ਕੋਰੋਨਾ ਸੰਕਟ ਨੇ ਬੱਚਿਆਂ ਦੇ ਬਾਹਰ ਵਿਦੇਸ਼ਾਂ 'ਚ ਪੜ੍ਹਾਈ ਕਰਨ 'ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਬੱਚੇ ਤੇ ਮਾਪੇ ਇਸ ਦਾ ਕੋਈ ਹੋਰ ਬਦਲ ਲੱਭ ਰਹੇ ਹਨ। ਆਪਣੇ ਦੇਸ਼ 'ਚ ਹੀ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਕੀਤੀ ਜਾ ਰਹੀ ਹੈ। ਨੌਜਵਾਨਾਂ ਦੇ 'ਬਰੇਨ ਡਰੇਨ' ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਬੌਧਿਕ ਕੰਗਾਲੀ ਦਾ ਸੰਕਟ ਖੜ੍ਹਾ ਕਰ ਦਿੱਤਾ ਸੀ। ਪੜ੍ਹਾਈ 'ਚ ਹੁਸ਼ਿਆਰ ਬੱਚੇ ਜੋ ਇੱਥੇ ਸੈੱਟ ਹੋ ਸਕਦੇ ਹਨ, ਵੀ ਸਟੱਡੀ ਵੀਜ਼ੇ 'ਤੇ ਵਿਦੇਸ਼ ਜਾ ਰਹੇ ਸਨ। ਇਨ੍ਹਾਂ 'ਚੋਂ ਬਹੁਤੇ ਪੜ੍ਹਾਈ ਕਰਨ ਦੇ ਬਹਾਨੇ ਵਿਕਸਿਤ ਦੇਸ਼ਾਂ ਦੀ ਪੀਆਰ ਹਾਸਿਲ ਕਰ ਚੁੱਕੇ ਹਨ ਤੇ ਬਾਕੀ ਲਾਈਨਾਂ 'ਚ ਲੱਗੇ ਹੋਏ ਹਨ।

ਖ਼ੁਸ਼ਹਾਲ ਮੁਲਕਾਂ 'ਚ ਡਿਗਰੀ ਹਾਸਿਲ ਕਰ ਕੇ ਉਹ ਆਪਣੀ ਮਨਪਸੰਦ ਦਾ ਕੰਮ ਕਰਦੇ ਹਨ। ਪੰਜਾਬੀਆਂ ਨੇ ਖ਼ਾਸ ਕਰਕੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਜਿਹੇ ਵਿਕਸਿਤ ਦੇਸ਼ਾਂ 'ਚ ਤਰੱਕੀ ਦੇ ਝੰਡੇ ਗੱਡ ਦਿੱਤੇ ਹਨ। ਇਸੇ ਚਕਾਚੌਂਧ ਨੂੰ ਵੇਖ ਬੱਚੇ ਬਾਹਰਲੇ ਦੇਸ਼ਾਂ ਵੱਲ ਉਡਾਰੀਆਂ ਮਾਰ ਰਹੇ ਸਨ

ਬੇਰੁਜ਼ਗਾਰੀ ਦਾ ਆਲਮ

ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਲੋਕ ਨੌਕਰੀਆਂ ਛੱਡ ਕੇ ਬਾਹਰ ਸੈੱਟ ਹੋ ਚੁੱਕੇ ਹਨ। 10+2 ਤੋਂ ਬਾਅਦ ਆਈਲੈਟਸ ਦਾ ਟੈਸਟ ਪਾਸ ਕਰ ਕੇ ਬਾਹਰ ਜਾਣਾ ਬੱਚਿਆਂ ਦੀ ਪਹਿਲੀ ਤਰਜੀਹ ਬਣੀ ਹੋਈ ਸੀ। ਬੱਚੇ ਅਗਲੇਰੀ ਪੜ੍ਹਾਈ 'ਤੇ ਮਿਹਨਤ ਕਰਨ ਦੀ ਬਜਾਇ ਆਈਲੈਟਸ ਸੈਂਟਰਾਂ ਦੇ ਚੱਕਰ ਕੱਟ ਰਹੇ ਸਨ ਪਰ ਲਾਕਡਾਊਨ 'ਚ ਬੱਚੇ ਚੌਰਾਹੇ 'ਤੇ ਖੜ੍ਹੇ ਹਨ ਕਿ ਕਿਸ ਪਾਸੇ ਮੁੜਿਆ ਜਾਵੇ। ਸਾਰਾ ਕੰਮ ਰੁਕਣ ਕਰਕੇ ਬਾਹਰਲੇ ਦੇਸ਼ਾਂ 'ਚ ਵੀ ਬੇਰੁਜ਼ਗਾਰੀ ਦਾ ਆਲਮ ਹੈ। ਬਾਹਰ ਗਏ ਬੱਚੇ ਆਪਣੇ ਦੋਸਤਾਂ ਨੂੰ ਨਾ ਆਉਣ ਦੀਆਂ ਸਲਾਹਾਂ ਦੇ ਰਹੇ ਹਨ। ਕੋਰੋਨਾ ਸੰਕਟ ਕਰਕੇ ਬਾਹਰ ਜਾਣ ਦੀ ਤਿਆਰੀ 'ਚ ਬੱਚਿਆਂ ਦਾ ਮਨ ਅੱਜ ਬਦਲਿਆ ਹੋਇਆ ਹੈ। ਉਹ ਆਪਣੇ ਮੁਲਕ ਰਹਿ ਕੇ ਅਗਲੀ ਪੜ੍ਹਾਈ ਕਰ ਕੇ ਰੁਜ਼ਗਾਰ ਹਾਸਿਲ ਕਰਨ ਦੀ ਸੋਚ ਰਹੇ ਹਨ।

ਤਹਿਸ-ਨਹਿਸ ਹੋਇਆ ਸਿੱਖਿਆ ਢਾਂਚਾ

ਕਾਲਜ ਯੂਨੀਵਰਸਿਟੀਆਂ ਬੰਦ ਹੋਣ ਕਰਕੇ ਸਿੱਖਿਆ ਦਾ ਸਾਰਾ ਢਾਂਚਾ ਤਹਿਸ-ਨਹਿਸ ਹੋ ਚੁੱਕਿਆ ਹੈ। ਜੇ ਦੁਨੀਆ ਦੀ ਗੱਲ ਕਰੀਏ ਤਾਂ ਚੀਨ ਤੋਂ ਬਾਅਦ ਭਾਰਤ ਦਾ ਨੰਬਰ ਹੈ, ਜਿਸ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਵਿਕਸਿਤ ਦੇਸ਼ਾਂ 'ਚ ਪੜ੍ਹਾਈ ਕਰਨ ਜਾ ਰਹੇ ਸਨ। ਜੇ ਸੂਤਰਾਂ ਦੀ ਮੰਨੀਏ ਤਾਂ ਭਾਰਤ ਦੇ ਦਸ ਲੱਖ ਬੱਚੇ ਬਾਹਰਲੇ ਦੇਸ਼ਾਂ 'ਚ ਪੜ੍ਹ ਰਹੇ ਹਨ। ਹਰ ਸਾਲ ਤਿੰਨ ਲੱਖ ਬੱਚੇ ਬਾਹਰਲੇ ਦੇਸ਼ਾਂ

'ਚ ਪੜ੍ਹਨ ਲਈ ਜਾ ਰਹੇ ਹਨ। ਬੱਚਿਆਂ ਦੇ ਬਾਹਰ ਜਾਣ ਦੀ ਦਰ ਤੇਜ਼ੀ ਨਾਲ ਵੱਧ ਰਹੀ ਸੀ ਪਰ ਕੋਰੋਨਾ ਮਹਾਮਾਰੀ ਨੇ ਇਸ ਨੂੰ ਬਰੇਕਾਂ ਲਾ ਦਿੱਤੀਆਂ ਹਨ।

ਸੁਣਨ 'ਚ ਆਇਆ ਹੈ ਕਿ ਭਵਿੱਖ 'ਚ ਬਾਹਰਲੇ ਦੇਸ਼ਾਂ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ ਤੇ ਕੋਰਸ ਪੂਰਾ ਹੋਣ 'ਤੇ ਬਾਅਦ ਵਿਦਿਆਰਥੀਆਂ ਨੂੰ ਵਰਕ ਪਰਮਿਟ ਜਾਰੀ ਕਰ ਕੇ ਆਪਣੇ ਦੇਸ਼ ਬੁਲਾ ਲਿਆ ਜਾਵੇਗਾ। ਜਦੋਂ ਵੀ ਹਾਲਾਤ ਸੁਖਾਵੇਂ ਹੁੰਦੇ ਹਨ ਤਾਂ ਸਿਹਤ ਸੁਰੱਖਿਆ ਨੂੰ ਲੈ ਕੇ ਕੰਮਾਂ 'ਚ ਖੜੋਤ ਆਉਣੀ ਸੁਭਾਵਿਕ ਹੈ। ਇਸ ਬੇਰੁਜ਼ਗਾਰੀ ਦੇ ਆਲਮ 'ਚ ਜੋ ਬੱਚੇ ਵਿਦੇਸ਼ਾਂ 'ਚ ਪੜ੍ਹ ਰਹੇ ਹਨ, ਉਨ੍ਹਾਂ ਨੂੰ ਉੱਥੇ ਹੀ ਕੰਮ ਕਰਨਾ ਪਵੇਗਾ। ਵਿਦੇਸ਼ ਜਾਣਾ ਬੂਟੇ ਦੀ ਜੜ੍ਹ ਪੁੱਟ ਕੇ ਦੂਜੀ ਜ਼ਮੀਨ 'ਚ ਲਾਉਣ ਵਾਲੀ ਗੱਲ ਹੁੰਦੀ ਹੈ। ਹਰਾ ਹੋਵੇ ਜਾਂ ਨਾ ਹੋਵੇ, ਇਹ ਕੁਦਰਤ ਤੇ ਸੁਖਾਵੇਂ ਹਾਲਾਤਾਂ 'ਤੇ ਨਿਰਭਰ ਕਰਦਾ ਹੈ।

ਆਰਥਿਕ ਢਾਂਚੇ ਨੂੰ ਪਈ ਮਾਰ

ਵਿਕਸਿਤ ਦੇਸ਼ਾਂ ਨੂੰ ਪਰਵਾਸੀ ਵਿਦਿਆਰਥੀਆਂ ਤੋਂ ਵੱਡੀ ਆਮਦਨ ਹੁੰਦੀ ਸੀ ਪਰ ਹੁਣ ਵਿੱਦਿਅਕ ਅਦਾਰੇ ਬੰਦ ਹੋਣ ਕਰਕੇ ਸਾਰੀ ਸਥਿਤੀ ਗੜਬੜਾ ਗਈ ਹੈ। ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਇਨ੍ਹਾਂ ਇਨ੍ਹਾਂ ਦੇਸ਼ਾਂ ਦੇ ਆਰਥਿਕ ਢਾਂਚੇ ਨੂੰ ਵੱਡੀ ਸੱਟ ਵੱਜੇਗੀ । ਭਾਵੇਂ ਵਿਦਿਆਰਥੀ ਅਗਲੇ ਸੈਸ਼ਨ ਯਾਨੀ 2021 'ਚ ਦਾਖ਼ਲਾ ਕਰਵਾਉਣ ਦੀ ਸੋਚ ਰਹੇ ਹਨ ਪਰ ਆਉਣ ਵਾਲੇ ਸਮੇਂ 'ਚ ਵਿਦਿਆਰਥੀਆਂ ਦੇ ਬਾਹਰ ਜਾਣ ਦਾ ਰੁਝਾਨ ਮੱਠਾ ਜ਼ਰੂਰ ਪਵੇਗਾ। ਮਾਪਿਆਂ ਦਾ ਆਪਣੇ ਬੱਚਿਆਂ ਦੀ ਦਿਮਾਗ਼ੀ ਯੋਗਤਾ ਅਨੁਸਾਰ ਮੌਕੇ ਮੁਹੱਈਆ ਕਰਵਾਉਣਾ ਨੈਤਿਕ ਫ਼ਰਜ਼ ਹੈ। ਵਿਦੇਸ਼ਾਂ 'ਚ ਜਾ ਕੇ ਪੜ੍ਹਾਈ ਕਰਨ ਦਾ ਰੁਝਾਨ ਆਉਣ ਵਾਲੇ ਸਮੇਂ 'ਚ ਕੀ ਕਰਵਟ ਲਵੇਗਾ, ਫਿਲਹਾਲ ਇਹ ਸਮੇਂ ਦੇ ਗਰਭ 'ਚ ਹੈ।

- ਬਲਜਿੰਦਰ ਜੌੜਕੀਆਂ

94630-24575

Posted By: Harjinder Sodhi