ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ-2021-22 ਨਾਲ 18 ਮਈ ਨੂੰ ਹੋਣ ਵਾਲੀ ਟਰਮ-2 ਹਿੰਦੀ ਵਿਸ਼ੇ (ਰੈਗੂਲਰ ਵਿਦਿਆਰਥੀਆਂ) ਦੀ ਪ੍ਰੀਖਿਆ ਮੁਲਤਵੀ ਕਰ ਕੇ 25 ਮਈ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸਬੰਧਤ ਵਿਸ਼ੇ ਦੇ ਪ੍ਰਸ਼ਨ-ਪੱਤਰ 23 ਮਈ ਨੂੰ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰਾਂ ਵਿਚ ਪੁੱਜਣਗੇ, ਜਿਨ੍ਹਾਂ ਨੂੰ ਜ਼ਿਲ੍ਹਾ ਮੈਨੇਜਰ 24 ਮਈ ਨੂੰ ਖ਼ੁਦ ਪ੍ਰਾਪਤ ਕਰ ਸਕਣਗੇ।

ਇਸ ਸਬੰਧੀ ਤਿੰਨ-ਨੁਕਾਤੀ ਹੁਕਮਾਂ ਵਾਲਾ ਪੱਤਰ ਜਾਰੀ ਕਰ ਕੇ ਬੋਰਡ ਦੇ ਅਧਿਕਾਰੀਆਂ ਨੇ ਹਦਾਇਤ ਕੀਤੀ ਹੈ ਕਿ ਪ੍ਰੀਖਿਆ ਸਬੰਧੀ ਨਵੇ ਹੁਕਮਾਂ ਬਾਰੇ ਪ੍ਰਿੰਸੀਪਲਾਂ/ਪ੍ਰੀਖਿਆ ਕੇਂਦਰ ਕੰਟਰੋਲਰ ਵਿਦਿਆਰਥੀਆਂ ਨੂੰ ਖ਼ੁਦ ਸੂਚਿਤ ਕਰਨਗੇ। ਵੇਰਵਿਆਂ ਮੁਤਾਬਕ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 19 ਮਈ ਨੂੰ ਸਮਾਪਤ ਹੋਣੀ ਸੀ ਪਰ ਡੀਏ ਕੋਡ ਹਿੰਦੀ (03) ਦੀ ਪ੍ਰੀਖਿਆ ਪ੍ਰਬੰਧਕੀ ਕਾਰਨਾਂ ਕਰ ਕੇ ਅੱਗੇ ਪਾ ਦਿੱਤੀ ਗਈ ਹੈ। ਇਨ੍ਹਾਂ ਹੁਕਮਾਂ ਦਾ ਓਪਨ ਸਕੂਲ ਪ੍ਰਣਾਲੀ ਦੇ ਪ੍ਰੀਖਿਆਰਥੀਆਂ ਦੀਆਂ ਪ੍ਰੀਖਿਆਵਾਂ ’ਤੇ ਅਸਰ ਨਹੀਂ ਪਵੇਗਾ।

Posted By: Seema Anand