Punjab Pre-Primary Teacher Recruitment 2021 : ਪ੍ਰੀ ਪ੍ਰਾਇਮਰੀ ਟੀਚਰ ਭਰਤੀ ਦੀ ਤਿਆਰੀ ਲਈ ਲੱਗੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ ਹੈ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ ਟੀਚਰਾਂ ਦੀਆਂ 8393 ਆਸਾਮੀਆਂ ’ਤੇ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਮੁੜ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2021 ਲਈ ਚਾਹਵਾਨ ਉਮੀਦਵਾਰ ਹੁਣ 11 ਅਕਤੂਬਰ 2021 ਤਕ ਅਪਲਾਈ ਕਰ ਸਕਦੇ ਹਨ। ਵਿਭਾਗ ਵੱਲੋਂ ਪੰਜਾਬ ਪ੍ਰੀ-ਪ੍ਰਾਇਮਰੀ ਟੀਚਰ ਭਰਤੀ ਨੋਟੀਫਿਕੇਸ਼ਨ ਨੰਬਰ 2020299562 23 ਨਵੰਬਰ 2020 ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਭਰਤੀ ਨੂੰ ਰੱਦ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਵੀ ਇਨ੍ਹਾਂ ਅਸਾਮੀਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਸਕੂਲਾਂ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਗਿਆ। ਕੱਚੇ ਅਧਿਆਪਕ ਯੂਨੀਅਨ ਦੇ ਸੰਘਰਸ਼ ਅੱਗੇ ਝੁਕਦਿਆਂ ਸਰਕਾਰ ਨੇ ਇਨ੍ਹਾਂ ਅਸਾਮੀਆਂ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਗਈ। ਇਸ ਤੋਂ ਬਾਅਦ ਮੰਗੀਆਂ ਗਈਆਂ ਅਸਾਮੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਹੁਣ ਸਿੱਖਿਆ ਵਿਭਾਗ ਵੱਲੋਂ ਮੜ 8393 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।

ਜਾਣੋ ਯੋਗਤਾ ਦੇ ਮਾਪਦੰਡ

ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਘੱਟੋ ਘੱਟ 45 ਫੀਸਦ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ ਨਰਸਰੀ ਟੀਚਰ ਐਜੂਕੇਸ਼ਨ ਦਾ ਡਿਪਲੋਮਾ ਪਾਸ ਕੀਤਾ ਹੋਵੇ। ਉਮੀਦਵਾਰ ਨੇ ਦਸਵੀਂ ਤਕ ਪੰਜਾਬੀ ਪੜ੍ਹੀ ਹੋਵੇ। ਉਮੀਦਵਾਰਾਂ ਦੀ ਉਮਰ 1 ਦਸੰਬਰ 2020 ਨੂੰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵਾਂਕਰਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਤਹਿਤ ਛੋਟ ਹੈ।

ਅਪਲਾਈ ਕਰਨ ਦੀ ਪ੍ਰਕਿਰਿਆ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀ ਪ੍ਰਾਇਮਰੀ ਟੀਚਰ ਭਰਤੀ ਦੀ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ। ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਆਫੀਸ਼ੀਅਲ ਵੈਬਸਾਈਟ educationrecruitmentboard.com ’ਤੇ ਉਪਲਬਧ ਕਰਾਏ ਗਏ ਜਾਂ ਦਿੱਤੇ ਗਏ ਲਿੰਕ ’ਤੇ ਕਲਿੱਕ ਕਰਕੇ ਐਪਲੀਕੇਸ਼ਨ ਫਾਰਮ ਵਾਲੇ ਪੇਜ ’ਤੇ ਜਾਣ। ਮੰਗੀ ਗਈ ਜਾਣਕਾਰੀ ਭਰ ਕੇ ਆਪਣਾ ਰਜਿਸਟ੍ਰੇਸ਼ਨ ਕਰਵਾ ਲੈਣ।

ਇਸ ਤੋਂ ਬਾਅਦ ਦਿੱਤੇ ਗਏ ਰਜਿਸਟੇ੍ਰਸ਼ਨ ਨੰਬਰ ਅਤੇ ਪਾਸਵਰਡ ਜ਼ਰੀਏ ਲਾਗਇਨ ਕਰਕੇ ਉਮੀਦਵਾਰ ਆਪਣਾ ਐਪਲੀਕੇਸ਼ਨ ਸਬਮਿਟ ਕਰ ਸਕਣਗੇ। ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਆਨਲਾਈਨ ਅਪਲਾਈ ਕਰਨ ਦੀ ਫੀਸ 1000 ਰੁਪਏ ਹੈ। ਰਾਖਵਾਂਕਰਨ ਵਾਲੇ ਵਰਗਾਂ ਲਈ ਫੀਸ 500 ਰੁਪਏ ਹੈੈ। ਇਸ ਦਾ ਭੁਗਤਾਨ ਆਨਲਾਈਨ ਹੀ ਕਰਨਾ ਹੋਵੇਗਾ।

Posted By: Tejinder Thind