ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨੇ ਸਿੱਖਿਆ ਲਈ ਸੰਕਟਕਾਲੀਨ ਹਾਲਾਤ ਪੈਦਾ ਕਰ ਦਿੱਤੇ ਹਨ। ਇਸ ਮਹਾਮਾਰੀ ਦੀ ਵਜ੍ਹਾ ਕਰਕੇ ਸਕੂਲ ਬੰਦ ਕਰ ਦਿੱਤੇ ਗਏ ਸਨ। ਬ੍ਰਿਟਿਸ਼ ਚੈਰਿਟੀ ਸੰਸਥਾ 'ਸੇਵ ਦਿ ਚਿਲਡਰਨ' ਨੇ ਸੋਮਵਾਰ ਨੂੰ ਇਕ ਚਿਤਾਵਨੀ ਦਿੱਤੀ ਹੈ ਕਿ ਇਸ ਮਹਾਮਾਰੀ ਦੀ ਵਜ੍ਹਾ ਨਾਲ 97 ਲੱਖ ਬੱਚਿਆਂ ਨੂੰ ਕਲਾਸ 'ਚ ਨਾ ਜਾਣ ਦਾ ਖ਼ਤਰਾ ਹੈ। ਬ੍ਰਿਟਿਸ਼ ਚੈਰਿਟੀ ਨੇ ਯੂਨੈਸਕੋ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਅਪ੍ਰੈਲ 'ਚ ਕੋਵਿਡ-19 ਨੂੰ ਦੇਖਦਿਆਂ ਅਪਨਾਏ ਗਏ ਸੁਰੱਖਿਆ ਕਦਮਾਂ ਦੇ ਚੱਲਦਿਆਂ 1.6 ਅਰਬ ਵਿਦਿਆਰਥੀਆਂ ਨੂੰ ਸਕੂਲਾਂ-ਕਾਲਜਾਂ ਤੋਂ ਬਾਹਰ ਕਰ ਦਿੱਤਾ ਸੀ, ਜੋ ਦੁਨੀਆ ਦੀ ਪੂਰੀ ਆਬਾਦੀ ਦਾ ਲਗਪਗ 90 ਫ਼ੀਸਦੀ ਹੈ।

ਮਨੁੱਖੀ ਇਤਿਹਾਸ 'ਚ ਪਹਿਲੀ ਵਾਰ ਵਿਸ਼ਵ ਪੱਧਰ 'ਤੇ ਬੱਚਿਆਂ ਦੀ ਇਕ ਪੂਰੀ ਪੀੜ੍ਹੀ ਨੇ ਆਪਣੀ ਪੜ੍ਹਾਈ ਰੋਕ ਦਿੱਤੀ ਹੈ। 'ਸੇਵ ਅਵਰ ਐਜੂਕੇਸ਼ਨ' ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਸੰਕਟ ਦੀ ਵਜ੍ਹਾ ਨਾਲ ਆਈ ਆਰਥਿਕ ਗਿਰਾਵਟ ਨੇ 9 ਕਰੋੜ ਤੋਂ 11.7 ਕਰੋੜ ਬੱਚਿਆਂ ਨੂੰ ਗ਼ਰੀਬੀ 'ਚ ਪਾ ਦਿੱਤਾ, ਜਿਸ ਨਾਲ ਸਕੂਲ ਦੇ ਦਾਖ਼ਲਿਆਂ 'ਤੇ ਅਸਰ ਪਿਆ। ਕਈ ਨੌਜਵਾਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਜਾਂ ਲੜਕੀਆਂ ਆਪਣੇ ਪਰਿਵਾਰਾਂ ਨੂੰ ਸਮਰਥਨ ਦੇਣ ਲਈ ਛੇਤੀ ਵਿਆਹ ਕਰਵਾਉਣ ਲਈ ਮਜਬੂਰ ਹੋਣਗੀਆਂ।

ਲਿਹਾਜ਼ਾ ਕੋਰੋਨਾ ਵਾਇਰਸ ਮਹਾਮਾਰੀ 70 ਲੱਖ ਤੋਂ ਲੈ ਕੇ 97 ਲੱਖ ਬੱਚਿਆਂ ਦੇ ਸਥਾਈ ਰੂਪ ਨਾਲ ਸਕੂਲ ਛੱਡਣ ਦਾ ਕਾਰਨ ਬਣ ਸਕਦੀ ਹੈ। ਚੈਰਿਟੀ ਨੇ ਚਿਤਾਵਨੀ ਦਿੱਤੀ ਕਿ ਸਾਲ 2021 ਦੇ ਅੰਤ ਤਕ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ 'ਚ ਸਿੱਖਿਆ ਬਜਟ 'ਚ 77 ਅਰਬ ਡਾਲਰ ਦੀ ਕਮੀ ਆ ਸਕਦੀ ਹੈ। ਸੇਵ ਦਿ ਚਿਲਡਰਨ ਦੇ ਚੀਫ ਅਗਜ਼ੈਕਟਿਵ ਇੰਗਰ ਅਸ਼ਿੰਗ ਨੇ ਕਿਹਾ ਕਿ ਲਗਪਗ ਇਕ ਕਰੋੜ ਬੱਚੇ ਕਦੇ ਵੀ ਸਕੂਲ ਵਾਪਸ ਨਹੀਂ ਆ ਸਕਦੇ। ਇਹ ਸਿੱਖਿਆ ਲਈ ਸੰਕਟਕਾਲੀਨ ਹਾਲਾਤ ਹਨ ਤੇ ਸਰਕਾਰਾਂ ਨੂੰ ਤੁਰੰਤ ਸਿੱਖਿਆ ਵਿਵਸਥਾ 'ਚ ਨਿਵੇਸ਼ ਕਰਨਾ ਚਾਹੀਦਾ ਹੈ।

Posted By: Harjinder Sodhi