QS World Subject Ranking : ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤੀ ਉੱਚ ਵਿਦਿਅਕ ਸੰਸਥਾਨਾਂ ਦੀ ਧਾਕ ਹੁਣ ਦੁਨੀਆ ’ਚ ਦਿਸਣ ਲੱਗੀ ਹੈ। ਕਿਊਐੱਸ ਦੀ ਵਿਸ਼ੇਵਾਰ ਦਰਜਾਬੰਦੀ ’ਚ ਦੇਸ਼ ਦੇ 12 ਉੱਚ ਵਿਦਿਅਕ ਸੰਸਥਾਨਾਂ ਨੇ 14 ਵਿਸ਼ਿਆਂ ’ਚ ਦੁਨੀਆ ਦੇ ਸਿਖਰਲੇ 100 ਸੰਸਥਾਨਾਂ ’ਚ ਜਗ੍ਹਾ ਬਣਾਈ ਹੈ। ਇਨ੍ਹਾਂ ਵਿਚ ਆਈਆਈਟੀ ਬੰਬੇ, ਆਈਆਈਟੀ ਮਦਰਾਸ, ਆਈਆਈਟੀ ਦਿੱਲੀ, ਜੇਐੱਨਯੂ ਤੇ ਦਿੱਲੀ ਯੂਨੀਵਰਸਿਟੀ ਵਰਗੇ ਮੁੱਖ ਸੰਸਥਾਨ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਆਈਆਈਟੀ ਬੰਬੇ ਨੇ ਸੱਤ ਵਿਸ਼ਿਆਂ ਨਾਲ ਸਿਖਰਲੇ 100 ਸੰਸਥਾਨਾਂ ’ਚ ਜਗ੍ਹਾ ਬਣਾਈ ਹੈ ਜਦਕਿ ਆਈਆਈਟੀ ਦਿੱਲੀ ਨੇ ਚਾਰ ਵਿਸ਼ਿਆਂ, ਜੇਐੱਨਯੂ ਨੇ ਇਕ ਤੇ ਦਿੱਲੀ ਯੂਨੀਵਰਸਿਟੀ ਨੇ ਵੀ ਇਕ ਵਿਸ਼ੇ ਨਾਲ ਇਹ ਸਥਾਨ ਹਾਸਲ ਕੀਤਾ ਹੈ। ਪੂਰੀ ਦੁਨੀਆ ’ਚ ਉੱਚ ਵਿਦਿਅਕ ਸੰਸਥਾਨਾਂ ਦੀ ਗੁਣਵੱਤਾ ਨੂੰ ਪਰਖਣ ਲਈ ਕਿਊਐੱਸ ਰੈਂਕਿੰਗ ਨੇ ਵੀਰਵਾਰ ਨੂੰ ਲੰਡਨ ’ਚ ਸਾਲ 2021 ਨੂੰ ਲੈ ਕੇ ਇਹ ਵਿਸ਼ੇਵਾਰ ਦਰਜਾਬੰਦੀ ਜਾਰੀ ਕੀਤੀ। ਇਸ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਾਰਿਆਲ ਨਿਸ਼ੰਕ ਵੀ ਵਰਚੁਅਲੀ ਜੁੜੇ ਤੇ ਭਾਰਤੀ ਸੰਸਥਾਨਾਂ ਦੀ ਸਿਖਰਲੀ ਦਰਜਾਬੰਦੀ ’ਚ ਜਗ੍ਹਾ ਬਣਾਉਣ ਨੂੰ ਲੈ ਕੇ ਖੁਸ਼ੀ ਪ੍ਰਗਟਾਈ। ਨਾਲ ਹੀ ਨਵੀਂ ਕੌਮੀ ਸਿੱਖਿਆ ਨੀਤੀ ਦੇ ਅਮਲ ਤੋਂ ਬਾਅਦ ਇਨ੍ਹਾਂ ਵਿਚ ਹੋਰ ਸੁਧਾਰ ਆਉਣ ਦੀ ਉਮੀਦ ਵੀ ਪ੍ਰਗਟਾਈ, ਉੱਥੇ ਹੀ ਕਿਊਐੱਸ ਦਰਜਾਬੰਦੀ ਤਿਆਰ ਕਰਨ ਵਾਲੀ ਸੰਸਥਾ ਨੇ ਵੀ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਇਨ੍ਹਾਂ ’ਚ ਹੋਰ ਸੁਧਾਰ ਦਿਸਣਗੇ। ਨਾਲ ਹੀ ਸਾਲ 2035 ਤਕ ਉੱਚ ਸਿੱਖਿਆ ਦੇ ਸਮੁੱਚੇ ਦਾਖ਼ਲੇ ਅਨੁਪਾਤ ਨੂੰ ਵਧਾ ਕੇ 50 ਫ਼ੀਸਦੀ ਤਕ ਪਹੁੰਚਾਉਣ ਦਾ ਟੀਚਾ ਵੀ ਪੂਰਾ ਹੋਵੇਗੀ।

ਕਿਊਐੱਸ ਰੈਂਕਿੰਗ ਦੀ ਵਿਸ਼ਾਵਾਰ ਦਰਜਾਬੰਦੀ ਦੇ ਸਿਖਰਲੇ 100 ’ਚ ਜਿਨ੍ਹਾਂ ਪੂਰੀ ਦਰਜਨ ਉੱਚ ਵਿਦਿਅਕ ਸੰਸਥਾਨਾਂ ਨੇ ਜਗ੍ਹਾ ਬਣਾਈ ਹੈ, ਉਨ੍ਹਾਂ ਵਿਚ ਆਈਆਈਟੀ ਬੰਬੇ, ਆਈਆਈਟੀ ਦਿੱਲੀ, ਆਈਆਈਟੀ ਮਦਰਾਸ, ਆਈਆਈਟੀ ਖੜਗਪੁਰ, ਆਈਆਈਐੱਸਸੀ ਬੈਂਗਲੁਰੂ, ਆਈਆਈਟੀ ਗੁਹਾਟੀ, ਆਈਆਈਐੱਮ ਬੈਂਗਲੁਰੂ, ਆਈਆਈਐੱਮ ਅਹਿਮਦਾਬਾਦ, ਜੇਐੱਨਯੂ, ਅੰਨਾ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਤੇ ਓਪੀ ਜਿੰਦਲ ਯੂਨੀਵਰਸਿਟੀ ਸ਼ਾਮਲ ਹਨ। ਇਨ੍ਹਾਂ ਸੰਸਥਾਨਾਂ ਨੇ ਜਿਨ੍ਹਾਂ ਵਿਸ਼ਿਆਂ ਨਾਲ ਸਿਖਰਲੇ 100 ਸੰਸਥਾਨਾਂ ’ਚ ਜਗ੍ਹਾ ਬਣਾਈ ਹੈ, ਉਨ੍ਹਾਂ ’ਚ ਪੈਟ੍ਰੋਲੀਅਮ ਇੰਜੀਨੀਅਰਿੰਗ, ਮਿਨਰਲਜ਼ ਐਂਡ ਮਾਈਨਿੰਗ ਇੰਜੀਨੀਅਰਿੰਗ, ਡਿਵੈੱਲਪਮੈਂਟ ਸਟੱਡੀਜ਼, ਐਂਥ੍ਰੋਪੋਲਾਜੀ, ਲਾਅ ਤੇ ਕੈਮਿਸਟਰੀ ਵਰਗੇ ਵਿਸ਼ੇ ਸ਼ਾਮਲ ਹਨ। ਇਸ ਦਰਜਾਬੰਦੀ ’ਚ ਚਾਰ ਸੰਸਥਾਨਾਂ ਨੇ ਸਿਖਰਲੇ 10 ਸੰਸਥਾਨਾਂ ’ਚ ਵੀ ਜਗ੍ਹਾ ਬਣਾਈ ਹੈ। ਆਈਆਈਟੀ ਮਦਰਾਸ ਪੈਟ੍ਰੋਲੀਅਮ ਇੰਜੀਨੀਅਰਿੰਗ ’ਚ ਦੁਨੀਆ ’ਚ 30ਵੇਂ ਸਥਾਨ ’ਤੇ ਹੈ, ਜਦਕਿ ਆਈਆਈਟੀ ਬੰਬੇ ਨੇ ਮਿਨਰਲਜ਼ ਤੇ ਮਾਈਨਿੰਗ ਇੰਜੀਨੀਅਰਿੰਗ ’ਚ 41ਵਾਂ ਸਥਾਨ ਹਾਸਲ ਕੀਤਾ ਹੈ। ਦਿੱਲੀ ਯੂਨੀਵਰਸਿਟੀ ਨੇ ਡਿਵੈੱਲਪਮੈਂਟ ਸਟੱਡੀਜ਼ ਵਿਸ਼ੇ ’ਚ ਦੁਨੀਆ ’ਚ 50ਵਾਂ ਸਥਾਨ ਹਾਸਲ ਕੀਤਾ ਹੈ।

ਕਾਬਿਲੇਗ਼ੌਰ ਹੈ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਦਰਜਾਬੰਦੀ ਨੇ ਵਿਦਿਅਕ ਸਾਖ, ਮਾਲਕ ਦੀ ਸਾਖ, ਖੋਜ ਤੇ ਐੱਚ-ਇੰਡੈਕਸ ਸਮੇਤ ਚਾਰ ਮੁੱਖ ਮਾਪਦੰਡਾਂ ’ਤੇ ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ ਹੈ। ਐੱਚ-ਇੰਡੈਕਸ ਵਿਦਵਾਨਾਂ ਦੇ ਪ੍ਰਕਾਸ਼ਿਤ ਕੰਮਾਂ ਦੀ ਉਤਪਾਦਕਤਾ ਤੇ ਪ੍ਰਭਾਵ ਦੋਵਾਂ ਨੂੰ ਮਾਪਣ ਦਾ ਇਕ ਤਰੀਕਾ ਹੈ।

Posted By: Seema Anand