ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਦੇਖਦਿਆਂ ਸਕੂਲਾਂ ਦੇ ਛੇਤੀ ਖੁੱਲ੍ਹਣ 'ਤੇ ਖਦਸ਼ੇ ਵਿਚਾਲੇ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੀ ਬਦਲਵਾਂ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸੇ ਤਹਿਤ ਹੁਣ ਉਹ ਘਰ ਬੈਠੇ ਹੀ ਯੋਜਨਾਬੱਧ ਤਰੀਕੇ ਨਾਲ ਪੜ੍ਹਾਈ ਕਰ ਸਕਣਗੇ। ਇਨ੍ਹਾਂ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਦੋਵਾਂ ਦੀ ਹੀ ਸਹੂਲਤ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਮੰਤਰਾਲਾ ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਤੇ ਨੌਵੀਂ ਤੋਂ 10ਵੀਂ ਲਈ ਵੀ ਅਲੱਗ-ਅਲੱਗ ਬਦਲਵੇਂ ਵਿੱਦਿਅਕ ਕੈਲੰਡਰ ਜਾਰੀ ਕਰ ਚੁੱਕਾ ਹੈ।

ਮਨੁੱਖੀ ਵਸੀਲਾ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਬੁੱਧਵਾਰ ਨੂੰ ਐੱਨਸੀਈਆਰਟੀ ਵੱਲੋਂ ਤਿਆਰ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੀ ਬਦਲਵਾਂ ਵਿੱਦਿਅਕ ਕੈਲੰਡਰ ਜਾਰੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਕੈਲੰਡਰ ਜ਼ਰੀਏ ਅਧਿਆਪਕ ਵੱਖ-ਵੱਖ ਤਕਨੀਕਾਂ ਤੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਬੱਚਿਆਂ ਨੂੰ ਮਾਪਿਆਂ ਦੀ ਦੇਖਰੇਖ 'ਚ ਹੀ ਪੜ੍ਹਾ ਸਕਣਗੇ। ਫਿਲਹਾਲ ਇਹ ਕੈਲੰਡਰ ਚਾਰ ਹਫਤਿਆਂ ਦਾ ਹੈ। ਇਸ ਦੇ ਨਾਲ ਹੀ ਇਸ 'ਚ ਦਿਵਿਆਂਗ ਤੇ ਅਜਿਹੇ ਬੱਚਿਆਂ ਦਾ ਵੀ ਖਿਆਲ ਰੱਖਿਆ ਗਿਆ ਹੈ ਜਿਨ੍ਹਾਂ ਕੋਲ ਫਿਲਹਾਲ ਸਮਾਰਟ ਮੋਬਾਈਲ ਫੋਨ ਜਾਂ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਅਜਿਹੇ 'ਚ ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਵਿਦਿਆਰਥੀਆਂ ਨੂੰ ਫੋਨ ਜਾਂ ਐੱਸਐੱਮਐੱਸ ਜ਼ਰੀਏ ਗਾਈਡ ਕਰਨ। ਦੱਸਣਯੋਗ ਹੈ ਕਿ ਇਕ ਤੋਂ 10ਵੀਂ ਤਕ ਲਈ ਇਨ੍ਹਾਂ ਕੈਲੰਡਰਾਂ ਦੇ ਜਾਰੀ ਹੋ ਜਾਣ ਤੋਂ ਬਾਅਦ 11ਵੀਂ ਤੇ 12ਵੀਂ ਲਈ ਵੀ ਇਨ੍ਹਾਂ ਨੂੰ ਛੇਤੀ ਜਾਰੀ ਕਰਨ ਲਈ ਕਾਫ਼ੀ ਮੰਗ ਸੀ।

ਬੱਚਿਆਂ ਨੂੰ ਤਣਾਅ ਮੁਕਤ ਰੱਖਣ ਲਈ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਉਹ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ। ਨਾਲ ਹੀ ਉਨ੍ਹਾਂ ਨੂੰ ਜੀਵਨ ਕੌਸ਼ਲ ਨਾਲ ਵੀ ਜੋੜਨ। ਯਾਨੀ ਉਨ੍ਹਾਂ ਨੂੰ ਪੜ੍ਹਾਈ ਦੌਰਾਨ ਚਾਹ ਬਣਾਉਣਾ, ਸੰਗੀਤ ਸਿਖਾਉਣਾ ਜਾਂ ਕੋਈ ਵਾਦ ਯੰਤਰ ਵਜਾਉਣ ਲਈ ਵੀ ਕਹਿ ਸਕਦੇ ਹਨ। ਕੈਲੰਡਰ 'ਚ ਇਸੇ ਤਰ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਤਣਾਅ ਤੋਂ ਬਚਣ ਦੇ ਨੁਕਤੇ ਦੱਸੇ ਗਏ ਹਨ ਜਿਸ ਵਿਚ ਭਰਪੂਰ ਨੀਂਦ ਲੈਣ, ਸਵੇਰੇ ਛੇਤੀ ਉੱਠਣ, ਯੋਗ-ਧਿਆਨ ਤੇ ਸੰਤੁਲਿਤ ਖਾਣੇ ਵਰਗੇ ਸੁਝਾਅ ਸ਼ਾਮਲ ਹਨ।