ਜੇਐੱਨਐੱਨ, ਜਲੰਧਰ : ਪੰਜਾਬ ਓਪਨ ਸਕੂਲ ਪ੍ਰਣਾਲੀ ਤਹਿਤ ਮਾਰਚ 2020 'ਚ ਮੈਟ੍ਰਿਕ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ 11ਵੀਂ ਤੇ 12ਵੀਂ 'ਚ ਦਾਖ਼ਲੇ ਸਬੰਧੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ। ਬੋਰਡ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਪਾਸ ਕਰ ਲਈ ਹੈ ਤੇ ਉਨ੍ਹਾਂ ਦੇ 11ਵੀਂ ਸ਼੍ਰੇਣੀ 'ਚ ਦਿੱਤੇ ਗਏ ਟੈਂਪਰਰੀ (ਆਰਜ਼ੀ) ਦਾਖ਼ਲੇ ਨੂੰ ਹੁਣ ਰੈਗੂਲਰ ਮੰਨਿਆ ਜਾਵੇਗਾ। ਜਦੋਂਕਿ ਜਿਹੜੇ ਪ੍ਰੀਖਿਆ ਪਾਸ ਨਹੀਂ ਕਰ ਸਕੇ, ਉਨ੍ਹਾਂ ਦੇ ਆਰਜ਼ੀ ਦਾਖ਼ਲੇ ਰੱਦ ਹੋ ਜਾਣਗੇ।

ਓਪਨ ਸਿੱਖਿਆ ਪ੍ਰਣਾਲੀ ਅਧੀਨ ਜਿਹੜੇ ਵਿਦਿਆਰਥੀਆਂ ਨੂੰ ਮਾਰਚ 2019 ਦੀ ਮੈਟ੍ਰਿਕ ਪ੍ਰੀਖਿਆ ਪਹਿਲੀ ਵਾਰ ਪੂਰੇ ਵਿਸ਼ਿਆਂ ਦੀ ਦਿੱਤੀ ਸੀ ਤੇ ਮਾਰਚ 2020 ਦੀ ਰੀ-ਅਪੀਅਰ ਪ੍ਰੀਖਿਆ ਦੇ ਫਾਰਮ ਹਨ। ਉਹ 12ਵੀਂ 'ਚ ਆਰਜ਼ੀ ਤੌਰ 'ਤੇ ਦਾਖ਼ਲੇ ਲੈ ਸਕਦੇ ਹਨ, ਪਰ ਸ਼ਰਤ ਹੈ ਕਿ ਮਾਰਚ 2020 'ਚ 11ਵੀਂ ਜਮਾਤ 'ਚ ਉਨ੍ਹਾਂ ਵੱਲੋਂ ਪ੍ਰੀਖਿਆ ਦਿੱਤੀ ਗਈ ਹੋਵੇ।

ਫੇਲ੍ਹ ਪ੍ਰੀਖਿਆਰਥੀ ਸਿਰਫ਼ ਰੈਗੂਲਰ 11ਵੀਂ ਸ਼੍ਰੇਣੀ 'ਚ ਦਾਖ਼ਲਾ ਲੈਣ ਯੋਗ

ਮਾਰਚ 2020 ਦੀ 11ਵੀਂ ਸ਼੍ਰੇਣੀ 'ਚ ਪ੍ਰੀਖਿਆ ਰੈਗੂਲਰ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ 12ਵੀਂ 'ਚ ਆਰਜ਼ੀ ਤੌਰ 'ਤੇ ਲਏ ਗਏ ਦਾਖ਼ਲੇ ਨੂੰ ਰੈਗੂਲਰ ਮੰਨਿਆ ਜਾਵੇਗਾ। ਜਿਹੜੇ ਰੈਗੂਲਰ ਵਿਦਿਆਰਥੀ ਮਾਰਚ 2020 ਦੀ 11ਵੀਂ ਦੀ ਪ੍ਰੀਖਿਆ 'ਚ ਫੇਲ੍ਹ ਹੋ ਗਏ, ਉਨ੍ਹਾਂ ਦਾ 12ਵੀਂ ਜਮਾਤ 'ਚ ਆਰਜ਼ੀ ਦੇ ਤੌਰ 'ਤੇ ਦਿੱਤਾ ਗਿਆ ਦਾਖ਼ਲਾ ਰੱਦ ਕਰ ਦਿੱਤਾ ਜਾਵੇਗਾ। ਅਜਿਹੀ ਸੂਰਤ 'ਚ ਉਹ ਪ੍ਰੀਖਿਆਰਥੀ ਸਿਰਫ਼ ਰੈਗੂਲਰ 11ਵੀਂ ਸ਼੍ਰੇਣੀ 'ਚ ਦਾਖ਼ਲਾ ਲੈਣ ਯੋਗ ਮੰਨੇ ਜਾਣਗੇ।

Posted By: Seema Anand