋਂ ਕੁੱਝ ਅਧਿਆਪਕ ਬਿਨਾਂ ਤਨਖ਼ਾਹ ਵਾਲੀ ਛੁੱਟੀ ਲੈ ਕੇ ਵਿਦੇਸ਼ ਚਲੇ ਗਏ ਤੇ ਵਾਪਿਸ ਨਹੀਂ ਆਏ। ਇਸ ਲਈ ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਸਕੂਲ ਮੁਖੀਆਂ ਨੂੰ ਹਰੇਕ ਸਕੂਲ `ਚ ਅਧਿਆਪਕਾਂ ਦੇ ਪੁਖ਼ਤਾ ਵੇਰਵੇ ਸਾਂਝੇ ਕਰਨ ਵਾਸਤੇ ਹਦਾਇਤ ਕੀਤੀ ਹੈ।

Posted By: Seema Anand