ਜਾਗਰਣ ਬਿਊਰੋ, ਨਵੀਂ ਦਿੱਲੀ : ਨਵੀਂ ਸਿੱਖਿਆ ਨੀਤੀ 'ਚ ਸਕੂਲੀ ਸਿੱਖਿਆ ਦਾ ਜਿਹੜਾ ਨਵਾਂ ਪੈਟਰਨ ਤੈਅ ਕੀਤਾ ਗਿਆ ਹੈ ਉਸ 'ਚ ਹਰ ਬੱਚੇ ਲਈ ਹੁਣ ਪ੍ਰੀ-ਪ੍ਰਾਇਮਰੀ ਦੀ ਪੜ੍ਹਾਈ ਜ਼ਰੂਰੀ ਹੋਵੇਗੀ। ਇਸ ਪਿੱਛੋਂ ਹੀ ਉਸ ਨੂੰ ਪ੍ਰਾਇਮਰੀ ਸਕੂਲਾਂ 'ਚ ਦਾਖ਼ਲਾ ਮਿਲ ਸਕੇਗਾ। ਫਿਲਹਾਲ ਪ੍ਰੀ-ਪ੍ਰਾਇਮਰੀ ਦੀ ਇਹ ਪੜ੍ਹਾਈ ਆਂਗਨਵਾੜੀ ਤੇ ਆਦਿਵਾਸੀ ਇਲਾਕਿਆਂ 'ਚ ਆਸ਼ਰਮਸ਼ਾਲਾਵਾਂ ਰਾਹੀਂ ਦਿੱਤੀ ਜਾਵੇਗੀ ਜਿਹੜੀ ਤਿੰਨ ਸਾਲ ਦੀ ਹੋਵੇਗੀ। ਨੀਤੀ 'ਚ ਸਾਰੀਆਂ ਆਂਗਨਵਾੜੀਆਂ ਨੂੰ ਮਜ਼ਬੂਤ ਬਣਾਉਣ ਦੀ ਵੀ ਤਜਵੀਜ਼ ਹੈ ਜਿਸ ਵਿਚ ਉਨ੍ਹਾਂ ਦੀ ਆਪਣੀ ਖ਼ੁਦ ਦੀ ਇਕ ਬਿਹਤਰ ਇਮਾਰਤ ਹੋਵੇਗੀ। ਨਾਲ ਹੀ ਉਨ੍ਹਾਂ ਦੇ ਵਰਕਰਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਖ਼ਾਸ ਸਿਖਲਾਈ ਵੀ ਦਿੱਤੀ ਜਾਵੇਗੀ।

ਨਵੀਂ ਸਿੱਖਿਆ ਨੀਤੀ 'ਚ ਸਕੂਲੀ ਸਿੱਖਿਆ ਤੋਂ ਪ੍ਰੀ-ਪ੍ਰਾਇਮਰੀ ਨੂੰ ਇਸ ਲਈ ਵੀ ਜੋੜਨ ਦੀ ਤਜਵੀਜ਼ ਕੀਤੀ ਗਈ ਹੈ ਕਿਉਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਦਿਮਾਗ਼ ਦਾ 85 ਫ਼ੀਸਦੀ ਵਿਕਾਸ ਛੇ ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ ਜਦਕਿ ਆਪਣੇ ਦੇਸ਼ 'ਚ ਜ਼ਿਆਦਾਤਰ ਬੱਚਿਆਂ ਦੀ ਪੜ੍ਹਾਈ ਹੀ ਪੰਜ ਸਾਲ ਦੇ ਬਾਅਦ ਸ਼ੁਰੂ ਹੁੰਦੀ ਹੈ। ਅਜਿਹੇ 'ਚ ਬੱਚਿਆਂ ਦੀ ਸ਼ੁਰੂਆਤ ਹੀ ਕਾਫ਼ੀ ਕਮਜ਼ੋਰ ਰਹਿੰਦੀ ਹੈ ਜਿਸ ਕਾਰਨ ਉਹ ਅੱਗੇ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਇਹੀ ਕਾਰਨ ਹੈ ਕਿ ਨੀਤੀ 'ਚ ਹੁਣ ਬੱਚਿਆਂ ਨੂੰ ਤਿੰਨ ਸਾਲ ਦੀ ਉਮਰ ਤੋਂ ਹੀ ਪੜ੍ਹਾਈ ਨਾਲ ਜੋੜਨ ਦੀ ਤਜਵੀਜ਼ ਹੈ।

ਹਾਲਾਂਕਿ ਪ੍ਰੀ-ਪ੍ਰਾਇਮਰੀ ਲਈ ਅਜਿਹਾ ਕੋਰਸ ਤਿਆਰ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਜਿਹੜਾ ਖੇਡ ਆਧਾਰਤ, ਬਹੁਪੱਧਰੀ, ਸਰਗਰਮੀ ਤੇ ਖੋਜ ਆਧਾਰਤ ਹੋਵੇ। ਜਿਹੜਾ ਅੱਖਰ, ਭਾਸ਼ਾ, ਗਿਣਤੀ, ਰੰਗ, ਪਹੇਲੀਆਂ, ਤਾਰਕਿਕ ਸੋਚ ਨਾਲ ਹੀ ਸਮਾਜਿਕ ਕੰਮ, ਮਨੁੱਖੀ ਸੰਵੇਦਨਾ, ਚੰਗਾ ਵਿਵਹਾਰ ਤੇ ਆਪਸੀ ਸਹਿਯੋਗ ਨੂੰ ਵਿਕਸਤ ਕਰਨ ਵਾਲਾ ਹੋਵੇ। ਫਿਲਹਾਲ ਨੀਤੀ 'ਚ ਪ੍ਰੀ ਸਕੂਲ ਦੀ ਇਸ ਵਿਵਸਥਾ ਨੂੰ ਛੇਤੀ ਤੋਂ ਛੇਤੀ ਲਾਗੂ ਕਰਨ ਦੀ ਤਜਵੀਜ਼ ਹੈ।

Posted By: Jagjit Singh