ਨਵਦੀਪ ਢੀਂਗਰਾ, ਪਟਿਆਲਾ : ਖੋਜਾਰਥੀਆਂ ਲਈ ਪੰਜਾਬੀ ਯੂਨੀਵਰਸਿਟੀ ਦੇ ਦਰਵਾਜ਼ੇ ਪਹਿਲੀ ਅਕਤੂਬਰ ਤੋਂ ਖੁੱਲ੍ਹਣ ਜਾ ਰਹੇ ਹਨ। ਯੂਨੀਵਰਸਿਟੀ ਅਥਾਰਟੀ ਨੇ ਖੋਜਾਰਥੀਆਂ ਨੂੰ ਕੋਵਿਡ-19 ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਲਾਇਬ੍ਰੇਰੀ ਦੇ ਨਾਲ-ਨਾਲ ਹੋਸਟਲ ਸੁਵਿਧਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਡੀਨ ਅਕਾਦਮਿਕ ਵੱਲੋਂ ਲਿਖਤੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ ਪੱਤਰ ਅਨੁਸਾਰ ਐੱਮ ਫਿਲ ਤੇ ਪੀਐੱਚਡੀ ਦੇ ਰਿਸਰਚ ਸਕਾਲਰਜ਼ ਜੋ ਆਪਣਾ ਖੋਜ ਦਾ ਕੰਮ ਕਰਨਾ ਚਾਹੁੰਦੇ ਹਨ, ਉਹ ਇਕ ਅਕਤੂਬਰ ਤੋਂ ਖੋਜ ਦਾ ਕੰਮ ਕਰਨ ਲਈ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਆਪਣਾ ਖੋਜ ਦਾ ਕੰਮ ਸ਼ੁਰੂ ਕਰ ਸਕਦੇ ਹਨ।

ਇਨ੍ਹਾਂ ਖੋਜਾਰਥੀਆਂ ਨੂੰ ਪਹਿਲੀ ਅਕਤੂਬਰ ਤੋਂ ਹੋਸਟਲ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹੋਸਟਲ ਪ੍ਰਸ਼ਾਸਨ ਯੂਨੀਵਰਸਿਟੀ ਦੇ ਵੱਖ-ਵੱਖ ਦਫ਼ਤਰਾਂ ਦੇ ਸਹਿਯੋਗ ਨਾਲ ਹੋਸਟਲਾਂ ਦੀ ਸਾਫ਼ ਸਫ਼ਾਈ ਤੇ ਮੈੱਸ ਦੀਆਂ ਸੁਵਿਧਾਵਾਂ ਆਦਿ ਦੇਣ ਬਾਰੇ ਲੋੜੀਂਦੀ ਕਾਰਵਾਈ ਕਰੇਗਾ। ਯੂਨੀਵਰਸਿਟੀ ਮੇਨ ਲਾਇਬ੍ਰੇਰੀ ਦੁਆਰਾ ਖੋਜਾਰਥੀਆਂ ਨੂੰ ਕਿਤਾਬਾਂ ਜਾਰੀ ਤੇ ਵਾਪਸ ਕਰਨ, ਲਾਇਬ੍ਰੇਰੀ ਵਿਚ ਬੈਠ ਕੇ ਥੀਸਿਜ਼ ਕੰਸਲਟੇਸ਼ਨ ਤੇ ਖੋਜ ਸਮੱਗਰੀ ਆਦਿ ਸਬੰਧੀ ਇਕ ਪ੍ਰਕਿਰਿਆ ਤਹਿਤ ਲਾਇਬ੍ਰੇਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਖੋਜਾਰਥੀਆਂ ਨੂੰ ਹੋਸਟਲ ਮੁਹੱਈਆ ਕਰਵਾਉਣ ਲਈ ਯੂਨੀਵਰਸਿਟੀ ਦੁਆਰਾ ਪੰਜਾਬ ਸਰਕਾਰ ਨੂੰ ਸੇਧ ਹਿੱਤ ਲਿਖਿਆ ਜਾਵੇਗਾ। ਨਾਲ ਹੀ 'ਵਰਸਿਟੀ ਅਥਾਰਟੀ ਨੇ ਸ਼ਪਸ਼ਟ ਕੀਤਾ ਹੈ ਕਿ ਖੋਜਾਰਥੀਆਂ ਵੱਲੋਂ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੋਵਿਡ-19 ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਲਾਜ਼ਮੀ ਬਣਾਇਆ ਜਾਵੇਗਾ। ਹਰ ਖੋਜਾਰਥੀ ਨੂੰ ਮਾਸਕ ਪਾਉਣਾ, ਥੋੜ੍ਹੇ ਥੋੜ੍ਹੇ ਸਮੇਂ 'ਤੇ ਹੱਥਾਂ ਨੂੰ ਧੋਣਾ ਜਾਂ ਸੈਨੇਟਾਈਜ਼ ਕਰਨਾ ਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਹੋਵੇਗਾ। ਸਮਾਜਿਕ ਦੂਰੀ ਬਰਕਰਾਰ ਰੱਖਣੀ ਹੋਵੇਗੀ ਤੇ ਖੋਜਾਰਥੀ ਕਿਤੇ ਵੀ ਭੀੜ ਇਕੱਠੀ ਨਹੀਂ ਕਰਨਗੇ।

ਡੈਮੋਕਰੇਟਿਕ ਸਟੂਡੈਂਟ ਯੂਨੀਅਨ ਆਗੂ ਵਿਕਰਮ ਬਾਗੀ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਆਗੂ ਮਨੂੰ ਵੜੈਚ, ਆਲ ਇੰਡੀਆ ਰਿਸਚਰਚ ਸਕਾਲਰ ਐਸੋਸੀਏਸ਼ਨ ਆਗੂ ਰਵੀ ਕੰਗ ਤੇ ਓਪਸ ਆਗੂ ਦੀਪ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਖੋਜਾਰਥੀਆਂ ਲਈ ਸੁਵਿਧਾਵਾਂ ਦੇਣ ਲਈ ਮੰਗ ਕੀਤੀ ਜਾ ਰਹੀ ਸੀ। ਬੀਤੇ ਦਿਨ 'ਵਰਸਿਟੀ ਅਥਾਰਟੀ ਨੇ ਭਰੋਸਾ ਦਿੱਤਾ ਸੀ ਤੇ ਵੀਰਵਾਰ ਨੂੰ ਲਿਖਤੀ ਪੱਤਰ ਵੀ ਜਾਰੀ ਕਰ ਦਿੱਤਾ ਹੈ ਜਿਸ ਲਈ ਉਹ 'ਵਰਸਿਟੀ ਅਥਾਰਟੀ ਦਾ ਧੰਨਵਾਦ ਕਰਦੇ ਹਨ। ਜਥੇਬੰਦਕ ਆਗੂਆਂ ਨੇ ਸਮੂਹ ਖੋਜਾਰਥੀਆਂ ਨੂੰ ਅਪੀਲ ਕੀਤੀ ਹੈ ਕਿ ਪਹਿਲੀ ਅਕਤੂਬਰ ਤੋਂ ਯੂਨੀਵਰਸਿਟੀ ਪੁੱਜ ਕੇ ਆਪਣੇ ਖੋਜ ਕਾਰਜਾਂ ਦੀ ਸ਼ੁਰੂਆਤ ਕਰਨ।