ਈ-ਕਾਮਰਸ ਸੰਭਾਵਨਾਵਾਂ ਨਾਲ ਭਰਿਆ ਖੇਤਰ ਹੈ। ਚਾਹੇ ਵਪਾਰੀ ਹੋਵੇ ਜਾਂ ਆਨਲਾਈਨ ਸ਼ਾਪਿੰਗ ਕਰਨ ਵਾਲੇ, ਲੋਕ ਵੱਡੇ ਪੱਧਰ 'ਤੇ ਇਸ ਵੱਲ ਵਧ ਰਹੇ ਹਨ। ਜੇ ਤੁਸੀਂ ਵੀ ਇਸ ਖੇਤਰ 'ਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਇਕ ਸਮਝਦਾਰੀ ਵਾਲਾ ਫ਼ੈਸਲਾ ਹੋਵੇਗਾ...

ਉਹ ਦਿਨ ਹੁਣ ਆ ਚੁੱਕੇ ਹਨ, ਜਦੋਂ ਬਿਹਤਰ ਕਰੀਅਰ ਦੇ ਨਾਂ 'ਤੇ ਨੌਜਵਾਨ ਡਾਕਟਰ ਜਾਂ ਇੰਜੀਨਅਰ ਬਣਨ ਦੀ ਗੱਲ ਕਰਦੇ ਸਨ। ਅੱਜ ਨੌਜਵਾਨ ਸਮੇਂ ਨਾਲ ਹੋਣ ਵਾਲੀਆਂ ਤਬਦੀਲੀਆਂ ਨੂੰ ਅਪਣਾਉਂਦੇ ਹੋਏ ਅੱਗੇ ਵਧਣ 'ਚ ਵਿਸ਼ਵਾਸ ਰੱਖਦੇ ਹਨ। ਇਸ ਡਿਜੀਟਲ ਦੌਰ 'ਚ ਨੌਜਵਾਨ ਈ-ਕਾਮਰਸ ਨੂੰ ਬਿਹਤਰੀਨ ਕਰੀਅਰ ਬਦਲ ਵਜੋਂ ਦੇਖਦੇ ਹਨ। ਜੇ ਤੁਸੀਂ ਵÎੀ ਇਸ ਖੇਤਰ 'ਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਆਪਣੀ ਤਿਆਰੀ ਨੂੰ ਬਿਹਤਰ ਬਣਾ ਸਕਦੇ ਹੋ।

ਸਮਝੋ ਪ੍ਰੋਡਕਟ ਦੀ ਮੰਗ

ਈ-ਕਾਮਰਸ ਬਿਜ਼ਨਸ ਦੀ ਸ਼ੁਰੂਆਤ ਲਈ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ ਤੁਸੀਂ ਕਿਸੇ ਪ੍ਰੋਡਕਟ ਨਾਲ ਇਸ ਖੇਤਰ 'ਚ ਆਉਣਾ ਹੈ। ਅਕਸਰ ਲੋਕ ਮਾਰਕੀਟ ਦੀ ਜ਼ਰੂਰਤ ਨੂੰ ਜਾਣਿਓਂ ਬਗ਼ੈਰ ਹੀ ਇਸ ਖੇਤਰ 'ਚ ਬਿਜ਼ਨਸ ਸ਼ੁਰੂ ਕਰ ਦਿੰਦੇ ਹਨ ਪਰ ਕਦੇ ਇਹ ਗ਼ਲਤੀ ਨਾ ਕਰੋ। ਤੁਸੀਂ ਜਿਸ ਪ੍ਰੋਡਕਟ ਨਾਲ ਈ-ਕਾਮਰਸ ਬਿਜ਼ਨਸ ਕਰਨਾ ਚਾਹੁੰਦੇ ਹੋ, ਉਸ ਸਬੰਧੀ ਮਾਰਕੀਟ ਦੇ ਰੁਝਾਨ 'ਤੇ ਖੋਜ ਕਰੋ। ਇਸ ਕੰਮ 'ਚ ਇੰਟਰਨੈੱਟ ਤੁਹਾਡੀ ਮਦਦ ਕਰ ਸਕਦਾ ਹੈ।

ਮਜ਼ਬੂਤ ਮਾਰਕੀਟਿੰਗ

ਆਪਣੇ ਬਿਜ਼ਨਸ ਨੂੰ ਵਧਾਉਣ ਲਈ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ 'ਤੇ ਜ਼ਿਆਦਾ ਜ਼ੋਰ ਦੇਵੋ। ਇਸ ਲਈ ਈ-ਮੇਲ ਮਾਰਕੀਟਿੰਗ ਦਾ ਇਸਤੇਮਾਲ ਵਧੀਆ ਬਦਲ ਹੈ। ਈ-ਮੇਲ ਮਾਰਕੀਟਿੰਗ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਟੀਵੀ, ਰੇਡੀਓ ਤੇ ਪ੍ਰਿੰਟ ਦੇ ਮੁਕਾਬਲੇ ਕਾਫ਼ੀ ਸਸਤੀ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਸੋਸ਼ਲ ਮੀਡੀਆ ਮਾਰਕੀਟਿੰਗ ਜ਼ਰੀਏ ਵੀ ਆਪਣੇ ਪ੍ਰੋਡਕਟ ਨੂੰ ਵੱਖਰੀ ਪਛਾਣ ਦਿਵਾ ਸਕਦੇ ਹੋ। ਅੱਜ ਸੋਸ਼ਲ ਮੀਡੀਆ ਅਜਿਹਾ ਪਲੈਟਫਾਰਮ ਹੈ, ਜੋ ਕਿਸੇ ਵਪਾਰ ਨੂੰ ਵਧਾਉਣ ਤੇ ਉਸ ਨੂੰ ਵੱਖਰੀ ਪਛਾਣ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਪਲੈਟਫਾਰਮ 'ਤੇ ਗਾਹਕ ਪ੍ਰੋਡਕਟ ਸਬੰਧੀ ਪ੍ਰਸ਼ਨ ਪੁੱਛ ਸਕਦੇ ਹਨ। ਪ੍ਰੋਡਕਟ ਨਾਲ ਦਿੱਤੀਆਂ ਜਾਣ ਵਾਲੀਆਂ ਆਫਰਜ਼ ਬਾਰੇ ਵੀ ਜਾਣਕਾਰੀ ਲਈ ਜਾਂਦੀ ਹੈ ਤੇ ਪ੍ਰੋਡਕਟ ਬਾਰੇ ਆਪਣੀ ਸ਼ਕਾਇਤ ਵੀ ਦਰਜ ਕਰਵਾ ਰਹੇ ਹਨ।

ਆਕਰਸ਼ਕ ਹੋਵੇ ਵੈੱਬਸਾਈਟ

ਪ੍ਰੋਡਕਟ ਬਾਰੇ ਪੂਰਨ ਤੌਰ 'ਤੇ ਫ਼ੈਸਲਾ ਲੈਣ ਤੋਂ ਬਾਅਦ ਤੁਹਾਨੂੰ ਆਨਲਾਈਨ ਵਿਕਰੀ ਲਈ ਪਲੈਟਫਾਰਮ ਤਿਆਰ ਕਰਨਾ ਹੋਵੇਗਾ। ਪ੍ਰੋਡਕਟ ਦੀ ਵਿਕਰੀ ਲਈ ਐਪ ਜਾਂ ਵੈੱਬਸਾਈਟ ਤਿਆਰ ਕਰਦੇ ਸਮੇਂ ਉਸ ਨੂੰ ਆਕਰਸ਼ਿਤ ਬਣਾਉਣ ਦੀ ਕੋਸ਼ਿਸ਼ ਕਰੋ। ਇਸ ਗੱਲ 'ਤੇ ਧਿਆਨ ਦਿਓ ਕਿ ਤੁਹਾਡੀ ਈ-ਕਾਮਰਸ ਵੈੱਬਸਾਈਟ 'ਤੇ ਪਹੁੰਚਣਾ ਗਾਹਕਾਂ ਲਈ ਸੌਖਾ ਹੋਵੇ। ਤੁਸੀਂ ਆਪਣੇ ਪੇਜ 'ਤੇ ਗ੍ਰਾਫਿਕ, ਆਡੀਓ ਤੇ ਵੀਡੀਓ ਦਾ ਇਸਤੇਮਾਲ ਉਦੋਂ ਹੀ ਕਰੋ, ਜਦੋਂ ਉਹ ਤੁਹਾਡੇ ਪ੍ਰੋਡਕਟ ਜਾਂ ਸਰਵਿਸ ਲਈ ਬਹੁਤ ਜ਼ਰੂਰੀ ਹੋਵੇ। ਕਿਸੇ ਪ੍ਰੋਡਕਟ ਨੂੰ ਖਰੀਦਣ ਦੀ ਪ੍ਰੀਕਿਰਿਆ ਸੌਖੀ ਰੱਖੋ ਤਾਂ ਕਿ ਘੱਟ ਤੋਂ ਘੱਟ ਕਲਿੱਕ ਕਰ ਕੇ ਯੂਜ਼ਰ ਪ੍ਰੋਡਕਟ ਖ਼ਰੀਦ ਸਕੇ।

ਖ਼ਪਤਕਾਰ ਦਾ ਭਰੋਸਾ

ਈ-ਕਾਮਰਸ 'ਚ ਕਦਮ ਰੱਖਣ ਵਾਲੇ ਜ਼ਿਆਦਾਤਰ ਲੋਕ ਇਸ ਗੱਲ 'ਤੇ ਜ਼ੋਰ ਨਹੀਂ ਦਿੰਦੇ ਕਿ ਮੁਕਾਬਲੇ ਦੇ ਇਸ ਦੌਰ 'ਚ ਆਪਣੇ ਵਪਾਰ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਆਪਣੇ ਖ਼ਪਤਕਾਰਾਂ ਦਾ ਵਿਸ਼ਵਾਸ ਬਣਾ ਕੇ ਰੱਖਣਾ ਪਵੇਗਾ। ਇਸ ਲਈ ਗਾਹਕ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ। ਗਾਹਕ ਦੀ ਸਮੱਸਿਆ ਚਾਹੇ ਪ੍ਰੋਡਕਟ ਦੇ ਦੇਰੀ ਨਾਲ ਮਿਲਣ ਬਾਰੇ ਹੋਵੇ ਜਾਂ ਪ੍ਰੋਡਕਟ ਖ਼ਰਾਬ ਹੋਣ ਬਾਰੇ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਈ-ਮੇਲ, ਚੈਟ ਜਾਂ ਫਿਰ ਹੈਲਪ ਲਾਈਨ ਨੰਬਰ ਜ਼ਰੀਏ ਖ਼ੁਦ ਤਕ ਪਹੁੰਚਣ ਦੀ ਪ੍ਰੀਕਿਰਿਆ ਨੂੰ ਆਸਾਨ ਬਣਾਓ। ਜਿੰਨਾ ਹੋ ਸਕੇ, ਗਾਹਕ ਦੀਆਂ ਸ਼ਿਕਾਇਤਾਂ ਨੂੰ ਸਹਿਜ ਢੰਗ ਨਾਲ ਸੁਣੋ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਪ੍ਰਤੀ ਗਾਹਕ ਦਾ ਵਿਸ਼ਵਾਸ ਜਿੰਨਾ ਜ਼ਿਆਦਾ ਹੋਵੇਗਾ, ਤੁਹਾਡੇ ਵਪਾਰ ਨੂੰ ਓਨਾ ਹੀ ਫ਼ਾਇਦਾ ਮਿਲੇਗਾ।

ਡਿਸਕਾਊਂਟ ਆਫ਼ਰ

ਗਾਹਕ ਨੂੰ ਖ਼ੁਦ ਨਾਲ ਜੋੜ ਕੇ ਰੱਖਣ ਲਈ ਤੁਸੀਂ ਉਨ੍ਹਾਂ ਨੂੰ ਕੈਸ਼ ਬੈਕ ਜਾਂ ਡਿਸਕਾਊਂਟ ਵਰਗੀਆਂ ਪੇਸ਼ਕਸ਼ ਦੇ ਸਕਦੇ ਹੋ। ਸਮੇਂ-ਸਮੇਂ 'ਤੇ ਦਿੱਤੀਆਂ ਜਾਣ ਵਾਲੀਆਂ ਇਨ੍ਹਾਂ ਆਫ਼ਰਜ਼ ਨਾਲ ਤੁਹਾਡੀ ਸੇਲ ਵਧੇਗੀ, ਨਾਲ ਹੀ ਤੁਹਾਡੇ ਪੋਰਟਲ ਨੂੰ ਵੀ ਵਧੀਆ ਟ੍ਰੈਫ਼ਿਕ ਮਿਲੇਗਾ।

Posted By: Harjinder Sodhi