ਹਾਲ ਹੀ 'ਚ ਆਈ ਇਕ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦੁਨੀਆ ਭਰ 'ਚ ਕਰੀਬ 48 ਫ਼ੀਸਦੀ ਉਦਯੋਗ ਰੋਬੋਟਿਕ ਪ੍ਰੋਸੈੱਸ ਆਟੋਮੇਸ਼ਨ ਨੂੰ ਅਪਨਾਉਣ ਦੀ ਰਫ਼ਤਾਰ ਤੇਜ਼ ਕਰਨਗੇ। ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਸਮੇਤ ਦੁਨੀਆ ਭਰ 'ਚ ਰੋਬੋਟਿਕਸ ਆਧਾਰਤ ਤਕਨੀਕ ਅਪਨਾਉਣ ਦੀਆਂ ਖ਼ਬਰਾਂ ਆਈਆਂ ਹਨ। ਕਈ ਖੇਤਰਾਂ 'ਚ ਰੋਬੋਟਿਕ ਪ੍ਰੋਸੈਸ ਆਟੋਮੇਸ਼ਨ ਦੇ ਇਸਤੇਮਾਲ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ 'ਚ ਰੋਬੋਟਿਕਸ ਇੰਜੀਨੀਅਰਿੰਗ ਸੰਭਾਵਨਾਵਾਂ ਭਰਪੂਰ ਕੰਮ ਦੇ ਖੇਤਰ ਵਜੋਂ ਉਭਰ ਰਿਹਾ ਹੈ। ਕੋਵਿਡ-19 ਤੋਂ ਬਾਅਦ ਆਈਆਂ ਖ਼ਬਰਾਂ ਇਹ ਦੱਸਦੀਆਂ ਹਨ ਕਿ ਰੋਬੋਟਿਕਸ ਦੀ ਪ੍ਰਸਿੱਧੀ 'ਚ ਤੇਜ਼ੀ ਨਾਲ ਵਾਧਾ ਹੋਣ ਵਾਲਾ ਹੈ। ਜ਼ਾਹਿਰ ਹੈ ਕਿ ਰੋਬੋਟਿਕਸ ਇੰਜੀਨੀਅਰਿੰਗ ਦੇ ਪੇਸ਼ੇਵਰਾਂ ਲਈ ਨਵੇਂ ਤੇ ਬਿਹਤਰੀਨ ਮੌਕੇ ਬਣਨਗੇ।

ਰੋਬੋਟਿਕਸ ਇੰਜੀਨੀਅਰ

ਜੇ ਤੁਸੀਂ ਵੀ ਰੋਬੋਟ ਦੇ ਨਿਰਮਾਣ ਦਾ ਸੁਪਨਾ ਦੇਖਦੇ ਹੋ ਜਾਂ 'ਆਇਰਨ ਮੈਨ' ਦੀ ਕਲਪਨਾ ਤੁਹਾਨੂੰ ਹੈਰਾਨ ਕਰਦੀ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਡਾ ਰੁਝਾਨ ਰੋਬੋਟਿਕਸ ਇੰਜੀਨੀਅਰਿੰਗ 'ਚ ਹੈ। ਇੰਜੀਨੀਅਰਿੰਗ ਦੀ ਇਕ ਸਪੈਸ਼ਲ ਬ੍ਰਾਂਚ ਹੈ ਰੋਬੋਟਿਕਸ ਇੰਜੀਨੀਅਰਿੰਗ, ਜੋ ਇਲੈਕਟ੍ਰੋ-ਮਕੈਨਿਕਸ, ਰੋਬੋਟਿਕ ਸੈਂਸਰਜ਼, ਆਟੋਮੈਟਿਕ ਸਿਸਟਮ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਸਥਾਰ ਬਾਰੇ ਗਿਆਨ ਦਿੰਦੀ ਹੈ। ਇਸ ਕੋਰਸ 'ਚ ਰੋਬੋਟ ਨੂੰ ਡਿਜ਼ਾਈਨ ਕਰਨਾ, ਉਸ ਦੀ ਸੰਭਾਲ, ਨਵੀਆਂ ਐਪਲੀਕੇਸ਼ਨਾਂ ਦਾ ਵਿਕਾਸ ਕਰਨਾ ਤੇ ਆਟੋਮੇਸ਼ਨ ਸਿਸਟਮ ਦੇ ਖੇਤਰ 'ਚ ਰਿਸਰਚ ਕਰਨਾ ਸ਼ਾਮਿਲ ਹੈ। ਖ਼ੁਦ ਚੱਲਣ ਵਾਲੀਆਂ ਕਾਰਾਂ ਦੇ ਵਿਚਾਰ ਨਾਲ ਆਟੋਮੇਸ਼ਨ ਤੇ ਰੋਬੋਟਿਕਸ ਦੇ ਕੋਰਸ ਦਾ ਜਨਮ ਹੋਇਆ ਹੈ। ਘੱਟ ਲਾਗਤ ਨਾਲ ਗੁਣਵੱਤਾ ਵਾਲੇ ਉਤਪਾਦਾਂ ਤੇ ਸੇਵਾਵਾਂ ਦੀ ਵੱਧਦੀ ਮੰਗ ਦੇ ਚੱਲਦਿਆਂ ਰੋਬੋਟਿਕਸ ਇੰਜੀਨੀਅਰਿੰਗ ਇਕ ਮਹੱਤਵਪੂਰਨ ਖੇਤਰ ਦੇ ਰੂਪ 'ਚ ਉਭਰਿਆ ਹੈ।

ਵਿੱਦਿਅਕ ਯੋਗਤਾ

ਫਿਜ਼ਿਕਸ, ਕੈਮਿਸਟਰੀ ਤੇ ਗਣਿਤ ਸਟ੍ਰੀਮ ਨਾਲ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਰੋਬੋਟਿਕਸ, ਮੈਕਾਟ੍ਰਾਨਿਕਸ 'ਚ ਬੀ ਟੈੱਕ, ਬੀਈ ਕਰ ਕੇ ਅੱਗੇ ਵੱਧ ਸਕਦੇ ਹੋ। ਇਸ ਤੋਂ ਬਾਅਦ ਰੋਬੋਟਿਕਸ ਦੀ ਸਪੈਸ਼ਲਾਈਜ਼ਡ ਬ੍ਰਾਂਚ 'ਚ ਐੱਮਟੈੱਕ ਤੇ ਅੱਗੋਂ ਇਸ ਨਾਲ ਸਬੰਧਤ ਖੇਤਰ 'ਚ ਪੀਐੱਚਡੀ ਕਰਨ ਦਾ ਬਦਲ ਹੈ। ਇਸ ਤੋਂ ਇਲਾਵਾ ਇਲੈਕਟ੍ਰਾਨਿਕਸ, ਮਕੈਨੀਕਲ, ਇਲੈਕਟ੍ਰੀਕਲ, ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ, ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ 'ਚ ਬੀਟੈੱਕ, ਬੀਈ ਕਰਨ ਤੋਂ ਬਾਅਦ ਵੀ ਰੋਬੋਟਿਕਸ ਦੀ ਪੜ੍ਹਾਈ ਕਰ ਸਕਦੇ ਹੋ। ਰੋਬੋਟਿਕਸ, ਮੈਕਾਟ੍ਰਾਨਿਕਸ ਜਾਂ ਹੋਰ ਸਬੰਧਤ ਸਪੈਸ਼ਲਾਈਜ਼ੇਸ਼ਨ ਨਾਲ ਐੱਮਟੈੱਕ ਕਰ ਸਕਦੇ ਹੋ। ਰੋਬੋਟਿਕਸ ਦੇ ਖੇਤਰ 'ਚ ਰੋਬੋਟ ਤਕਨਾਲੋਜੀ ਜਾਂ ਇਸ ਨਾਲ ਸਬੰਧਤ ਵਿਸ਼ਿਆਂ 'ਚ ਦੋ ਸਾਲਾ ਐਸੋਸੀਏਟ ਡਿਗਰੀ ਜਾਂ ਡਿਪਲੋਮਾ ਵੀ ਕਰ ਸਕਦੇ ਹੋ ਤੇ ਰੋਬੋਟਿਕਸ ਇੰਜੀਨੀਅਰ ਦੇ ਸਹਾਇਕ ਦੇ ਰੂਪ 'ਚ ਕੰਮ ਕਰ ਸਕਦੇ ਹੋ। ਸਾਰੀਆਂ ਸੰਸਥਾਵਾਂ ਆਈਆਈਟੀ, ਜੇਈਈ ਸਕੋਰ ਦੇ ਮਾਧਿਅਮ ਨਾਲ ਅੰਡਰ ਗ੍ਰੈਜੂਏਟ ਕੋਰਸ ਤੇ ਗੇਟ ਸਕੋਰ ਜ਼ਰੀਏ ਪੀਜੀ ਕੋਰਸ 'ਚ ਦਾਖ਼ਲਾ ਦਿੰਦੀਆਂ ਹਨ।

ਨੌਕਰੀ ਦੇ ਮੌਕੇ

ਅੱਜ ਡਿਫੈਂਸ, ਸਪੇਸ, ਇਲੈਕਟ੍ਰਾਨਿਕਸ, ਪਲਾਸਟਿਕ, ਪੈਟਰੋਲੀਅਮ ਐਕਸਪਲੋਰੇਸ਼ਨ, ਪਾਵਰ ਪਲਾਂਟ ਰੱਖ-ਰਖਾਓ, ਔਸ਼ਧੀ ਨਿਰਮਾਣ, ਭੋਜਨ ਤੇ ਪੀਣ ਪਦਾਰਥ, ਗੇਮਿੰਗ ਇੰਡਸਟਰੀ ਆਦਿ 'ਚ ਰੋਬੋਟਿਕਸ ਦੀ ਵਰਤੋਂ ਹੋ ਰਹੀ ਹੈ। ਇਸ ਖੇਤਰ ਦੇ ਪੇਸ਼ੇਵਰਾਂ ਲਈ ਆਟੋਮੋਬਾਈਲ ਤੇ ਇੰਡਸਟਰੀਅਲ ਟੂਲਜ਼ 'ਚ ਵੀ ਮੌਕੇ ਮੁਹੱਈਆ ਹਨ। ਐਟੋਮੇਸ਼ਨ ਤੇ ਰੋਬੋਟਿਕਸ ਇੰਜੀਨੀਅਰਿੰਗ 'ਚ ਮਾਹਿਰਤਾ ਰਿਸਰਚ, ਨਿਰਮਾਣ, ਮਾਈਨਿੰਗ, ਨਿਊਕਲੀਅਰ ਪਲਾਂਟਸ ਤੇ ਹੋਰ ਖੇਤਰਾਂ 'ਚ ਨੌਕਰੀ ਦੇ ਦਰਵਾਜ਼ੇ ਖੋਲ੍ਹਦੀ ਹੈ। ਰੋਬੋਟ ਤਕਨਾਲੋਜੀ, ਕੰਪਿਊਟਰ ਕੰਟਰੋਲਡ ਮਸ਼ੀਨ ਪ੍ਰੋਗਰਾਮਿੰਗ, ਰੋਬੋਟਿਕਸ ਸੇਲਜ਼ 'ਚ ਵੀ ਨੌਕਰੀ ਦੇ ਮੌਕੇ ਹੁੰਦੇ ਹਨ। ਰੋਬੋਟਿਕਸ ਇੰਜੀਨੀਅਰਿੰਗ ਕਰ ਕੇ ਰੋਬੋਟਿਕ ਪ੍ਰੋਗਰਾਮਰ, ਰੋਬੋਟਿਕ ਸਿਸਟਮ ਇੰਜੀਨੀਅਰ, ਰੋਬੋਟ ਡਿਜ਼ਾਈਨ ਇੰਜੀਨੀਅਰ, ਆਟੋਮੇਟਿਡ ਪ੍ਰੋਡਕਟ ਡਿਜ਼ਾਈਨ ਇੰਜੀਨੀਅਰ, ਰੋਬੋਟਿਕਸ ਸਾਇੰਟਿਸਟ, ਰੋਬੋਟਿਕਸ ਟੈਸਟ ਇੰਜੀਨੀਅਰ ਵਜੋਂ ਵੀ ਤੁਸੀਂ ਅੱਗੇ ਵੱਧ ਸਕਦੇ ਹੋ। ਇਸ ਤਹਿਤ ਵਿਦੇਸ਼ਾਂ 'ਚ ਵੀ ਨੌਕਰੀ ਦੇ ਬਿਹਤਰੀਨ ਮੌਕੇ ਹਨ।

ਕੋਰਸ

ਰੋਬੋਟਿਕਸ 'ਚ ਕਰੀਅਰ ਬਣਾਉਣ ਲਈ ਰੋਬੋਟਿਕਸ ਨਾਲ ਸਬੰਧਤ ਵੱਖ-ਵੱਖ ਖੇਤਰਾਂ 'ਚ ਸਪੈਸ਼ਲਾਈਜ਼ੇਸ਼ਨ ਕਰਨਾ ਜ਼ਰੂਰੀ ਹੈ। ਇਸ ਤਹਿਤ ਮਾਈਕ੍ਰੋ ਰੋਬੋਟਿਕਸ, ਆਟੋਮੇਸ਼ਨ, ਬਾਇਓ ਸਾਈਬਰਨੈਟਿਕਸ, ਡਿਜੀਟਲ ਇਲੈਕਟ੍ਰਾਨਿਕਸ ਐਂਡ ਮਾਈਕ੍ਰੋ ਪ੍ਰੋਸੈਸਰਰਜ਼, ਮੈਡੀਕਲ ਰੋਬੋਟਿਕਸ, ਡਿਜ਼ਾਈਨ ਐਂਡ ਕੰਟਰੋਲ, ਸਿਗਨਲ ਪ੍ਰੋਸੈਸਿੰਗ, ਕੰਪਿਊਟਰ ਇੰਟੀਗ੍ਰੇਟਡ ਮੈਨੂਫੈਕਚਰਿੰਗ ਸਿਸਟਮ, ਰੋਬੋਟ ਮੋਸ਼ਨ ਪਲਾਨਿੰਗ, ਕੰਪਿਊਟੇਸ਼ਨਲ ਜਿਓਮੈਟ੍ਰੀ, ਕੰਪਿਊਟਰ ਏਡਿਡ ਮੈਨੂਫੈਕਚਰਿੰਗ 'ਚ ਸਪੈਸ਼ਲਾਈਜ਼ੇਸ਼ਨ ਕੀਤਾ ਜਾ ਸਕਦਾ ਹੈ।

Posted By: Harjinder Sodhi