ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਵਿਚਾਲੇ ਪ੍ਰੀਖਿਆਵਾਂ 'ਤੇ ਆਏ ਸੰਕਟ ਨਾਲ ਨਜਿੱਠਣ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਹੁਣ ਆਨਲਾਈਨ ਪ੍ਰੀਖਿਆ ਦਾ ਫੁਲਪਰੂਫ ਰਾਹ ਲੱਭਿਆ ਹੈ। ਫਿਲਹਾਲ ਇਸ ਨੂੰ ਲੈ ਕੇ ਉਹ ਪ੍ਰਾਕਟਰ ਤਕਨੀਕ 'ਤੇ ਕੰਮ ਕਰ ਰਹੀ ਹੈ, ਜਿਸ ਜ਼ਰੀਏ ਕੋਈ ਵੀ ਵਿਦਿਆਰਥੀ ਘਰ ਬੈਠੇ ਹੀ ਪ੍ਰੀਖਿਆ ਦੇ ਸਕੇਗਾ। ਇਹ ਪੂਰੀ ਪ੍ਰੀਖਿਆ 100 ਫੀਸਦੀ ਨਕਲ ਮੁਕਤ ਹੋਵੇਗੀ।

ਐੱਨਟੀਏ ਦੇ ਡਾਇਰੈਕਟਰ ਜਨਰਲ ਵਿਨੀਤ ਜੋਸ਼ੀ ਨੇ ਮੰਗਲਵਾਰ ਨੂੰ ਆਨਲਾਈਨ ਪ੍ਰੀਖਿਆ ਨੂੰ ਲੈ ਕੇ ਕਰਵਾਏ ਇਕ ਵੈੱਬੀਨਾਰ 'ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫੈਕਸ਼ਨ ਕਾਰਨ ਪ੍ਰੀਖਿਆਵਾਂ 'ਤੇ ਜਿਸ ਤਰੀਕੇ ਦਾ ਸੰਕਟ ਛਾਇਆ ਹੈ, ਉਸ ਵਿਚ ਨਵੇਂ ਬਦਲ ਅਜਮਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਆਨਲਾਈਨ ਪ੍ਰੀਖਿਆਵਾਂ ਕਰਵਾਉਂਦੇ ਰਹੇ ਹਨ ਪਰ ਇਸ ਲਈ ਵਿਦਿਆਰਥੀਆਂ ਨੂੰ ਕਿਸੇ ਸੈਂਟਰ 'ਤੇ ਜਾਣਾ ਪੈਂਦਾ ਸੀ। ਪ੍ਰਾਕਟਰ ਤਕਨੀਕ ਨਾਲ ਉਹ ਵਿਦਿਆਰਥੀਆਂ ਦੇ ਘਰ ਬੈਠੇ ਹੀ ਪ੍ਰੀਖਿਆ ਕਰਵਾ ਸਕਣਗੇ। ਫਿਲਹਾਲ ਇਸ ਨੂੰ ਲੈ ਕੇ ਟਰਾਇਲ ਚੱਲ ਰਿਹਾ ਹੈ। ਐੱਨਟੀਏ ਨੇ ਇਹ ਸਾਰੀ ਕਵਾਇਦ ਉਸ ਸਮੇਂ ਤੇਜ਼ ਕੀਤੀ ਹੈ, ਜਦੋਂ ਜੇਈਈ ਮੇਨਸ ਤੇ ਨੀਟ ਵਰਗੀਆਂ ਪ੍ਰੀਖਿਆਵਾਂ ਨੂੰ ਆਸਾਨੀ ਨਾਲ ਕਰਵਾਇਆ ਜਾ ਸਕੇਗਾ। ਹਾਲਾਂਕਿ ਇਸ ਵਾਰੀ ਇਸ ਦੀ ਵਰਤੋਂ ਹੋਵੇਗੀ ਕਿ ਨਹੀਂ, ਇਹ ਹਾਲੇ ਸਾਫ਼ ਨਹੀਂ ਹੈ।