ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਖ਼ਤਮ ਹੁੰਦੇ ਪ੍ਰਭਾਵ ਦਰਮਿਆਨ ਸਕੂਲਾਂ ਤੋਂ ਲੈ ਕੇ ਉੱਚ ਸਿੱਖਿਆ ਸੰਸਥਾਵਾਂ ਦੇ ਲੜਖੜਾਏ ਵਿਦਿਅਕ ਸੈਸ਼ਨ ਨੂੰ ਦੁਬਾਰਾ ਪੱਟੜੀ 'ਤੇ ਲਿਆਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਿੱਖਿਆ ਮੰਤਰਾਲੇ ਨੇ ਇਸ ਲਈ ਸਬੰਧਿਤ ਏਜੰਸੀਆਂ ਨੂੰ ਸਾਰੇ ਜ਼ਰੂਰੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਹਨ। ਖ਼ਾਸ ਕਰ ਕੇ ਸਕੂਲਾਂ ਨੂੰ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਕਰਵਾਉਣ ਤੇ ਉਨ੍ਹਾਂ ਦੇ ਨਤੀਜੇ ਐਲਾਨੇ ਜਾਣ ਦਾ ਕੰਮ 31 ਮਾਰਚ ਤਕ ਪੂਰਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਕ ਅਪ੍ਰੈਲ ਤੋਂ ਨਵੀਆਂ ਕਲਾਸਾਂ ਸ਼ੁਰੂ ਹੋ ਸਕਣ। ਏਸੇ ਤਰ੍ਹਾਂ ਯੂਨੀਵਰਸਿਟੀਆਂ ਸਮੇਤ ਦੂਜੀਆਂ ਉੱਚ ਸਿੱਖਿਆਵਾਂ ਨੂੰ ਵੀ ਨਵੀਆਂ ਜਮਾਤਾਂ ਵਿਚ ਦਾਖ਼ਲੇ ਦੀ ਪ੍ਰਕਿਰਿਆ ਨਾਲ ਜੁੜੀਆਂ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ।

ਵਿਦਿਅਕ ਸੈਸ਼ਨ ਨੂੰ ਲੀਹੇ ਲਿਆਉਣ ਦੀ ਇਹ ਕਵਾਇਦ ਉਦੋਂ ਸ਼ੁਰੂ ਕੀਤੀ ਗਈ ਹੈ ਜਦੋਂ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤਕ ਨੂੰ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਅਜੇ ਇਨ੍ਹਾਂ ਵਿਚ ਪਹਿਲਾਂ ਵਰਗੀਆਂ ਵਿਦਿਅਕ ਸਰਗਰਮੀਆਂ ਨਹੀਂ ਸ਼ੁਰੂ ਹੋ ਸਕੀਆਂ। ਸਕੂਲਾਂ ਵਿਚ ਅਜੇ ਸਿਰਫ਼ ਨੌਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਨੂੰ ਸੱਦਿਆ ਜਾ ਰਿਹਾ ਹੈ। ਇਨ੍ਹਾਂ ਵਿਚ ਵੀ ਉਨ੍ਹਾਂ ਨੂੰ ਪ੍ਰੈਕਟੀਕਲ ਤੇ ਪ੍ਰਾਜੈਕਟ ਵਰਗੀਆਂ ਸਰਗਰਮੀਆਂ ਤਕ ਸੀਮਤ ਰੱਖਿਆ ਗਿਆ ਹੈ। ਏਸੇ ਤਰ੍ਹਾਂ ਯੂਨੀਵਰਸਿਟੀਆਂ 'ਚ ਵੀ ਸ਼ੋਧ ਸਮੇਤ ਆਖਰੀ ਸਾਲ ਦੀ ਪੜ੍ਹਾਈ ਕਰ ਕਰੇ ਵਿਦਿਆਰਥੀਆਂ ਨੂੰ ਹੀ ਸੱਦਿਆ ਜਾ ਰਿਹਾ ਹੈ। ਹਾਲਾਂਕਿ ਪਿਛਲੇ ਕੁਝ ਮਹੀਨਿਆਂ 'ਚ ਹਾਲਾਤ ਜਿਸ ਤਰ੍ਹਾਂ ਨਾਲ ਆਮ ਵਰਗੇ ਹੋ ਰਹੇ ਹਨ ਉਨ੍ਹਾਂ ਵਿਚ ਪੜ੍ਹਾਈ ਨੂੰ ਦੁਬਾਰਾ ਲੀਹੇ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ ਹਨ। ਫਿਲਹਾਲ ਸਿੱਖਿਆ ਸੰਸਥਾਵਾਂ 'ਚ ਪੜ੍ਹਾਈ ਲਿਖਾਈ ਦੇ ਪੁਰਾਣੇ ਮਾਹੌਲ ਨੂੰ ਵਾਪਸ ਲਿਆਉਣ ਲਈ ਯੂਜੀਸੀ ਤੇ ਸੀਬੀਐੱਸਈ ਆਦਿ ਆਪਣੇ-ਆਪਣੇ ਪੱਧਰ 'ਤੇ ਜੁਟੇ ਹੋਏ ਹਨ। ਸਾਰਿਆਂ ਦਾ ਜ਼ੋਰ ਇਸ ਗੱਲ ਨੂੰ ਲੈ ਕੇ ਹੈ ਕਿ ਆਉਣ ਵਾਲੇ ਨਵੇਂ ਵਿਦਿਅਕ ਸੈਸ਼ਨ ਤੋਂ ਸਭ ਕੁÎਝ ਆਮ ਰੂਪ 'ਚ ਲਿਆਂਦਾ ਜਾਵੇ। ਉਂਜ ਵੀ ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਸਿੱਖਿਆ ਸੰਸਥਾਵਾਂ ਨੂੰ ਬੰਦ ਹੋਇਆਂ ਕਰੀਬ ਇਕ ਸਾਲ ਹੋਣ ਵਾਲਾ ਹੈ। ਕੋਰੋਨਾ ਦਸਤਕ ਦਰਮਿਆਨ ਸਾਲ 2020 ਦੇ ਮਾਰਚ ਮਹੀਨੇ ਤੋਂ ਹੀ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਵਿਦਿਆਰਥੀ ਆਪਣੇ ਘਰਾਂ ਵਿਚ ਕੈਦ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਆਨਲਾਈਨ ਪੜ੍ਹਾਇਆ ਗਿਆ ਹੈ ਪਰ ਮਾਹਿਰਾਂ ਦੀ ਮੰਨੀਏ ਤਾਂ ਵਿਦਿਆਰਥੀਆਂ ਨੂੰ ਜਮਾਤਾਂ ਵਿਚ ਲਿਆਂਦੇ ਬਗੈਰ ਉਨ੍ਹਾਂ ਨੂੰ ਬਿਹਤਰ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਕੋਰੋਨਾ ਸੰਕਟ ਦੇ ਚੱਲਦਿਆਂ ਲੜਖੜਾਏ ਵਿਦਿਅਕ ਸੈਸ਼ਨ ਦਾ ਅਸਰ ਇਹ ਸੀ ਕਿ ਪਿਛਲੇ ਸਾਲ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਦੀਆਂ ਆਖਰੀ ਸਾਲ ਦੀਆਂ ਪ੍ਰਰੀਖਿਆਵਾਂ ਨਵੰਬਰ ਤਕ ਹੋਈਆਂ ਹਨ।

Posted By: Susheel Khanna