ਅੰਕਿਤ ਸ਼ਰਮਾ, ਜਲੰਧਰ : ਕੋਰੋਨਾ ਕਾਰਨ ਦੋ ਸਾਲ ਤੋਂ ਫਾਈਨਲ ਪ੍ਰੀਖਿਆ ਦੇਣ ਤੋਂ ਵਾਂਝੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਹੈ। PSEB ਨੇ ਪੰਜਵੀਂ, 8ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਮੁਲਾਂਕਣ ਦੀ ਨੀਤੀ ਜਾਰੀ ਕਰ ਦਿੱਤੀ ਹੈ। ਇਸੇ ਨੀਤੀ ਜ਼ਰੀਏ ਅਧਿਆਪਕ ਹਰੇਕ ਵਿਦਿਆਰਥੀ ਦੇ ਸਟੇਟਸ ਦਾ ਮੁਲਾਂਕਣ ਕਰਨਗੇ।

ਇਹੀ ਨਹੀਂ, ਅਧਿਆਪਕ ਆਗਾਮੀ ਫਾਈਨਲ ਬੋਰਡ ਪ੍ਰੀਖਿਆਵਾਂ ਲਈ ਵੀ ਵਿਦਿਆਰਥੀਆਂ ਨੂੰ ਤਿਆਰ ਕਰਨਗੇ ਤਾਂ ਜੋ ਉਨ੍ਹਾਂ ਨੂੰ ਪ੍ਰੀਖਿਆ ਦਿੰਦੇ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਬੋਰਡ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਦਦ ਲਈ ਮੁਲਾਂਕਣ ਨੀਤੀ ਦੇ ਨਾਲ-ਨਾਲ ਪ੍ਰੀਖਿਆ ਪੈਟਰਨਲ ਤੇ ਅੰਕਾਂ ਦੀ ਗਿਣਤੀ ਕਰਨ ਦਾ ਤਰੀਕਾ ਵੀ ਜਾਰੀ ਕੀਤਾ ਹੈ। ਇਸ ਬਾਰੇ ਅਧਿਆਪਕ ਵਿਦਿਆਰਥੀਆਂ ਨੂੰ ਪਹਿਲਾਂ ਹੀ ਗਾਈਡ ਕਰਨਗੇ ਕਿ ਉਹ ਪ੍ਰਸ਼ਨ ਪੱਤਰ ਨੂੰ ਕਿਵੇਂ ਅਟੈਂਡ ਕਰੀਏ ਤੇ ਆਪਣੇ ਨਿਰਧਾਰਤ ਸਮੇਂ ਦਾ ਵੀ ਧਿਆਨ ਰੱਖੋ।

ਬੋਰਡ ਨੇ ਸੂਬੇ ਭਰ ਦੇ ਸਾਰੇ ਸਕੂਲ ਮੁਖੀਆਂ, ਸੈਂਟਰ ਹੈੱਡ, ਹੈੱਡ ਟੀਚਰ ਤੇ ਸਕੂਲ ਪ੍ਰਿੰਸੀਪਲਾਂ ਨੂੰ ਇਸ ਮੁਲਾਂਕਣ ਨੀਤੀ ਅਨੁਸਾਰ ਹੀ ਵਿਦਿਆਰਥੀਆਂ ਦਾ ਸਟੇਟਸ ਜਾਂਚਣ ਦੇ ਹੁਕਮ ਦਿੱਤੇ ਹਨ। ਸਰਕਾਰੀ ਮਾਡਲ ਸਹਿ-ਵਿਦਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲਾਡੋਵਾਲੀ ਰੋਡ ਦੀ ਪ੍ਰਿੰਸੀਪਲ ਮਨਿੰਦਰ ਕੌਰ ਦਾ ਕਹਿਣਾ ਹੈ ਕਿ ਮੁਲਾਂਕਣ ਲਈ ਜਾਰੀ ਕੀਤੀ ਗਈ ਨੀਤੀ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਕੋਵਿਡ-19 ਕਾਰਨ ਪ੍ਰੀਖਿਆ ਪੈਟਰਨਲ 'ਚ ਬਦਲਾਅ ਕੀਤਾ ਗਿਆ ਹੈ। ਅਜਿਹੇ ਵਿਚ ਮੁਲਾਂਕਣ ਨੀਤੀ ਤੇ ਪ੍ਰੀਖਿਆ ਪੈਟਰਨਲ ਦੇ ਹਿਸਾਬ ਨਾਲ ਤਿਆਰੀ ਕਰਨ ਤੇ ਕਰਵਾਉਣ 'ਚ ਮਦਦ ਮਲੇਗੀ।

ਕੋਰੋਨਾ ਕਾਰਨ ਦੋ ਸਾਲਾਂ ਤੋਂ ਨਹੀਂ ਹੋਏ ਬੋਰਡ ਦੇ ਪੇਪਰ

ਕੋਰੋਨਾ ਕਾਰਨ ਇਸ ਤੋਂ ਬਾਅਦ 2 ਸਾਲਾਂ ਤਕ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਸਨ। ਸਿਰਫ਼ ਵਿਦਿਆਰਥੀਆਂ ਦੀ ਪਿਛਲੀ ਪਰਫਾਰਮੈਂਸ ਦੇ ਆਧਾਰ 'ਤੇ ਹੀ ਨਤੀਜੇ ਜਾਰੀ ਕਰ ਦਿੱਤੇ ਗਏ ਸਨ। ਹੁਣ ਕੋਰੋਨਾ ਇਨਫੈਕਸ਼ਨ ਦੀ ਤੀਸਰੀ ਲਹਿਰ ਦੇ ਆਉਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਕਾਰਨ ਇਹ ਮੁਲਾਂਕਣ ਨੀਤੀ ਹੋਰ ਵੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ।

Posted By: Seema Anand