ਚੰਗੇ ਭਵਿੱਖ ਦੀ ਨੀਂਹ ਤੁਹਾਡੀ ਬਿਹਤਰ ਬੁਨਿਆਦ 'ਤੇ ਨਿਰਭਰ ਕਰਦੀ ਹੈ। ਯੋਜਨਾ ਦੀ ਸ਼ੁਰੂਆਤ ਤੁਹਾਡੇ ਸ਼ੌਕ ਅਤੇ ਰੁਝਾਨ ਨਾਲ ਹੁੰਦੀ ਹੈ। ਜਦੋਂ ਸਕੂਲ ਸਿੱਖਿਆ ਪੂਰੀ ਕਰਨ ਤੋਂ ਬਾਅਦ ਤੁਸੀਂ ਉੱਚ ਸਿੱਖਿਆ ਲਈ ਪ੍ਰੋਫੈਸ਼ਨਲ ਜਾਂ ਕਿਸੇ ਹੋਰ ਕੋਰਸ 'ਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਹੇ ਹੁੰਦੇ ਹੋ ਤਾਂ ਤੁਹਾਡੇ ਮਨ 'ਚ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਤਾਮਾਮ ਸਵਾਲ ਉੱਠਣੇ ਸੁਭਾਵਿਕ ਹਨ। ਆਓ, ਜਾਣਦੇ ਹਾਂ ਕਿ ਅਜਿਹੇ ਸਮੇਂ ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ ਤੇ ਭਵਿੱਖ ਦੀ ਯੋਜਨਾ ਕਿਵੇਂ ਤਿਆਰ ਕੀਤੀ ਜਾਵੇ...

ਚੰਗਾ ਭਵਿੱਖ ਕੀ ਹੈ? ਤੁਸੀਂ ਕਿਸ ਤਰ੍ਹਾਂ ਆਪਣੇ ਭਵਿੱਖ ਦੀ ਚੋਣ ਕਰਦੇ ਹੋ? ਕੀ ਤੁਸੀਂ ਕਿਤਾਬਾਂ ਪੜ੍ਹ ਕੇ ਫ਼ੈਸਲਾ ਕਰਦੇ ਹੋ ਕਿ ਤੁਸੀਂ ਕਿਸ ਖੇਤਰ 'ਚ ਜਾਣਾ ਹੈ। ਕਿਸੇ ਵੈੱਬਸਾਈਟ ਦੀ ਮਦਦ ਲੈਂਦੇ ਹੋ ਜਾਂ ਦੋਸਤਾਂ ਦੀ ਸਲਾਹ ਨਾਲ ਅੱਗੇ ਵਧਦੇ ਹੋ। ਸੰਭਵ ਹੈ ਕਿ ਇਨ੍ਹਾਂ ਸਾਰਿਆਂ ਵੱਲੋਂ ਦੱਸੀਆਂ ਗਈਆਂ ਗੱਲਾਂ ਚੰਗੀਆਂ ਹੋਣ ਪਰ ਜੇ ਤੁਹਾਡੀ ਸੋਚ ਇਨ੍ਹਾਂ ਨਾਲੋਂ ਵੱਖਰੀ ਹੈ ਅਤ ਤੁਹਾਡੇ ਮਨ ਵਿਚ ਕੁਝ ਹੋਰ ਹੈ ਤਾਂ ਤੁਸੀਂ ਉਦੋਂ ਕੀ ਕਰੋਗੇ? ਫਿਰ ਕਿਵੇਂ ਖ਼ੁਦ ਨੂੰ ਉਸ ਲਈ ਤਿਆਰ ਕਰੋਗੇ? ਤੁਹਾਡੀ ਯੋਜਨਾ ਕੀ ਹੋਵੇਗੀ? ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਸੌ ਫ਼ੀਸਦੀ ਕਰਨ ਦੀ ਕੋਸ਼ਿਸ਼ ਕਰੋ। ਫਿਰ ਦੇਖੋ ਉਹੀ ਕੰਮ ਕਿੰਨਾ ਵਧੀਆ ਹੋ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਤਹਿ ਕਰ ਹੀ ਲਿਆ ਕਿ ਤੁਸੀਂ ਆਪਣੇ ਮਨ ਦੀ ਸੁਣੋਗੇ ਤਾਂ ਫਿਰ ਜੁਟ ਜਾਓ ਯੋਜਨਾ ਬਣਾਉਣ ਵਿਚ।

ਇਕੱਠੀ ਕਰੋ ਜਾਣਕਾਰੀ

ਕੋਈ ਵੀ ਨਵਾਂ ਕੰਮ ਕਰਨ ਲਈ ਸਭ ਤੋਂ ਪਹਿਲੀ ਚੀਜ਼ ਹੈ ਜਾਣਕਾਰੀ ਹਾਸਲ ਕਰਨਾ। ਕੀ ਤੁਸੀਂ ਜੋ ਕੰਮ ਕਰਨ ਜਾ ਰਹੇ ਹੋ, ਉਸ ਬਾਰੇ ਤੁਸੀਂ ਪੂਰੀ ਜਾਣਕਾਰੀ ਹਾਸਲ ਕਰ ਲਈ ਹੈ? ਕੀ ਤੁਸੀਂ ਇਹ ਜਾਣ ਲਿਆ ਹੈ ਕਿ ਤੁਹਾਡਾ ਕੰਮ ਕਿਸ ਤਰ੍ਹਾਂ ਅੱਗੇ ਵਧੇਗਾ? ਕਿਹੜੇ-ਕਿਹੜੇ ਕਦਮ 'ਤੇ ਕੀ-ਕੀ ਗੱਲਾਂ ਸਾਹਮਣੇ ਆਉਣਗੀਆਂ। ਜ਼ਾਹਿਰ ਹੈ ਜੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਖ਼ੁਦ ਕੋਲੋਂ ਇਹ ਸਾਰੇ ਸਵਾਲ ਪੁੱਛ ਲਏ ਹਨ ਤਾਂ ਤੁਹਾਡਾ ਕੰਮ ਜ਼ਰੂਰ ਬਣੇਗਾ। ਹਰ ਨਵੇਂ ਕੰਮ ਤੋਂ ਪਹਿਲਾਂ ਖ਼ੁਦ ਤੋਂ ਜਵਾਬ ਮੰਗਣ ਦੀ ਕੋਸ਼ਿਸ਼ ਕਰੋ। ਸਹੀ ਜਵਾਬ ਮਿਲਣ ਤੋਂ ਬਾਅਦ ਹੀ ਅੱਗੇ ਵਧੋ।

ਸਹੀ ਫ਼ੈਸਲਾ

ਜੋ ਵੀ ਨਵਾਂ ਕੰਮ ਤੁਸੀਂ ਕਰਨ ਜਾ ਰਹੇ ਹੋ, ਕੀ ਉਸ ਲਈ ਕੋਈ ਸਮਾਂ-ਹੱਦ ਤੈਅ ਕੀਤੀ ਹੈ? ਸਮਾਂ-ਹੱਦ ਮਿੱਥਣ ਦਾ ਮਤਲਬ ਹੈ ਸਮੇਂ ਦਾ ਸਹੀ ਫ਼ੈਸਲਾ। ਕੀ ਤੁਸੀਂ ਖ਼ੁਦ ਨਾਲ ਇਹ ਸਵਾਲ ਕੀਤਾ ਹੈ ਕਿ ਆਖਰ ਕਿੰਨੇ ਸਮੇਂ ਤਕ ਤੁਹਾਡਾ ਇਹ ਕੰਮ ਪੂਰਾ ਹੋ ਸਕਦਾ ਹੈ ਤੇ ਕੀ-ਕੀ ਪੜਾਅ ਹੋ ਸਕਦੇ ਹਨ? ਇਹ ਮੰਨ ਕੇ ਚੱਲੋ ਕਿ ਤੁਸੀਂ ਜਿੰਨਾ ਜ਼ਿਆਦਾ ਇਮਾਨਦਾਰ ਹੋ ਕੇ ਕੰਮ ਬਾਰੇ ਸੋਚੋਗੇ, ਸਫਲਤਾ ਓਨੀ ਹੀ ਵੱਡੀ ਤੇ ਵਧੀਆ ਹੋਵੇਗੀ।

ਕੀ ਹੈ ਪਲਾਨ-ਬੀ?

ਜੇ ਪੂਰੀ ਤਿਆਰ ਨਾਲ ਅੱਗੇ ਵਧੋਗੇ ਤਾਂ ਪਲਾਨ-ਬੀ ਦੀ ਜ਼ਰੂਰਤ ਨਹੀਂ ਪਵੇਗੀ। ਜੇ ਪਲਾਨ-ਏ ਉਸ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਜਿਵੇਂ ਤੁਸੀਂ ਸੋਚਿਆ ਸੀ, ਤਾਂ ਤੁਸੀਂ ਕੀ ਕਰੋਗੇ? ਇਸ ਲਈ ਜ਼ਰੂਰੀ ਹੈ ਕਿ ਪਲਾਨ-ਬੀ ਜਾਂ ਅਗਲੀ ਯੋਜਨਾ ਬਾਰੇ ਵੀ ਪਹਿਲਾਂ ਹੀ ਸੋਚਿਆ ਜਾਵੇ। ਯਾਦ ਰੱਖੋ, ਕਈ ਵਾਰ ਚੀਜ਼ਾਂ ਉਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ, ਜਿਸ ਤਰ੍ਹਾਂ ਦੀਆਂ ਤੁਸੀਂ ਸੋਚੀਆਂ ਹੁੰਦੀਆਂ ਹਨ। ਤੁਸੀਂ ਜੋ ਕੁਝ ਵੀ ਨਵਾਂ ਕਰਨਾ ਚਾਹੁੰਦੇ ਹੋ, ਉਸ ਲਈ ਤੁਹਾਡੇ ਮਨ 'ਚ ਜਨੂੰਨ ਹੈ ਜਾਂ ਨਹੀਂ, ਇਹ ਜਾਨਣਾ ਬਹੁਤ ਜ਼ਰੂਰੀ ਹੈ। ਇਕ ਪਲ 'ਚ ਨਵਾਂ ਫ਼ੈਸਲਾ ਲੈਣਾ ਚੰਗੀ ਗੱਲ ਹੈ ਪਰ ਉਸ ਫ਼ੈਸਲੇ 'ਤੇ ਉਦੋਂ ਤਕ ਅਮਲ ਨਾ ਕਰੋ, ਜਦੋਂ ਤਕ ਤੁਸੀਂ ਉਸ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਜਾਂਦੇ।

ਧਿਆਨਯੋਗ ਗੱਲਾਂ

ਭਵਿੱਖ ਲਈ ਫ਼ੈਸਲਾ ਕਰਦੇ ਸਮੇਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਨ੍ਹਾਂ ਦੇ ਆਧਾਰ 'ਤੇ ਤੁਸੀਂ ਇਹ ਯਕੀਨੀ ਬਣਾਓ ਕਿ ਤੁਸੀਂ ਕਿਹੜੇ ਖੇਤਰ 'ਚ ਜਾਣਾ ਚਾਹੁੰਦੇ ਹੋ ਤੇ ਕੀ ਕਰਨਾ ਚਾਹੁੰਦੇ ਹੋ :

- ਪਿਛਲੇ ਸਾਲ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲ ਕਿਹੜੇ ਸਨ ਤੇ ਸਭ ਤੋਂ ਬੁਰੇਕਿਹੜੇ, ਉਨ੍ਹਾਂ ਬਾਰੇ ਗੰਭੀਰਤਾ ਨਾਲ ਸੋਚੋ।

- ਕਿਹੜੀ ਗੱਲ 'ਤੇ ਜ਼ਿਆਦਾ ਮਾਣ ਹੋਇਆ? ਮਤਲਬ ਮਾਣ ਕਰਨ ਦਾ ਪਲ ਕਿਵੇਂ ਆਇਆ? ਇਸ ਬਾਰੇ ਵਿਚਾਰ ਕਰੋ।

- ਜੇ ਤੁਸੀਂ ਪੁਰਾਣੇ ਕੰਮ ਨੂੰ ਹੀ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਇਸ ਗੱਲ 'ਤੇ ਗੌਰ ਜ਼ਰੂਰ ਕਰੋ ਕਿ ਅਗਲੀ ਵਾਰ ਤੁਸੀਂ ਉਸ ਨੂੰ ਪਹਿਲਾਂ ਨਾਲੋਂ ਵੱਖਰੇ ਢੰਗ ਅਤੇ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਜਾਂ ਨਹੀਂ?

- ਜੇ ਕੁਝ ਵੀ ਨਵਾਂ ਕਰਨ ਦੀ ਸੋਚ ਰਹੇ ਹੋ ਤਾਂ ਉਸ ਬਾਰੇ ਤੁਸੀਂ ਹੁਣ ਤਕ ਨਵਾਂ ਕੀ ਸਿੱਖਿਆ?

ਤੁਸੀਂ ਜਿਸ ਵੀ ਖੇਤਰ 'ਚ ਆਪਣਾ ਭਵਿੱਖ ਬਣਾਉਣਾ ਸ਼ੁਰੂ ਕਰ ਰਹੇ ਹੋ, ਉਸ ਦੀਆਂ ਸਭ ਤੋਂ ਅਹਿਮ ਗੱਲਾਂ ਕੀ ਹਨ? ਉਸ ਕੰਮ ਦੀ ਉਹ ਕਿਹੜੀ ਚੀਜ਼ ਹੈ, ਜੋ ਤੁਹਾਨੂੰ ਸਭ ਤੋਂ ਜ਼ਿਆਦਾ ਆਕਰਸ਼ਿਤ ਕਰਦੀ ਹੈ ਅਤੇ ਉਹ ਚੀਜ਼ ਤੁਹਾਡੇ ਭਵਿੱਖ ਅਤੇ ਜ਼ਿੰਦਗੀ ਲਈ ਕਿਸ ਰੂਪ 'ਚ ਬਿਹਤਰ ਸਾਬਿਤ ਹੋਣ ਵਾਲੀ ਹੈ।

Posted By: Harjinder Sodhi