ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਵੀ ਹੁਣ ਰੱਦ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਜੋ ਯੂਨੀਵਰਸਿਟੀਆਂ ਤੇ ਕਾਲਜ ਆਨਲਾਈਨ ਜਾਂ ਫਿਰ ਘਰ ਬੈਠਿਆਂ ਦੀ ਵਿਦਿਆਰਥੀਆਂ ਤੋਂ ਓਪਨ ਬੁੱਕ ਵਰਗੇ ਤਰੀਕੇ ਨਾਲ ਪ੍ਰੀਖਿਆਵਾਂ ਕਰਵਾਉਣ ਵਿਚ ਸਮਰੱਥ ਹੋਣਗੇ ਉਨ੍ਹਾਂ ਨੂੰ ਇਸ ਸਬੰਧੀ ਛੋਟ ਵੀ ਮਿਲੇਗੀ। ਉਂਜ ਤਾਂ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਆਦਾਤਰ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਪ੍ਰੀਖਿਆਵਾਂ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਨਾਲ ਹੀ ਇਸ ਦੀ ਰਿਪੋਰਟ ਵੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੇ ਯੂਜੀਸੀ ਦੋਵਾਂ ਨੂੰ ਦੇ ਦਿੱਤੀ ਹੈ। ਮੌਜੂਦਾ ਸਮੇਂ ਵਿਚ ਦੇਸ਼ ਵਿਚ ਕਰੀਬ ਇਕ ਹਜ਼ਾਰ ਯੂਨੀਵਰਸਿਟੀਆਂ ਤੇ 45 ਹਜ਼ਾਰ ਤੋਂ ਜ਼ਿਆਦਾ ਕਾਲਜ ਹਨ।

ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਇਸ ਤੋਂ ਪਹਿਲਾਂ ਸੀਬੀਐੱਸਈ ਤੇ ਆਈਸੀਐੱਸਈ ਦੀ ਦਸਵੀਂ ਤੇ 12ਵੀਂ ਦੀਆਂ ਲੰਬਿਤ ਪ੍ਰੀਖਿਆਵਾਂ ਰੱਦ ਕਰ ਚੁੱਕਾ ਹੈ ਜੋ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਦੇ ਨਾਲ ਹੀ ਪਹਿਲੀ ਤੋਂ 15 ਜੁਲਾਈ ਦਰਮਿਆਨ ਤਜਵੀਜ਼ਸ਼ੁਦਾ ਸਨ। ਫਿਲਹਾਲ ਕੋਰੋਨਾ ਇਨਫੈਕਸ਼ਨ ਦੇ ਖ਼ਤਰੇ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਵੀ ਇਨ੍ਹਾਂ ਪ੍ਰਰੀਖਿਆਵਾਂ ਨੂੰ ਰੋਕਿਆ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਯੂਜੀਸੀ ਇਨ੍ਹਾਂ ਪ੍ਰਰੀਖਿਆਵਾਂ ਨੂੰ ਲੈ ਕੇ ਅਗਲੇ ਇਕ ਦੋ-ਦਿਨਾਂ ਵਿਚ ਹੀ ਫ਼ੈਸਲਾ ਲੈ ਲਵੇਗੀ। ਉਂਜ ਵੀ ਅਨਲਾਕ-2 'ਚ ਸਿੱਖਿਆ ਸੰਸਥਾਵਾਂ ਨੂੰ 31 ਜੁਲਾਈ ਤਕ ਬੰਦ ਰੱਖਣ ਦੇ ਫ਼ੈਸਲੇ ਦੇ ਚੱਲਦਿਆਂ ਜੁਲਾਈ ਵਿਚ ਇਨ੍ਹਾਂ ਪ੍ਰਰੀਖਿਆਵਾਂ ਦਾ ਹੋ ਸਕਣਾ ਸੰਭਵ ਨਹੀਂ ਹੈ।

ਇਸ ਦਰਮਿਆਨ ਇਨ੍ਹਾਂ ਸਾਰੀਆਂ ਉਲਝਣਾਂ ਨਾਲ ਨਿਪਟਣ ਲਈ ਯੂਜੀਸੀ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਨਿਰਦੇਸ਼ 'ਤੇ ਹਰਿਆਣਾ ਯੂਨੀਵਰਸਿਟੀ ਦੇ ਵੀਸੀ ਪ੍ਰੋਫੈਸਰ ਕੇਸੀ ਕੁਹਾੜ ਦੀ ਅਗਵਾਈ ਹੇਠ ਇਕ ਉੱਚ-ਪੱਧਰੀ ਕਮੇਟੀ ਗਠਿਤ ਕੀਤੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਕਮੇਟੀ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਜਿਸ ਵਿਚ ਪ੍ਰਰੀਖਿਆਵਾਂ ਸਮੇਤ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦੇ ਤਰੀਕੇ ਤੇ ਨਵੇਂ ਵਿਦਿਅਕ ਸੈਸ਼ਨ ਸਬੰਧੀ ਪੂਰੇ ਦਿਸ਼ਾ-ਨਿਰਦੇਸ਼ ਹਨ। ਸੂਤਰਾਂ ਦੀ ਮੰਨੀਏ ਤਾਂ ਕਮੇਟੀ ਨੇ ਲੰਬਿਤ ਪ੍ਰਰੀਖਿਆਵਾਂ ਦੇ ਹੱਦ ਕਰਨ ਨੂੰ ਹੀ ਬਿਹਤਰ ਬਦਲ ਦੱਸਿਆ ਹੈ। ਨਾਲ ਹੀ ਕਿਹਾ ਕਿ ਪ੍ਰੀਖਿਆਵਾਂ ਨੂੰ ਹੋਰ ਅੱਗੇ ਟਾਲ਼ਣ ਨਾਲ ਨਵੇਂ ਵਿਦਿਅਕ ਸੈਸ਼ਨ ਨੂੰ ਸ਼ੁਰੂ ਕਰਨ ਵਿਚ ਦੇਰ ਹੋਵੇਗੀ। ਫਿਲਹਾਲ ਨਵੇਂ ਵਿਦਿਅਕ ਸੈਸ਼ਨ ਨੂੰ ਪਹਿਲੀ ਸਤੰਬਰ ਤੋਂ ਸ਼ੁਰੂ ਕਰਨ ਦੀ ਤਜਵੀਜ਼ ਹੈ। ਹਾਲਾਂਕਿ ਇਸ 'ਤੇ ਅੰਤਿਮ ਫ਼ੈਸਲਾ ਯੂਜੀਸੀ ਬੋਰਡ ਨੇ ਕਰਨਾ ਹੈ। ਸੂਤਰਾਂ ਮੁਤਾਬਕ ਯੂਜੀਸੀ ਅਗਲੇ ਇਕ-ਦੋ ਦਿਨਾਂ 'ਚ ਜਾਰੀ ਹੋਣ ਵਾਲੇ ਆਪਣੇ ਸੋਧੇ ਦਿਸ਼ਾ-ਨਿਰਦੇਸ਼ 'ਚ ਰੱਦ ਹੋਣ ਵਾਲੀਆਂ ਪ੍ਰਰੀਖਿਆਵਾਂ ਦੇ ਪ੍ਰਮੋਟ ਕਰਨ ਦਾ ਫਾਰਮੂਲਾ ਵੀ ਪੇਸ਼ ਕਰੇਗਾ। ਇਸ ਵਿਚ ਪਿਛਲੇ ਸਮੈਸਟਰ ਦੇ ਔਸਤ ਦੇ ਆਧਾਰ 'ਤੇ ਅੰਕ ਪ੍ਰਦਾਨ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਬਾਅਦ 'ਚ ਅੰਕ ਸੁਧਾਰ ਲਈ ਪ੍ਰਰੀਖਿਆ ਦੇਣ ਦਾ ਬਦਲ ਵੀ ਦਿੱਤਾ ਜਾਵੇਗਾ। ਯੂਜੀਸੀ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਤੇ ਨਵੇਂ ਵਿਦਿਅਕ ਸੈਸ਼ਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਚੁੱਕਾ ਹੈ।