ਸਤਵਿੰਦਰ ਸਿੰਘ ਧੜਾਕ, ਮੋਹਾਲੀ : ਟਰਮ-1 ਦੀਆਂ ਪ੍ਰੀਖਿਆਵਾਂ ਮੁਕੰਮਲ ਹੋਣ ਤੋਂ ਬਾਅਦ ਡਾਇਰੈਕਟਰ ਐੱਸਸੀਈਆਰਟੀ ਨੇ ਟਰਮ-2 ਦੀਆਂ ਪ੍ਰੀਖਿਆਵਾਂ ਵਾਸਤੇ ਸਿਲੇਬਸ ਦੀ ਵਿਸ਼ੇਵਾਰ ਵੰਡ ਕਰ ਦਿੱਤੀ ਹੈ। ਇਸ ਸੰਬਧੀ ਸਕੂਲ ਮੁਖੀਆਂ ਨੂੰ ਹਿਦਾਇਤ ਵੀ ਜਾਰੀ ਕਰ ਦਿੱਤੀਆਂ ਹਨ ਜਿਸ ਵਿਚ ਨਾਨ-ਬੋਰਡ ਦੀਆਂ ਜਮਾਤਾਂ ਦਾ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ। ਛੇਵੀਂ, ਸੱਤਵੀਂ, ਨੌਵੀਂ ਜਮਾਤਾਂ ਨਾਲ ਸਬੰਧਤ ਸਿਲੇਬਸ ਦੀ ਵੰਡ ਵਿਗਿਆਨ, ਗਣਿਤ, ਹਿੰਦੀ ਤੇ ਪੰਜਾਬੀ ਵਿਸ਼ਿਆਂ ਦੀ ਕੀਤੀ ਗਈ ਹੈ ਜਿਨ੍ਹਾਂ ਦੇ ਆਧਾਰ ’ਤੇ ਵਿਦਿਆਰਥੀਆਂ ਦੀ ਤਿਆਰੀ ਕਰਵਾਉਣੀ ਹੋਵੇਗੀ।

ਕੋਵਿਡ-19 ਦੇ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਦੋ ਟਰਮ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਦੋਵਾਂ ਟਰਮ ਪ੍ਰੀਖਿਆਵਾਂ ਦੇ ਅੰਕ ਆਪਸ 'ਚ ਜੁੜਨੇ ਹਨ। ਪਹਿਲੀ ਟਰਮ ਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ ਤੇ ਹੁਣ ਦੂਸਰੀ ਟਰਮ ਦੀਆਂ ਪ੍ਰੀਖਿਆਵਾਂਲ ਈ ਬੋਰਡ ਵੱਲੋਂ ਸਿਲੇਬਸ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿਚ ਦਿੱਕਤ ਨਾ ਆਵੇ।

ਇਹ ਅਧਿਆਪਕਾਂ ਲਈ ਵੀ ਮਦਦਗਾਰ ਸਾਬਿਤ ਹੋਵੇਗਾ, ਕਿਉਂਕਿ ਇਸ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਪ੍ਰੀਖਿਆ ਲਈ ਤਿਆਰ ਕੀਤਾ ਜਾਵੇਗਾ। ਦੱਸ ਦੇਈਏ ਕਿ ਬੋਰਡ ਦਾ ਇਹ ਸਿਲੇਬਸ ਨਾਨ-ਬੋਰਡ ਕਲਾਸਾਂ ਯਾਨੀ ਛੇਵੀਂ, ਸੱਤਵੀਂ ਤੇ ਨੌਵੀਂ ਜਮਾਤ ਲਈ ਸਾਇੰਸ, ਗਣਿਤ, ਹਿੰਦੀ, ਪੰਜਾਬੀ ਵਿਸ਼ਿਆਂ ਦਾ ਹੈ। ਬੋਰਡ ਵੱਲੋਂ ਸਿਲੇਬਸ ਪਹਿਲਾਂ ਹੀ ਕੱਟ ਦਿੱਤਾ ਗਿਆ ਹੈ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਲੇਬਸ ਦੱਸਣਾ ਬਹੁਤ ਜ਼ਰੂਰੀ ਹੈ।

ਬੋਰਡ ਵੱਲੋਂ ਸਿਲੇਬਸ ਨੂੰ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.ssapunjab.org 'ਤੇ ਅਪਲੋਡ ਕਰ ਦਿੱਤਾ ਗਿਆ ਹੈ, ਜਿੱਥੋਂ ਅਧਿਆਪਕ ਅਤੇ ਵਿਦਿਆਰਥੀ ਸਿਲੇਬਸ ਦੀ ਕਾਪੀ ਲੈ ਕੇ ਤਿਆਰੀ ਕਰ ਸਕਦੇ ਹਨ। ਇਸ ਸਿਲੇਬਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਕਿਹੜਾ ਪੇਪਰ ਕਿੰਨੇ ਅੰਕਾਂ ਦਾ ਹੋਵੇਗਾ ਤੇ ਕਿੰਨੇ ਪ੍ਰਸ਼ਨ ਕਿੰਨੇ ਅੰਕਾਂ ਦੇ ਹੋਣਗੇ। ਦੋ ਅੰਕਾਂ ਦੇ ਸਵਾਲਾਂ ਦੇ ਜਵਾਬ 30 ਤੋਂ 40 ਸ਼ਬਦਾਂ 'ਚ, ਤਿੰਨ ਅੰਕਾਂ ਦੇ ਸਵਾਲਾਂ ਦੇ ਜਵਾਬ 50 ਤੋਂ 60 ਸ਼ਬਦਾਂ 'ਚ, ਚਾਰ ਅੰਕਾਂ ਦੇ ਸਵਾਲਾਂ ਦੇ ਜਵਾਬ 100 ਤੋਂ 120 ਸ਼ਬਦਾਂ ਵਿੱਚ ਦਿੱਤੇ ਜਾਣੇ ਹਨ।

Posted By: Seema Anand