ਆਨਲਾਈਨ ਪੈਟਰਨ ਦੇ ਕਈ ਫ਼ਾਇਦੇ ਹਨ। ਵੱਡੀ ਮਾਤਰਾ 'ਚ ਕਾਗਜ਼ ਤੇ ਸਿਆਹੀ ਦੀ ਬੱਚਤ ਹੋਣ ਕਰਕੇ ਇਹ ਵਾਤਾਵਰਨ ਦੇ ਅਨੁਕੂਲ ਤਾਂ ਹੈ ਹੀ, ਨਾਲ ਹੀ ਇਸ ਨਾਲ ਸਮੇਂ ਦੀ ਬੱਚਤ ਵੀ ਹੁੰਦੀ ਹੈ। ਇਸ ਤਰ੍ਹਾਂ ਦੀ ਪ੍ਰੀਖਿਆ 'ਚ ਪੇਪਰ ਲੀਕ ਹੋਣ ਤੇ ਪ੍ਰੀਖਿਆ ਰੀ-ਸ਼ਡਿਊਲ ਹੋਣ ਦਾ ਡਰ ਵੀ ਨਹੀਂ ਰਹਿੰਦਾ। ਇਸ ਦਾ ਇਕ ਹੋਰ ਵੱਡਾ ਫ਼ਾਇਦਾ ਇਹ ਹੈ ਕਿ ਇਸ ਦਾ ਨਤੀਜਾ ਬਹੁਤ ਜਲਦੀ ਐਲਾਨਿਆ ਜਾਂਦਾ ਹੈ। ਕਈ ਸੰਸਥਾਵਾਂ ਤਾਂ ਪ੍ਰੀਖਿਆ ਖ਼ਤਮ ਹੁੰਦਿਆਂ ਹੀ ਨਤੀਜਾ ਦੱਸ ਦਿੰਦੀਆਂ ਹਨ। ਪ੍ਰੀਖਿਆਰਥੀ ਆਪਣੀ ਸੁਵਿਧਾ ਅਨੁਸਾਰ ਦਿਨ 'ਚ ਦੋ-ਤਿੰਨ ਅਲੱਗ-ਅਲੱਗ ਟਾਈਮ ਸਲਾਟ ਤੇ ਦੋ-ਤਿੰਨ ਅਲੱਗ-ਅਲੱਗ ਤਰੀਕਾਂ 'ਚੋਂ ਕਿਸੇ ਇਕ ਦੀ ਚੋਣ ਕਰ ਸਕਦੇ ਹਨ।

ਜੋ ਵਿਦਿਆਰਥੀ ਇਸ ਦੇ ਆਦੀ ਹੋ ਜਾਂਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਜ਼ਿਆਦਾ ਸੁਵਿਧਾਜਨਕ ਹਨ। ਪਹਿਲੀ ਵਾਰ ਆਨਲਾਈਨ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਤਾਂ ਘਬਰਾਹਟ ਜ਼ਰੂਰ ਹੁੰਦੀ ਹੈ। ਕੁਝ ਗੱਲਾਂ 'ਤੇ ਗ਼ੌਰ ਕਰ ਕੇ ਉਹ ਇਹ ਪ੍ਰੀਖਿਆ ਦੇ ਸਕਦੇ ਹਨ।

ਤਕਨੀਕ ਦੀ ਜਾਣਕਾਰੀ

ਕਿਸੇ ਵੀ ਆਨਲਾਈਨ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਲਈ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਤਕਨੀਕ ਦੇ ਜਾਣਕਾਰ ਬਣੋ, ਭਾਵ ਕੰਪਿਊਟਰ ਦੀ ਕਾਰਜ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਜਾਣ ਲਵੋ। ਇਸ ਲਈ ਤੁਹਾਨੂੰ ਸ਼ੁਰੂ ਤੋਂ ਹੀ ਕੰਪਿਊਟਰ 'ਤੇ ਟਾਈਪਿੰਗ, ਸਰਚਿੰਗ ਤੇ ਲਰਨਿੰਗ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕੰਪਿਊਟਰ ਦੀ ਕਾਰਜ ਪ੍ਰਣਾਲੀ ਦੀ ਜਾਣਕਾਰੀ ਮਿਲੇਗੀ ਤੇ ਕਰਸਰ ਨੂੰ ਸਹੀ ਢੰਗ ਨਾਲ ਮੈਨੇਜ ਕਰਨਾ ਆ ਜਾਵੇਗਾ।

ਧਿਆਨ ਨਾਲ ਪੜ੍ਹੋ ਨਿਰਦੇਸ਼

ਪ੍ਰੀਖਿਆ ਸ਼ੁਰੂ ਕਰਨ ਤੋਂ ਪਹਿਲਾਂ ਦਿੱਤੇ ਗਏ ਨਿਰਦੇਸ਼ਾਂ ਨੂੰ ਸਾਵਧਾਨੀ ਨਾਲ ਪੜ੍ਹੋ। ਇਸ 'ਚ ਸਾਰੇ ਸਿੰਬਲ, ਐਬਰੀਵੇਸ਼ਨ ਸਮਝ ਲਵੋ। ਹਰ ਪ੍ਰਸ਼ਨ ਦੇ ਅੰਕ, ਜ਼ਰੂਰੀ ਪ੍ਰਸ਼ਨ, ਉਪਲੱਬਧ ਆਪਸ਼ਨ (ਜੇ ਹੈ ਤਾਂ) ਆਦਿ ਚੀਜ਼ਾਂ ਨੂੰ ਜਾਣ ਲਵੋ।

ਸੇਵ ਕਰਨਾ ਨਾ ਭੁੱਲੋ

ਜਦੋਂ ਵੀ ਤੁਸੀਂ ਕਿਸੇ ਪ੍ਰਸ਼ਨ ਦਾ ਜਵਾਬ ਦੇ ਰਹੋ ਤਾਂ ਆਪਣੀ ਮਾਰਕਿੰਗ ਜਾਂ ਉੱਤਰ ਨੂੰ ਸੇਵ ਜ਼ਰੂਰ ਕਰ ਲਵੋ। ਜੇ ਸਿਸਟਮ ਆਟੋਮੈਟਿਕਲੀ ਤੁਹਾਡਾ ਜਵਾਬ ਸੇਵ ਨਹੀਂ ਕਰਦਾ ਤਾਂ ਮੰਨਿਆ ਜਾਵੇਗਾ ਕਿ ਤੁਸੀਂ ਜਵਾਬ ਨਹੀਂ ਦਿੱਤਾ। ਰੀ ਅਟੈਂਪ, ਰੀਵਿਊ ਤੇ ਉੱਤਰ ਬਦਲਣ ਲਈ ਚੇਂਜ ਆਪਸ਼ਨ ਨੂੰ ਖੁੱਲ੍ਹਾ ਰੱਖਣ ਲਈ ਉੱਤਰ ਨੂੰ ਪਹਿਲੀ ਵਾਰ 'ਚ ਸਬਮਿਟ ਨਾ ਕਰੋ।

ਤਣਾਅ ਤੋਂ ਬਚੋ

ਤਕਨੀਕੀ ਸਮੱਸਿਆ ਕਦੇ ਵੀ ਕਿਸੇ ਨਾਲ ਵੀ ਹੋ ਸਕਦੀ ਹੈ। ਅਜਿਹੇ 'ਚ ਘਬਰਾਉਣ ਦਾ ਕੋਈ ਫ਼ਾਇਦਾ ਨਹੀਂ। ਉਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।

ਸਹੀ ਰਣਨੀਤੀ ਬਣਾਓ

ਆਨਲਾਈਨ ਪ੍ਰੀਖਿਆ 'ਚ ਤੁਹਾਨੂੰ ਸਹੀ ਰਣਨੀਤੀ ਤੋਂ ਕੰਮ ਲੈਣਾ ਚਾਹੀਦਾ ਹੈ। ਆਪਸ਼ਨਲ ਪ੍ਰਸ਼ਨਾਂ 'ਚ ਸਭ ਤੋਂ ਪਹਿਲਾਂ ਦੋ ਆਪਸ਼ਨ ਚੁਣੋ ਤੇ ਉਨ੍ਹਾਂ 'ਚੋਂ ਫਿਰ ਇਕ ਨੂੰ ਅੰਤਿਮ ਰੂਪ ਲਈ ਚੁਣੋ। ਨੈਗੇਟਿਵ ਮਾਰਕਿੰਗ ਹੈ ਤਾਂ ਕਿਸੇ ਵੀ ਪ੍ਰਸ਼ਨ ਨੂੰ ਉਦੋਂ ਹੀ ਹੱਲ ਕਰੋ, ਜਦੋਂ ਤੁਸੀਂ 50 ਫ਼ੀਸਦੀ ਤੋਂ ਜ਼ਿਆਦਾ ਯਕੀਨੀ ਹੋਵੋ। ਸੌਖੇ ਹਿੱਸੇ ਨੂੰ ਪਹਿਲਾਂ ਤੇ ਔਖੇ ਹਿੱਸੇ ਨੂੰ ਬਾਅਦ 'ਚ ਹੱਲ ਕਰੋ।

ਟਾਈਮ ਮੈਨੇਜਮੈਂਟ

ਆਨਲਾਈਨ ਟੈਸਟ 'ਚ ਵੀ ਟਾਈਮ ਮੈਨੇਜਮੈਂਟ ਬੇਹੱਦ ਜ਼ਰੂਰੀ ਹੈ। ਇਕ ਪ੍ਰਸ਼ਨ 'ਤੇ ਜ਼ਿਆਦਾ ਸਮਾਂ ਲੱਗਣ ਦੀ ਉਮੀਦ ਹੈ ਤਾਂ ਉਸ ਨੂੰ ਆਖ਼ਰ 'ਚ ਕਰੋ ਤੇ ਸਾਰੇ ਸਵਾਲਾਂ ਨੂੰ ਮੈਂਟਲ ਕੈਲਕੁਲੇਸ਼ਨ ਅਨੁਸਾਰ ਸਮਾਂ ਦਿਓ।

ਰਿਵਾਈਜ਼ ਕਰਨਾ ਜ਼ਰੂਰੀ

ਪੇਪਰ ਕਰਨ ਤੋਂ ਬਾਅਦ ਰਿਵਾਈਜ਼ ਜ਼ਰੂਰ ਕਰੋ। ਕਈ ਵਾਰ ਸਹੀ ਜਵਾਬ ਜਾਣਦਿਆਂ ਵੀ ਅਸੀਂ ਗ਼ਲਤ ਬਟਨ ਦੱਬ ਦਿੰਦੇ ਹਾਂ, ਜਿਸ ਨਾਲ ਜਵਾਬ ਗ਼ਲਤ ਹੋ ਜਾਂਦਾ ਹੈ। ਰੀਵਿਊ ਦੌਰਾਨ ਤੁਸੀਂ ਅਜਿਹੀ ਗ਼ਲਤੀ ਨੂੰ ਆਸਾਨੀ ਨਾਲ ਫੜ ਸਕਦੇ ਹੋ। ਇਸ ਕੰਮ ਲਈ ਆਖ਼ਰ 'ਚ 10 ਮਿੰਟ ਜ਼ਰੂਰ ਰੱਖੋ।

ਸਿਲੇਬਸ ਬਾਰੇ ਜਾਣੋ

ਮੁਕਾਬਲਾ ਪ੍ਰੀਖਿਆ ਦਾ ਦਾਇਰਾ ਬਹੁਤ ਵੱਡਾ ਹੁੰਦਾ ਹੈ ਪਰ ਤੁਹਾਨੂੰ ਇਸ ਦੀ ਓਵਰਆਲ ਜਾਣਕਾਰੀ ਮਿਲ ਜਾਂਦੀ ਹੈ। ਫੀਲਡ ਨਾਲ ਜੁੜੀ ਹਰ ਨਵੀਂ ਖ਼ਬਰ ਜਾਂ ਰਿਸਰਚ 'ਤੇ ਨਜ਼ਰ ਰੱਖੋ। ਕਿਸੇ ਵੀ ਪ੍ਰੀਖਿਆ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਪੂਰੇ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ। ਕੋਰਸ ਦੀ ਪੂਰੀ ਪੜ੍ਹਾਈ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਹੀ ਪ੍ਰੀਖਿਆ ਦੇਣ ਜਾਵੋ।

ਟੈਸਟ ਫਾਰਮੈੱਟ

ਤੁਸੀਂ ਜਿਹੜਾ ਟੈਸਟ ਦੇਣ ਜਾ ਰਹੇ ਹੋ, ਉਸ ਦਾ ਫਾਰਮੈੱਟ ਕਿਸ ਤਰ੍ਹਾਂ ਦਾ ਹੈ। ਇਹ ਤਜਰਬੇਕਾਰ ਲੋਕਾਂ, ਆਪਣੇ ਅਧਿਆਪਕ ਤੇ ਆਨਲਾਈਨ ਉਪਲੱਬਧ ਜਾਣਕਾਰੀਆਂ ਜ਼ਰੀਏ ਪਤਾ ਕਰੋ। ਮਲਟੀਪਲ ਚੁਆਇਸ, ਫਿਲ ਇਨ ਤੇ ਸ਼ਾਰਟ ਉੱਤਰ ਦਾ ਕਿਹੋ ਜਿਹਾ ਮੇਲ ਰਹਿੰਦਾ ਹੈ, ਇਹ ਪਤਾ ਲਗਾ ਲਵੋ।

Posted By: Harjinder Sodhi