ਜੇਐੱਨਐੱਨ, ਨਵੀਂ ਦਿੱਲੀ : ਜੀਵਨ ਬੀਮਾ ਨਿਗਮ (Life Insurance Corporation of India- LIC) 'ਚ ਐੱਲਆਈਸੀ ਅਸਿਸਟੈਂਟ ਦੀਆਂ 8500 ਅਸਾਮੀਆਂ 'ਤੇ ਹੋਣ ਜਾ ਰਹੀ ਬੰਪਰ ਭਰਤੀ ਸਬੰਧੀ ਕੁਝ ਬਦਲਾਅ ਕੀਤੇ ਗਏ ਹਨ। ਐੱਲਆਈਸੀ ਨੇ ਮੁੱਢਲੀ ਪ੍ਰੀਖਿਆ ਦੀ ਤਰੀਕ ਅੱਗੇ ਵਧਾ ਦਿੱਤੀ ਹੈ। ਜਿਸ ਸਬੰਧੀ ਐੱਲਆਈਸੀ ਵਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਿਕ ਮੁੱਢਲੀ ਪ੍ਰੀਖਿਆ 30 ਅਕਤੂਬਰ ਤੇ 31 ਅਕਤੂਬਰ, 2019 ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਢਲੀ ਪ੍ਰੀਖਿਆ 21 ਅਕਤੂਬਰ ਤੇ 22 ਅਕਤੂਬਰ ਨੂੰ ਹੋਣ ਵਾਲੀ ਸੀ ਪਰ ਹੁਣ ਪ੍ਰੀਖਿਆ ਦੀਆਂ ਤਰੀਕਾਂ ਅੱਗੇ ਵਧਾ ਕੇ 30 ਤੇ 31 ਅਕਤੂਬਰ ਕਰ ਦਿੱਤੀਆਂ ਗਈਆਂ ਹਨ। ਹੁਣ ਉਮੀਦਵਾਰਾਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਹੋਰ ਜ਼ਿਆਦਾ ਸਮਾਂ ਮਿਲ ਗਿਆ ਹੈ। ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ibpsonline.ibps.in 'ਤੇ ਜਾਰੀ ਨੋਟੀਫਿਕੇਸ਼ਨ ਪੜ੍ਹ ਸਕਦੇ ਹਨ।

ਕਾਬਿਲੇਗ਼ੌਰ ਹੈ ਕਿ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਜੀਵਨ ਬੀਮਾ ਨਿਗਮ ਸੁਨਹਿਰੀ ਮੌਕਾ ਲਿਆਇਆ ਹੈ। ਐੱਲਆਈਸੀ ਦੇਸ਼ ਦੇ ਵੱਖ-ਵੱਖ ਰੀਜਨਲ ਦਫ਼ਤਰਾਂ 'ਚ ਭਰਤੀ ਕਰਨ ਜਾ ਰਿਹਾ ਹੈ। ਇਸ ਲਈ ਸਤੰਬਰ ਮਹੀਨੇ ਅਰਜ਼ੀਆਂ ਮੰਗੀਆਂ ਗਈਆਂ ਸਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ 17 ਸਤੰਬਰ, 2019 ਤੋਂ ਸ਼ੁਰੂ ਹੋ ਗਈ ਸੀ ਤੇ ਉਮੀਦਵਾਰਾਂ ਕੋਲ 1 ਅਕਤੂਬਰ, 2019 ਤਕ ਅਪਲਾਈ ਕਰਨ ਦਾ ਸਮਾਂ ਸੀ। ਇਹ ਭਰਤੀਆਂ ਨਾਰਦਰਨ, ਨਾਰਦਰਨ-ਸੈਂਟ੍ਰਲ, ਸਦਰਨ, ਸੈਂਟ੍ਰਲ, ਸਾਊਥ ਸੈਂਟ੍ਰਲ ਤੇ ਵੈਸਟਰਨ ਜੋਨਸ 'ਚ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਉਮੀਦਵਾਰ ਦਾ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ।

ਅਹੁਦਿਆਂ ਦਾ ਵੇਰਵਾ (Vacancy Details)

LIC ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਸਥਿਤ ਦਫ਼ਤਰਾਂ 'ਚ ਅਸਿਸਟੈਂਟ ਦੇ 8500 ਅਹੁਦਿਆਂ 'ਤੇ ਇਹ ਭਰਤੀ ਕਰਨ ਜਾ ਰਹੀ ਹੈ। ਇਨ੍ਹਾਂ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਐਂਡ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ, ਕੇਰਲ, ਪੁੱਡੂਚੇਰੀ, ਲਕਸ਼ੈਦੀਪ, ਅਰੁਣਾਚਲ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ, ਵੈਸਟ ਬੰਗਾਲ, ਮੱਧ ਪ੍ਰਦੇਸ਼, ਸਿੱਕਮ, ਅਸਾਮ, ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮੇਘਾਲਿਆ, ਮਣੀਪੁਰ, ਅੰਡੇਮਾਨ ਤੇ ਨਿਕੋਬਾਰ, ਬਿਹਾਰ, ਝਾਰਖੰਡ, ਓਡੀਸ਼ਾ, ਦਿੱਲੀ, ਰਾਜਸਥਾਨ ਆਦਿ ਸ਼ਾਮਲ ਹਨ।

ਚੋਣ ਪ੍ਰਕਿਰਿਆ (Selection Procedure)

ਉਮੀਦਵਾਰਾਂ ਦੀ ਚੋਣ ਪ੍ਰੀਲਿਮਨਰੀ ਤੇ ਮੇਨਜ਼ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਦੋਵਾਂ ਤਰ੍ਹਾਂ ਦੀ ਪ੍ਰੀਖਿਆ ਆਨਲਾਈਨ ਮੋਡ 'ਚ ਲਈ ਜਾਵੇਗੀ। ਮੇਨਜ਼ ਪ੍ਰੀਖਿਆ 'ਚ ਚੁਣੇ ਗਏ ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਸਿਲੈਕਟਿਡ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ ਤੇ ਪੋਸਟਿੰਗ ਦਿੱਤੀ ਜਾਵੇਗੀ।

Posted By: Seema Anand