ਸਤਵਿੰਦਰ ਧੜਾਕ, ਐੱਸ.ਏ.ਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਕਾਦਮਿਕ ਸੈਸ਼ਨ 2022-23 ਦੀ ਤੀਜੀ ਤਿਮਾਹੀ 'ਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ 2022-23 ਦੀ ਤੀਜੀ ਤਿਮਾਹੀ 'ਚ ਲਈ ਜਾਣ ਵਾਲੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਸਿੱਖਿਆ ਬੋਰਡ ਵੱਲੋਂ 29 ਅਤੇ 30 ਅਕਤੂਬਰ, 2022 ਨੂੰ ਕਰਵਾਈ ਜਾ ਰਹੀ ਹੈ। ਸ਼ਨਿੱਚਰਵਾਰ, 29 ਅਕਤੂਬਰ ਨੂੰ ਪੰਜਾਬੀ ਪੇਪਰ ਏ ਤੇ ਐਤਵਾਰ, 30 ਅਕਤੂਬਰ ਨੂੰ ਪੰਜਾਬੀ ਪੇਪਰ ਬੀ ਦੀ ਪ੍ਰੀਖਿਆ ਕਰਵਾਈ ਜਾਵੇਗੀ। ਪੰਜਾਬੀ ਵਾਧੂ ਵਿਸ਼ੇ ਦੀ ਇਹ ਪ੍ਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਪਹਿਲੀ ਅਕਤੂਬਰ, 2022 ਤੋਂ ਉਪਲਬਧ ਕਰਵਾ ਦਿੱਤੇ ਗਏ ਹਨ। ਹਰ ਪੱਖੋਂ ਮੁਕੰਮਲ ਪ੍ਰੀਖਿਆ ਫ਼ਾਰਮ 19 ਅਕਤੂਬਰ, 2022 ਤੱਕ ਫ਼ਾਰਮ ਸੈਕਸ਼ਨ, ਪਰੀਖਿਆ ਸ਼ਾਖਾ ਦਸਵੀਂ, ਮੁੱਖ ਦਫ਼ਤਰ ਵਿਖੇ ਪ੍ਰਾਪਤ ਕੀਤੇ ਜਾਣਗੇ।

ਕੰਟਰੋਲਰ ਪਰੀਖਿਆਵਾਂ ਵੱਲੋਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਪ੍ਰੀਖਿਆ ਲਈ ਰੋਲ ਨੰਬਰ ਆਨ-ਲਾਈਨ ਬੋਰਡ ਦੀ ਵੈੱਬਸਾਈਟ 'ਤੇ 21 ਅਕਤੂਬਰ, 2022 ਤੋਂ ਉਪਲਬਧ ਹੋਣਗੇ। ਉਨ੍ਹਾਂ ਹਦਾਇਤ ਵੀ ਕੀਤੀ ਕਿ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਪ੍ਰੀਖਿਆ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪਛਾਣ ਪੱਤਰ ਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ।

ਇਸ ਪ੍ਰੀਖਿਆ ਸਬੰਧੀ ਪ੍ਰੀਖਿਆ ਫ਼ਾਰਮ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲਬਧ ਹੈ।

Posted By: Seema Anand