ਨਵੀਂ ਦਿੱਲੀ, ਔਨਲਾਈਨ ਡੈਸਕ : ਨੈਸ਼ਨਲ ਟੈਸਟਿੰਗ ਏਜੰਸੀ (NTA) ਅੱਜ, 27 ਅਕਤੂਬਰ 2021 ਨੂੰ NEET UG 2021 ਪ੍ਰੀਖਿਆ ਨਤੀਜੇ ਨੂੰ ਅਪਡੇਟ ਕਰ ਸਕਦੀ ਹੈ। ਸੁਪਰੀਮ ਕੋਰਟ ਵਿੱਚ ਅੱਜ ਹੋਣ ਵਾਲੀ ਇੱਕ ਸਬੰਧਤ ਮਾਮਲੇ ਦੀ 'Urgent Hearing' ਤੋਂ ਬਾਅਦ ਏਜੰਸੀ ਦੁਆਰਾ NEET ਨਤੀਜੇ 2021 ਦੀ ਮਿਤੀ ਦਾ ਐਲਾਨ ਕੀਤਾ ਜਾ ਸਕਦਾ ਹੈ। ਦਰਅਸਲ, NTA ਨੇ NEET UG 2021 ਬਾਰੇ ਬੰਬੇ ਹਾਈ ਕੋਰਟ ਦੇ 20 ਅਕਤੂਬਰ 2021 ਦੇ ਆਦੇਸ਼ ਦੇ ਖਿਲਾਫ਼ ਸੋਮਵਾਰ, 25 ਅਕਤੂਬਰ 2021 ਨੂੰ ਸੁਪਰੀਮ ਕੋਰਟ ਵਿੱਚ ਇੱਕ ਅਪੀਲ ਪਟੀਸ਼ਨ ਦਾਇਰ ਕੀਤੀ ਸੀ, ਜਿਸਦੀ ਸੁਣਵਾਈ ਅੱਜ ਹੋਣੀ ਹੈ। ਐਨਟੀਏ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ 'Urgent Hearing' ਕਰਨ ਦੀ ਬੇਨਤੀ ਕੀਤੀ ਸੀ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨ. ਵੀ. ਰਮਨਾ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਦੇ ਸਾਹਮਣੇ ਐਨਟੀਏ ਲਈ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਨੇ ਕਿਹਾ ਕਿ ਏਜੰਸੀ NEET 2021 ਦੇ ਨਤੀਜੇ ਦਾ ਐਲਾਨ ਕਰਨ ਲਈ ਤਿਆਰ ਹੈ ਪਰ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਨਤੀਜਿਆਂ ਦੀ ਘੋਸ਼ਣਾ ਨੂੰ ਰੋਕ ਦਿੱਤਾ ਗਿਆ ਹੈ। ਸਾਲਿਸਟਰ ਜਨਰਲ ਨੇ ਦਲੀਲ ਦਿੱਤੀ ਕਿ ਦੇਸ਼ ਭਰ ਦੇ 16 ਲੱਖ ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਏਜੰਸੀ ਵੱਲੋਂ ਦੱਸਿਆ ਗਿਆ ਕਿ ਪ੍ਰੀਖਿਆ 12 ਸਤੰਬਰ ਨੂੰ ਹੋਈ ਸੀ ਅਤੇ ਨਤੀਜੇ ਪਹਿਲਾਂ ਹੀ ਦੇਰੀ ਨਾਲ ਆ ਚੁੱਕੇ ਹਨ। ਮਾਮਲੇ ਦੀ ਸੁਣਵਾਈ ਵਿੱਚ ਦੇਰੀ ਨਾਲ ਯੂਜੀ ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਵਿੱਚ ਵੀ ਦੇਰੀ ਹੋਵੇਗੀ। ਇਸ ’ਤੇ ਡਿਵੀਜ਼ਨ ਬੈਂਚ ਨੇ ਲਾਅ ਅਫ਼ਸਰ ਨੂੰ ਹਦਾਇਤ ਕੀਤੀ ਹੈ ਕਿ ਉਹ ਮਾਮਲੇ ਦੀ ਸੁਣਵਾਈ ਕਰ ਰਹੇ ਡਿਵੀਜ਼ਨ ਬੈਂਚ ਅੱਗੇ 'Urgent Hearing' ਲਈ ਪੇਸ਼ ਕਰਨ।

ਮੰਨਿਆ ਜਾ ਰਿਹਾ ਹੈ ਕਿ NEET 2021 ਨੂੰ ਲੈ ਕੇ ਇਸ ਮਾਮਲੇ ਦੀ ਸੁਣਵਾਈ ਇਸ ਹਫ਼ਤੇ NEET UG 2021 ਦੇ ਨਤੀਜੇ ਦੇ ਐਲਾਨ ਤੋਂ ਤੁਰੰਤ ਬਾਅਦ ਹੋ ਸਕਦੀ ਹੈ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ NEET 2021 ਦਾ ਨਤੀਜਾ ਅਤੇ ਸਕੋਰ ਕਾਰਡ ਪ੍ਰੀਖਿਆ ਪੋਰਟਲ, neet.nta.nic.in 'ਤੇ ਜਾਰੀ ਕੀਤਾ ਜਾਵੇਗਾ, ਇਸ ਲਈ ਉਮੀਦਵਾਰਾਂ ਨੂੰ ਪੋਰਟਲ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

Posted By: Ramandeep Kaur