ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਲਏ ਫ਼ੈਸਲੇ ਅਨੁਸਾਰ 25 ਸਤੰਬਰ ਨੂੰ ਹੋ ਰਹੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਹੁਣ 14 ਅਕਤੂਬਰ ਨੂੰ ਪਹਿਲਾਂ ਨਿਰਧਾਰਿਤ ਸਮੇਂ ਅਨੁਸਾਰ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਟਰੋਲਰ ਪ੍ਰੀਖਿਆਵਾਂ ਡਾ. ਜੇਆਈਐੱਸ ਖੱਟੜਾ ਨੇ ਦੱਸਿਆ ਕਿ ਬਹੁਤ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ, ਪ੍ਰਾਈਵੇਟ ਕਾਲਜਾਂ ਦੀਆਂ ਐਸੋਸੋਈਸ਼ਨ ਦੇ ਨੁਮਾਇੰਦੇ ਤੇੇ ਵਿਦਿਆਰਥੀਆਂ ਨੇ ਧਿਆਨ 'ਚ ਲਿਆਂਦਾ ਸੀ ਕਿ 25 ਸਤੰਬਰ 2020 ਨੂੰ ਪੰਜਾਬ ਬੰਦ ਦੇ ਮੱਦੇਨਜ਼ਰ ਇਸ ਦਿਨ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਜਾ ਰਹੀ ਪ੍ਰੀਖਿਆ ਸਬੰਧੀ ਕਾਲਜ ਦੇ ਸਟਾਫ ਨੂੰ ਪੇਪਰ ਕੰਡਕਟ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਵਿਚ ਮੁਸ਼ਕਲਾਂ ਆ ਸਕਦੀਆਂ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਵੱਲੋਂ ਲਏ ਫ਼ੈਸਲੇ ਅਨੁਸਾਰ ਹੁਣ 25 ਸਤੰਬਰ 2020 ਨੂੰ ਹੋਣ ਵਾਲੀ ਪ੍ਰੀਖਿਆ 14 ਅਕਤੂਬਰ, 2020 ਨੂੰ ਪਹਿਲਾਂ ਨਿਰਧਾਰਿਤ ਸਮੇਂ ਅਨੁਸਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਯੂਪੀਐੱਸਸੀ ਨਵੀਂ ਦਿੱਲੀ ਵੱਲੋਂ 4 ਅਕਤੂਬਰ 2020 ਨੂੰ ਇਕ ਮੁਕਾਬਲਾ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ 4 ਅਕਤੂਬਰ 2020 ਨੂੰ ਹੋਣ ਵਾਲੀ ਪ੍ਰੀਖਿਆ ਵੀ ਮੁਲਤਵੀ ਕੀਤੀ ਗਈ ਹੈ ਅਤੇ ਹੁਣ 4 ਅਕਤੂਬਰ 2020 ਨੂੰ ਹੋਣ ਵਾਲੀ ਪ੍ਰੀਖਿਆ 13 ਅਕਤੂਬਰ 2020 ਨੂੰ ਹੋਵੇਗੀ। ਸੋਧਿਤ ਡੇਟ-ਸ਼ੀਟਸ ਯੂਨੀਵਰਸਿਟੀ ਵੈੱਬਸਾਈਟ 'ਤੇ ਜਲਦੀ ਹੀ ਅਪਲੋਡ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਵੀ ਧਿਆਨ ਵਿਚ ਆਇਆ ਹੈ ਕਿ ਯੂਨੀਵਰਸਿਟੀ ਵੱਲੋਂ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ ਯੂਜੀਸੀ ਨੈੱਟ ਪ੍ਰੀਖਿਆ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਜਾਰੀ ਹੋਈਆਂ ਡੇਟ-ਸ਼ੀਟਸ ਦੇ ਕੁਝ ਪੇਪਰਾਂ ਵਿਚ ਪ੍ਰੀਖਿਆ ਸੈਸ਼ਨ ਦੇ ਸਮੇਂ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ ਜਿਸ ਬਾਰੇ ਆਉਣ ਵਾਲੇ ਸਮੇਂ ਵਿਚ ਨੋਟੀਫਾਈ ਕਰ ਦਿੱਤਾ ਜਾਵੇਗਾ।