ਸੇਵਾ ਦੇ ਸਿਧਾਂਤ ਨਾਲ ਸਥਾਪਿਤ ਕੀਤੀ ਗਈ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਆਪਣੀ ਵੱਖਰੀ ਪਹੁੰਚ ਵਿਧੀ ਰਾਹੀਂ ਵਿੱਦਿਆ ਦੇ ਖੇਤਰ ’ਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਇਹ ਪਹੁੰਚ ਵਿਧੀ ਇਸ ਕਰਕੇ ਵਿਸ਼ੇਸ਼ ਹੈ ਕਿਉਂਕਿ ਇਸ ਯੂਨੀਵਰਸਿਟੀ ਦਾ ਮਕਸਦ ਉਨ੍ਹਾਂ ਲੋਕਾਂ ਤਕ ਵੀ ਵਿੱਦਿਆ ਨੂੰ ਪਹੁੰਚਾਉਣਾ ਹੈ, ਜੋ ਕਿਸੇ ਨਾ ਕਿਸੇ ਕਾਰਨ ਆਪਣੇ ਘਰਾਂ ਵਿੱਚੋਂ ਯੂਨੀਵਰਸਿਟੀਆਂ ਤਕ ਪਹੁੰਚ ਨਹੀਂ ਕਰ ਸਕਦੇ ਪਰ ਉਨ੍ਹਾਂ ਦੇ ਮਨਾਂ ’ਚ ਹਮੇਸ਼ਾ ਪੜ੍ਹਨ ਦੀ ਜਗਿਆਸਾ ਰਹਿੰਦੀ ਹੈ। ਦੂਸਰਾ ਵੱਡਾ ਕਾਰਨ ਇਸ ਦੀ ਸਥਾਪਨਾ ਪਿੱਛੇ ਇਹ ਹੈ ਕਿ ਅੱਜ ਦੇ ਤੌਰ ’ਚ ਜਦੋਂ ਕੋਰੋਨਾ ਮਹਾਮਾਰੀ ਨੇ ਸਮੁੱਚੇ ਸੰਸਾਰ ਨੂੰ ਆਨਲਾਈਨ ਪੱਧਰ ਉੱਤੇ ਖੜ੍ਹਾ ਕਰ ਦਿੱਤਾ ਹੈ ਤਾਂ ਇਹ ਵੀ ਸਮੇਂ ਦੀ ਲੋੜ ਬਣ ਜਾਂਦੀ ਹੈ ਕਿ ਕਿਉਂ ਨਾ ਆਨਲਾਈਨ/ਡਿਸਟੈਂਸ ਰੂਪ ਵਿਚ ਵੀ ਸਰਕਾਰੀ ਯੂਨੀਵਰਸਿਟੀਆਂ ਵੱਲੋਂ ਪੜ੍ਹਾਈ ਕਰਵਾਈ ਜਾਵੇ, ਜਿਸ ਦੀ ਫ਼ੀਸ ਆਮ ਆਦਮੀ ਦੀ ਸਮਰੱਥਾ ਮੁਤਾਬਿਕ ਹੋਵੇ ਅਤੇ ਸਿਲੇਬਸ ਪੱਖੋਂ ਸਾਰਾ ਮਟੀਰੀਅਲ ਗੁਣਾਤਮਕ ਹੋਵੇ। ਅਜਿਹੀ ਸੋਚ ਵਿੱਚੋਂ ਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਟੇਟ ਦੀ ਪਹਿਲੀ ਓਪਨ ਯੂਨੀਵਰਸਿਟੀ ਸ਼ੁਰੂ ਕੀਤੀ ਗਈ, ਜਿਸ ਵਿਚ ਵੱਖੋ-ਵੱਖਰੇ ਕੋਰਸ ਆਨਲਾਈਨ ਪੱਧਰ ਉੱਪਰ ਕਰਵਾਏ ਜਾ ਰਹੇ ਹਨ। ਲਗਭਗ ਇਕ ਸਾਲ ਦੇ ਅਰਸੇ ਦੌਰਾਨ ਹੀ ਦਸ ਹਜ਼ਾਰ ਦੇ ਕਰੀਬ ਵਿਦਿਆਰਥੀ ਵੱਖੋ-ਵੱਖਰੇ ਕੋਰਸ ਕਰ ਰਹੇ ਹਨ, ਜੋ ਇਸ ਯੂਨੀਵਰਸਿਟੀ ਦੀ ਪਹਿਲੇ ਸਾਲ ਦੀ ਪ੍ਰਾਪਤੀ ਹੈ।

ਇਨਕਮ ਟੈਕਸ ਰਿਟਰਨ ਤੇ ਜੀਐੱਸਟੀ ਦਾ ਕੋਰਸ

ਯੂਨੀਵਰਸਿਟੀ ਨੇ ਆਪਣੇ ਸ਼ੁਰੂਆਤੀ ਦੌਰ ’ਚ 6 ਵੱਡੇ ਵਿਭਾਗਾਂ ਦੀ ਸਥਾਪਨਾ ਕੀਤੀ। ਇਨ੍ਹਾਂ ਵਿਭਾਗਾਂ ਵੱਲੋਂ ਹੀ ਸਰਟੀਫਿਕੇਟ ਕੋਰਸ, ਡਿਗਰੀ ਕੋਰਸ ਤੇ ਡਿਪਲੋਮਾ ਕੋਰਸ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਸਾਰੇ ਕੋਰਸਾਂ ਦੀ ਖ਼ੂੂਬਸੂਰਤੀ ਇਹ ਹੈ ਕਿ ਇਹ ਸਾਰੇ ਕੋਰਸ ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਤਿਆਰ ਕੀਤੇ ਗਏ ਹਨ।

ਉਦਾਹਰਨ ਦੇ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਹਰ ਵਿਅਕਤੀ ਇਨਕਮ ਟੈਕਸ ਰਿਟਰਨ ਭਰਦਾ ਹੈ। ਸਰਕਾਰ ਦੇ ਪੱਧਰ ਉੱਪਰ ਇਨਕਮ ਟੈਕਸ ਭਰਨਾ ਅਤਿ ਜ਼ਰੂਰੀ ਹੈ। ਇਨਕਮ ਟੈਕਸ ਰਿਟਰਨ ਭਰਨ ਵੇਲੇ ਜਦੋਂ ਅਸੀਂ ਬਾਜ਼ਾਰ ’ਚ ਜਾਂਦੇ ਹਾਂ ਤਾਂ ਉੱਥੇ ਸਾਡੇ ਕੋਲੋਂ ਲਗਭਗ 1000 ਰੁਪਏ ਦੇ ਕਰੀਬ ਰਿਟਰਨ ਭਰਨ ਦਾ ਚਾਰਜ ਲਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜੀਐੱਸਟੀ, ਜੋ ਦੁਕਾਨਦਾਰਾਂ ਲਈ ਬਹੁਤ ਜ਼ਰੂਰੀ ਹੈ, ਨਾ ਭਰਨ ’ਤੇ ਸਰਕਾਰ ਜੁਰਮਾਨਾ ਕਰਦੀ ਹੈ।

ਜੀਐੱਸਟੀ ਭਰਨ ਲਈ ਵੀ ਪੈਸੇ ਦੇਣੇ ਪੈਂਦੇ ਹਨ, ਇਨ੍ਹਾਂ ਸਾਰੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਯੂਨੀਵਰਸਿਟੀ ਨੇ ਇਨਕਮ ਟੈਕਸ ਰਿਟਰਨ ਅਤੇ ਜੀਐੱਸਟੀ ਦਾ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਹੀ ਤਿਆਰ ਕਰ ਦਿੱਤ ਹੈ, ਤਾਂ ਜੋ ਹਰ ਕੋਈ ਆਸਾਨੀ ਨਾਲ ਰਿਟਰਨ ਬਗ਼ੈਰਾ ਭਰ ਸਕੇ।

ਧਰਮ ਨਾਲ ਸਬੰਧਤ ਕੋਰਸ

ਧਰਮ ਦੀ ਸੁਚੱਜੀ ਜੀਵਨ ਜਾਚ ਦਰਸਾਉਣ ਲਈ ਤਿੰਨ ਕੋਰਸ ਸਰਟੀਫਿਕੇਟ ਕੋਰਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਅਤੇ ਡਿਪਲੋਮਾ ਇਨ ਸਿੱਖ ਥਿਓਲੋਜੀ ਚਲਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਦੀ ਸਫਲਤਾ ਨੂੰ ਦੇਖਦਿਆਂ ਯੂਨੀਵਰਸਿਟੀ ਵੱਡਾ ਉਪਰਾਲਾ ਕਰਨ ਜਾ ਰਹੀ ਹੈ, ਜਿਸ ਦਾ ਮਕਸਦ ਵਿਦੇਸ਼ਾਂ ’ਚ ਜੰਮਪਲ ਸਿੱਖ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਜਾਣੂ ਕਰਵਾਉਣਾ ਹੈ। ਯੂਨੀਵਰਸਿਟੀ ਨੇ ਇਨ੍ਹਾਂ ਕੋਰਸਾਂ ਨੂੰ ਆਨਲਾਈਨ ਵਿਦੇਸ਼ਾਂ ’ਚ ਚਲਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਦੁਨੀਆ ਦੇ ਕਿਸੇ ਵੀ ਕੋਨੇ ’ਚ ਬੈਠਾ ਵਿਅਕਤੀ ਇਹ ਕੋਰਸ ਕਰ ਸਕੇ।

ਆਨਲਾਈਨ ਕਲਾਸ ਦੀ ਸਹੂਲਤ

ਆਨਲਾਈਨ ਕਲਾਸ ਦੀ ਸਹੂਲਤ ਲਈ ਯੂਨੀਵਰਸਿਟੀ ’ਚ ਮਲਟੀਮੀਡੀਆ ਰੂਮ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲਾਈਵ ਕਲਾਸਾਂ ਲੱਗਣਗੀਆਂ। ਵਿਦੇਸ਼ ਦੀਆਂ ਕਈ ਸੰਸਥਾਵਾਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਨਵਾਂ ਕੋਰਸ 2 ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਫਾਊਂਡਰ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੁਆਰਾ ਲਿਖੀ ਕਿਤਾਬ :2 9 ’ਤੇ ਅਧਾਰਿਤ ਹੋਵੇਗਾ। ਇਸ ਤਰ੍ਹਾਂ ਦੇ ਹੋਰ ਬਹੁਤ ਕੋਰਸ ਹਨ, ਜੋ ਆਉਣ ਵਾਲੇ ਸਮੇਂ ’ਚ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ। ਪੰਜਾਬ ਵਾਸੀ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਰਹਿੰਦੇ ਪੰਜਾਬੀ ਵੀ ਇਸ ਯੂਨੀਵਰਸਿਟੀ ਨਾਲ ਜੁੜ ਕੇ ਖ਼ੁਦ ’ਤੇ ਮਾਣ ਮਹਿਸੂਸ ਕਰਨਗੇ ਤੇ ਵਿੱਦਿਆ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਗੇ।

- ਸੁਖਦੇਵ ਸਿੰਘ

Posted By: Harjinder Sodhi