ਅਜੋਕਾ ਯੁੱਗ ਮੁਕਾਬਲੇ ਦਾ ਯੁੱਗ ਹੈ। ਮੁਕਾਬਲੇ ਦੇ ਇਸ ਯੁੱਗ ਵਿਚ ਸਫਲਤਾ ਉਹੀ ਪ੍ਰਾਪਤ ਕਰੇਗਾ, ਜੋ ਯੋਜਨਾਬੱਧ ਤਰੀਕੇ ਨਾਲ ਕੰਮ ਕਰੇਗਾ। ਇਸ ਦੀ ਘਾਟ ਕਾਰਨ ਹੀ ਬੇਰੁਜ਼ਗਾਰੀ ਵਿਚ ਵਾਧਾ ਹੋ ਰਿਹਾ ਹੈ। ਕਈ ਖੇਤਰ ਅਜਿਹੇ ਹਨ, ਜਿੱਥੇ ਮਾਹਿਰਾਂ ਦੀ ਘਾਟ ਹੈ ਤੇ ਕਈ ਖੇਤਰ ਅਜਿਹੇ ਹਨ ਜਿੱਥੇ ਅਥਾਹ ਭੀੜ ਬੇਰੁਜ਼ਗਾਰੀ ਦਾ ਰੂਪ ਧਾਰਨ ਕਰੀ ਬੈਠੀ ਹੈ। ਸੋ, ਲੋੜ ਹੈ ਆਪਣੇ ਆਪ ਨੂੰ ਸੁਚੱਜੇ ਬਣਾਉਣ ਦੀ। ਅੱਜ ਦਾ ਯੁੱਗ ਵਿਗਿਆਨ ਤੇ ਤਕਨੀਕ ਦਾ ਯੁੱਗ ਹੈ। ਇਸ ਯੁੱਗ 'ਚ ਪੂਰੀ ਦੁਨੀਆ ਇਕ ਗਲੋਬਲ ਪਿੰਡ ਬਣ ਗਈ ਹੈ। ਸਮੇਂ ਅਤੇ ਸਥਾਨ ਦੀ ਦੂਰੀ ਮਿਟ ਚੁੱਕੀ ਹੈ। ਦੁਨੀਆ ਦੇ ਕਿਸੇ ਵੀ ਕੋਨੇ 'ਚ ਕੁਝ ਵੀ ਵਾਪਰਦਾ ਹੈ ਤਾਂ ਉਹ ਸਕਿੰਟਾਂ 'ਚ ਸਾਡੇ ਤਕ ਪਹੁੰਚ ਜਾਂਦਾ ਹੈ। ਕੰਪਿਊਟਰ, ਮੋਬਾਈਲ, ਇੰਟਰਨੱੈਟ ਆਦਿ ਦਾ ਇਸਤੇਮਾਲ ਅਸੀਂ ਆਪਣੀ ਪੜ੍ਹਾਈ ਲਈ ਕਰ ਸਕਦੇ ਹਾਂ। ਇੰਟਰਨੱੈਟ ਦੀ ਸੁਵਿਧਾ ਦਾ ਸਹੀ ਇਸਤੇਮਾਲ ਆਨਲਾਈਨ ਕਲਾਸਾਂ ਲਗਾ ਕੇ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਕੂਲ ਵਿੱਚੋਂ ਪ੍ਰਾਪਤ ਕੀਤਾ ਗਿਆ ਗਿਆਨ ਵਧੇਰੇ ਪ੍ਰਪੱਕ ਹੋਵੇਗਾ। ਇਸ ਦੇ ਉਲਟ ਮਾੜੇ ਰੁਝਾਨ ਤੋਂ ਵੀ ਬਚਣਾ ਪਵੇਗਾ।

ਅੰਕਾਂ ਦੀ ਦੌੜ ਤਕ ਨਾ ਰਹੋ ਸੀਮਤ

ਇਹ ਵੀ ਵੇਖਣ 'ਚ ਆਇਆ ਹੈ ਕਿ ਮਾਪੇ ਤੇ ਵਿਦਿਆਰਥੀ ਕਿਸੇ ਵੀ ਜਾਇਜ਼ ਜਾਂ ਨਾਜਾਇਜ਼ ਢੰਗ ਨਾਲ ਵੱਧ ਤੋਂ ਵੱਧ ਅੰਕਾਂ ਦੀ ਆਸ ਲਗਾਈ ਰੱਖਦੇ ਹਨ। ਅੰਕਾਂ ਦੀ ਦੌੜ ਤਕ ਸੀਮਤ ਰਹਿਣ ਦੀ ਪ੍ਰਵਿਰਤੀ ਬਹੁਤ ਘਾਤਕ ਹੈ। ਅੱਜ ਦੇ ਯੁੱਗ ਵਿਚ ਅੰਕਾਂ ਨਾਲੋਂ ਗਿਆਨ ਦਾ ਵਧੇਰੇ ਮੁੱਲ ਪਂੈਦਾ ਹੈ। ਕਿਸੇ ਵੀ ਖੇਤਰ (ਦਾਖ਼ਲਾ ਜਾਂ ਨੌਕਰੀ) ਵਿਚ ਜਾਣਾ ਹੋਵੇ, ਦਾਖ਼ਲਾ ਪ੍ਰੀਖਿਆਵਾਂ ਪਾਸ ਕਰਨੀਆਂ ਪੈਂਦੀਆਂ ਹਨ। ਇਹ ਪ੍ਰੀਖਿਆਵਾਂ ਗਿਆਨਵਾਨ ਹੀ ਪਾਸ ਕਰਦੇ ਹਨ। ਮੈਰੀਟੋਰੀਅਸ ਸਕੂਲਾਂ ਲਈ ਦਾਖ਼ਲੇ ਦੀ ਗੱਲ ਕਰੀਏ ਤਾਂ ਵੇਖਣ ਵਿਚ ਆਇਆ ਹੈ ਕਿ ਵੱਧ ਅੰਕਾਂ ਵਾਲੇ ਵਿਦਿਆਰਥੀ ਕਈ ਵਾਰ ਦਾਖ਼ਲਾ ਪ੍ਰੀਖਿਆ ਪਾਸ ਨਹੀਂ ਕਰ ਪਾਉਂਦੇ। ਸੋ, ਗਿਆਨ ਵਧਾਓ, ਅੰਕਾਂ ਦੀ ਦੌੜ ਤੱਕ ਸੀਮਤ ਨਾ ਰਹੋ।

ਕੋਰਸ ਦੀ ਸਹੀ ਚੋਣ

ਕੋਰਸ ਦੀ ਸਹੀ ਚੋਣ ਕਰਨਾ ਵੀ ਬਹੁਤ ਅਹਿਮੀਅਤ ਰੱਖਦਾ ਹੈ। ਵਧੇਰੇ ਵਿਦਿਆਰਥੀ ਆਪਣੇ ਮਾਪਿਆਂ ਤੇ ਦੋਸਤਾਂ ਮਗਰ ਲੱਗ ਕੇ ਗਲਤ ਸਟ੍ਰੀਮ ਦੀ ਚੋਣ ਕਰ ਲਂੈਦੇ ਹਨ, ਜਿਸ ਦਾ ਨਤੀਜਾ ਫੇਲ੍ਹ ਹੋਣਾ ਜਾਂ ਕੋਰਸ ਅੱਧ-ਵਿਚਕਾਰ ਛੱਡਣ ਦੇ ਰੂਪ 'ਚ ਨਿਕਲਦਾ ਹੈ। ਕਈ ਵਾਰ ਤਾਂ ਵਿਦਿਆਰਥੀ ਮਾਨਸਿਕ ਰੂਪ 'ਚ ਪਰੇਸ਼ਾਨ ਰਹਿਣ ਲੱਗ ਪਂੈਦੇ ਹਨ। ਇਸ ਲਈ ਕੋਰਸ ਦੀ ਸਹੀ ਚੋਣ ਕਰਨਾ ਲਾਜ਼ਮੀ ਬਣ ਜਾਂਦਾ ਹੈ। ਕੋਰਸ ਚੁਣਨ ਲਈ ਸਭ ਤੋਂ ਪਹਿਲਾਂ ਆਪਣੀ ਰੁਚੀ

ਪਛਾਣੋ। ਜਿਸ ਖੇਤਰ ਵਿਚ ਤੁਹਾਡੀ ਰੁਚੀ ਹੈ, ਉਸ ਨਾਲ ਸਬੰਧਤ ਕੋਰਸ ਦੀ ਚੋਣ ਕਰੋ। ਉਦਾਹਰਨ ਵਜੋਂ ਜੇ ਕੋਈ ਵਿਦਿਆਰਥੀ ਖੇਡਾਂ 'ਚ ਰੁਚੀ ਰੱਖਦਾ ਹੈ ਤਾਂ ਉਹ ਸਿਹਤ ਤੇ ਸਰੀਰਕ ਸਿੱਖਿਆ ਦਾ ਵਿਸ਼ਾ ਚੁਣ ਸਕਦਾ ਹੈ। ਸਪੋਰਟਸ ਸਕੂਲ ਦੀ ਵੀ ਚੋਣ ਕਰ ਸਕਦਾ ਹੈ। ਆਪਣੀ ਰੁਚੀ ਪਛਾਣਨ ਉਪਰੰਤ ਆਪਣੇ ਅਧਿਆਪਕ ਜਾਂ ਕਿਸੇ ਵੀ ਯੋਗ ਵਿਅਕਤੀ ਕੋਲੋਂ ਅਗਵਾਈ ਪ੍ਰਾਪਤ ਕਰ ਸਕਦੇ ਹੋ ਪਰ ਅਗਵਾਈ ਦਾ ਮਤਲਬ ਅਗਵਾਈਕਰਤਾ ਦੇ ਮਗਰ ਲੱਗਣਾ ਨਹੀਂ ਹੈ, ਸਗੋਂ ਉਸ ਦੁਆਰਾ ਸੁਝਾਏ ਰਾਹਾਂ 'ਚੋਂ ਆਪਣੀ ਰੁਚੀ ਅਨੁਸਾਰ ਚੋਣ ਕਰਨਾ ਹੈ।

ਕਿੱਤਾਮੁਖੀ ਕੋਰਸ

ਤੁਸੀਂ ਵੀ ਕਿੱਤਾਮੁਖੀ ਕੋਰਸਾਂ ਦੀ ਚੋਣ ਆਪਣੀ ਰੁਚੀ ਅਨੁਸਾਰ ਕਰ ਸਕਦੇ ਹੋ। ਅੱਜ ਦੇ ਯੁੱਗ ਵਿਚ ਹੁਨਰ/ਕੌਸ਼ਲ ਦਾ ਬਹੁਤ ਮੁੱਲ ਹੈ। ਆਪਣੇ ਹੁਨਰ ਨੂੰ ਪਛਾਣ ਕੇ ਤੁਸੀਂ ਯੋਗ ਅਗਵਾਈ ਰਾਹੀਂ ਇਸ ਨੂੰ ਵਿਕਸਿਤ ਕਰ ਸਕਦੇ ਹੋ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਸ਼ੁਰੂ ਕੀਤੇ ਗਏ ਕਿੱਤਾਮੁਖੀ ਵਿਸ਼ੇ ਜਿਵਂੇ ਹੈੱਲਥ ਕੇਅਰ, ਰਿਟੇਲ, ਹੋਟਲ ਮੈਨੇਜਮੈਟ, ਬਿਊਟੀ ਪਾਰਲਰ ਆਦਿ ਵੀ ਇਸ ਪ੍ਰਸੰਗ ਵਿਚ ਮਹੱਤਵਪੂਰਨ ਰੋਲ ਨਿਭਾ ਰਹੇ ਹਨ। ਤੁਹਾਨੂੰ ਵੱਧ ਤੋਂ ਵੱਧ ਇਸ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਖੁੱਲ੍ਹੇ ਸੈਂਟਰਾਂ ਦਾ ਲਾਭ ਵੀ ਪ੍ਰਾਪਤ ਕਰਨਾ ਚਾਹੀਦਾ ਹੈ।

ਪੜ੍ਹਾਈ ਨੂੰ ਬੋਝ ਨਾ ਸਮਝੋ

ਆਪਣੀ ਪੜ੍ਹਨ ਦੀ ਸਮਾਂ ਸਾਰਨੀ ਬਣਾਓ। ਰੱਟਾ ਪ੍ਰਵਿਰਤੀ ਦਾ ਤਿਆਗ ਕਰੋ। ਰੱਟਾ ਪ੍ਰਵਿਰਤੀ ਤੁਹਾਡੀ ਪੜ੍ਹਾਈ ਨੂੰ ਬੋਝਲ ਬਣਾਉਂਦੀ ਹੈ ਅਤੇ ਤੁਹਾਡੇ ਦਿਮਾਗ਼ੀ ਵਿਕਾਸ ਵਿਚ ਰੁਕਾਵਟ ਬਣਦੀ ਹੈ। ਕਿਸੇ ਵੀ ਵਿਸ਼ੇ ਨੂੰ ਦਿਲਚਸਪ ਬਣਾਉਣ ਲਈ ਇੰਟਰਨੱੈਟ, ਕਿਤਾਬਾਂ ਵਰਗੇ ਵੱਖ-ਵੱਖ ਸਰੋਤਾਂ ਦੀ ਵਰਤੋਂ ਕਰੋ।

- ਬਾਲਕ੍ਰਿਸ਼ਨ

Posted By: Harjinder Sodhi