ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਪੰਜਾਬ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਪੜ੍ਹਾਈ ਵਾਸਤੇ ਵੱਖ-ਵੱਖ ਮਾਧਿਅਮਾਂ ਰਾਹੀਂ ਹੁਣ ਤਕ 424 ਅਧਿਆਪਕ ਆਪਣੇ ਲੈਕਚਰ ਦੇ ਚੁੱਕੇ ਹਨ। ਇਸ ਕੰਮ ਲਈ ਰੇਡਿਓ ਤੋਂ ਇਲਾਵਾ ਯੂ-ਟਿਊਬ ਤੇ ਦੂਰਦਰਸ਼ਨ ਦੀ ਮਦਦ ਲਈ ਜਾ ਰਹੀ ਹੈ। ਹੁਣ ਤਕ ਲੈਕਚਰ ਦੇਣ ਵਾਲੇ ਜ਼ਿਲਿ੍ਹਆਂ 'ਚੋਂ ਸਭ ਤੋਂ ਜ਼ਿਆਦਾ ਪ੍ਰਸਾਰਣਾਂ ਵਿਚ ਮਾਨਸਾ ਜ਼ਿਲ੍ਹਾ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਮਾਨਸਾ ਦੇ 92 ਲੈਕਚਰਾਂ ਦੇ ਪ੍ਰਸਾਰਣ ਹੋ ਚੁੱਕੇ ਹਨ ਜਦ ਕਿ 45 ਲੈਕਚਰਾਂ ਨਾਲ ਤਰਨਤਾਰਨ ਦੂਜੇ ਤੇ ਹੁਸ਼ਿਆਰਪੁਰ 41 ਲੈਕਚਰਾਂ ਨਾਲ ਤੀਜੇ ਸਥਾਨ 'ਤੇ ਬਣਿਆਂ ਹੋਇਆ ਹੈ। ਕੋਰੋਨਾ ਦੀ ਔਖੀ ਘੜੀ 'ਚ ਘਰੇ ਬੈਠੇ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕਰਨਾ ਸਿਹਤ ਵਿਭਾਗ ਲਈ ਔਖਾ ਕੰਮ ਸੀ ਜਿਸ ਵਿਚ ਦੂਰਦਰਸ਼ਨ, ਦੋਆਬਾ ਰੇਡੀਓ, ਸਵਯਮ ਪ੍ਰਭਾ, ਯੂ-ਟਿਊਬ ਚੈਨਲਾਂ ਦਾ ਅਹਿਮ ਰੋਲ ਰਿਹਾ।

ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ 'ਦੋਆਬਾ ਰੇਡੀਓ' 'ਤੇ ਚੱਲ ਰਹੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਂ ਦੇ ਪ੍ਰਸਾਰਣ 'ਚ ਜ਼ਿਲ੍ਹਾ ਮਾਨਸਾ, ਤਰਨਤਾਰਨ, ਹੁਸ਼ਿਆਰਪੁਰ ਦੇ ਸੜੀਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੋਂ ਇਲਾਵਾ ਗੁਰਦਾਸਪੁਰ 33 ਲੈਕਚਰਾਂ ਨਾਲ ਚੋਥੇ, ਲੁਧਿਆਣਾ 30 ਲੈਕਚਰਾਂ ਨਾਲ ਪੰਜਵੇਂ ਸਥਾਨ 'ਤੇ ਹੈ। ਵੀਰਵਾਰ ਨੂੰ ਜ਼ਿਲ੍ਹਾ ਮਾਨਸਾ ਤੋਂ ਸਰਕਾਰੀ ਹਾਈ ਸਕੂਲ ਅਹਿਮਦਪੁਰ ਦੀ ਕੰਪਿਊਟਰ ਅਧਿਆਪਕਾ ਗੀਤਾ ਰਾਣੀ ਜਿੰਦਲ, ਗੁਰਦਾਸਪੁਰ ਜ਼ਿਲ੍ਹੇ ਤੋਂ ਪ੍ਰਰਾਇਮਰੀ ਸਕੂਲ ਬੁੱਲੇਚੱਕ ਦੀ ਅਧਿਆਪਕਾ ਹਰਜਿੰਦਰ ਕੌਰ, ਬਠਿੰਡੇ ਜ਼ਿਲ੍ਹੇ ਤੋਂ ਪ੍ਰਰਾਇਮਰੀ ਸਕੂਲ ਦੀ ਪ੍ਰਵੀਨ ਕੁਮਾਰੀ, ਪਠਾਨਕੋਟ ਜ਼ਿਲ੍ਹੇ ਤੋਂ ਸੈਕੰਡਰੀ ਸਕੂਲ ਬਸਰੂਪ ਦੇ ਰਵੀ ਕਾਂਤ ਅਤੇ ਤਰਨਤਾਰਨ ਤੋਂ ਹਾਈ ਸਕੂਲ ਭੂਰਾਖੋਨਾ ਦੇ ਪੰਕਜ ਕੁਮਾਰ ਦੇ ਲੈਕਚਰ ਅਤਿ ਦਿਲਚਸਪ ਰਹੇ। ਇਹ ਲੈਕਚਰ ਕੰਪਿਊਟਰ, ਪੰਜਾਬੀ, ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਕੋਵਿਡ 19 ਦੀ ਜਾਗਰੂਕਤਾ ਨਾਲ ਵੱਖ ਵੱਖ ਵਿਸ਼ਿਆਂ 'ਤੇ ਅਧਾਰਿਤ ਸਨ। ਸੁਣੋ ਸੁਣਾਵਾਂ ਪਾਠ ਪੜਾਵਾਂ ਦੇ ਚੈਨਲ ਤਹਿਤ ਇਹ ਲੈਕਚਰ ਕੋਰੋਨਾ ਦੀ ਇਸ ਮਹਾਮਾਰੀ ਦੌਰਾਨ ਪੰਜਾਬ ਦੇ ਲੱਖਾਂ ਦੀ ਗਿਣਤੀ 'ਚ ਘਰ ਬੈਠੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਹਿਮ ਸਹਾਈ ਹੋ ਰਹੇ ਹਨ।

ਦੋਆਬਾ ਰੇਡੀਓ ਦੇ ਬੁਲਾਰੇ ਸਮਰਜੀਤ ਸੰਮੀ ਨੇ ਦੱਸਿਆ ਕਿ ਹੁਣ ਤਕ ਕੁੱਲ 424 ਅਧਿਆਪਕਾਂ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲੈਕਚਰ ਪ੍ਰਸਰਾਰਣ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ 'ਚੋਂ ਆਪਣੇ ਵਿਸ਼ਿਆਂ 'ਚ ਮਾਹਿਰ ਅਧਿਆਪਕ ਇਸ ਪ੍ਰੋਗਰਾਮ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਹਨ।

ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿ ਸਿੱਖਿਆ ਵਿਭਾਗ ਦੇ ਯਤਨਾਂ ਸਦਕਾ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਨਿਵੇਕਲੇ ਤਰੀਕਿਆਂ ਤੇ ਦਿਲਚਸਪ ਲੈਕਚਰਾਂ ਆਦਿ ਨਾਲ ਘਰ ਬੈਠੇ ਬੱਚਿਆਂ ਦੇ ਨਾਲ ਰੂ-ਬ-ਰੂ ਹੋ ਰਹੇ ਹਨ।

ਸਿੱਖਿਆ ਖੇਤਰ ਨਾਲ ਜੁੜੇ ਅਧਿਆਪਕਾਂ ਕਰਨੈਲ ਵੈਰਾਗੀ, ਸੱਤਪਾਲ ਭੀਖੀ, ਡਾ. ਬੂਟਾ ਸਿੰਘ ਸੇਖੋਂ, ਲੈਕਚਰਾਰ ਯੋਗਿਤਾ ਜੋਸ਼ੀ ਅਤੇ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਆਨਲਾਈਨ ਪੜ੍ਹਾਈ ਦੀਆਂ ਬੇਸ਼ੱਕ ਵੱਡੀਆਂ ਦਿੱਕਤਾਂ ਸਨ, ਪਰ ਸਿੱਖਿਆ ਵਿਭਾਗ ਦੀ ਵਿਉਂਤਬੰਦੀ ਤੇ ਅਧਿਆਪਕਾਂ ਦੀ ਮਿਹਨਤ ਕਾਰਨ ਰੇਡੀਓ, ਦੂਰਦਰਸ਼ਨ ਤੇ ਹੋਰ ਚੈਨਲਾਂ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ।