ਬੇਸ਼ੱਕ ਇਨ੍ਹੀਂ ਦਿਨੀਂ ਜੌਬ ਮਾਰਕੀਟ 'ਚ ਮੰਦੀ ਤੇ ਉਦਾਸੀ ਦਾ ਮਾਹੌਲ ਹੈ ਪਰ ਅਜਿਹਾ ਬਿਲਕੁਲ ਨਹੀਂ ਕਿ ਨੌਕਰੀਆਂ ਮਿਲਣੀਆਂ ਬੰਦ ਹੋ ਗਈਆਂ ਹਨ। ਅਜਿਹੇ 'ਚ ਨੌਕਰੀ ਹਾਸਿਲ ਕਰਨ ਤੇ ਅੱਗੇ ਨਿਕਲਣ ਲਈ ਤੁਹਾਨੂੰ ਸਾਲਿਊਸ਼ਨ ਸਕਿੱਲ, ਭਾਵ ਸਮੱਸਿਆਵਾਂ ਨੂੰ ਹੱਲ ਕਰਨ ਦੇ ਕੌਸ਼ਲ ਨੂੰ ਵਧਾਉਣ ਦੀ ਜ਼ਰੂਰਤ ਹੈ...

ਜੇ ਤੁਸੀਂ ਕਿਸੇ ਸੰਸਥਾ 'ਚ ਕੁਝ ਸਾਲਾਂ ਤੋਂ ਕੰਮ ਕਰ ਰਹੇ ਹੋ ਤੇ ਉਥੋਂ ਦੇ ਮਾਹੌਲ 'ਤੇ ਨੇੜਿਓਂ ਨਜ਼ਰ ਰੱਖਦੇ ਹੋ ਤਾਂ ਤੁਸੀਂ ਜ਼ਰੂਰ ਗੌਰ ਕੀਤਾ ਹੋਵੇਗਾ ਕਿ ਹੋਰ ਸੰਸਥਾਵਾਂ ਵਾਂਗ ਉਥੇ ਵੀ ਦੋ ਤਰ੍ਹਾਂ ਦੇ ਲੋਕ ਹਨ। ਇਕ ਉਹ ਲੋਕ ਜੋ ਕਿਸੇ ਵੀ ਸਮੱਸਿਆ ਤੋਂ ਦੂਰ ਭੱਜਦੇ ਹਨ ਤੇ ਦੂਸਰੇ ਉਹ, ਜੋ ਸਮੱਸਿਆ ਆਉਣ 'ਤੇ ਸਿਰਫ਼ ਉਸ ਦਾ ਸਾਹਮਣਾ ਹੀ ਨਹੀਂ ਕਰਦੇ, ਬਲਕਿ ਆਪਣੀ ਸੂਝਬੂਝ ਨਾਲ ਹੋਰਾਂ ਨੂੰ ਤੇ ਸੰਸਥਾ ਨੂੰ ਵੀ ਨੁਕਸਾਨ ਹੋਣ ਤੋਂ ਬਚਾਉਂਦੇ ਹਨ। ਇਸ ਤਰ੍ਹਾਂ ਦੇ ਲੋਕ ਹਮੇਸ਼ਾ ਸਕਾਰਾਤਮਕ ਸੋਚ ਰੱਖਦੇ ਹੋਏ ਉਤਸ਼ਾਹਿਤ ਰਹਿੰਦੇ ਹਨ ਤੇ ਮੁਸ਼ਕਲਾਂ-ਮੁਸਬੀਤਾਂ ਤੋਂ ਕਦੇ ਘਬਰਾਉਂਦੇ ਨਹੀਂ। ਇਹੀ ਕਾਰਨ ਹੈ ਕਿ ਤੁਸੀਂ ਉਨ੍ਹਾਂ ਨੂੰ ਕਦੇ ਤਣਾਅ 'ਚ ਨਹੀਂ ਦੇਖੋਗੇ। ਜ਼ਾਹਿਰ ਆਪਣੀ ਇਸੇ ਆਦਤ ਕਰਕੇ ਉਨ੍ਹਾਂ ਦੇ ਚਿਹਰੇ 'ਤੇ ਹਰ ਸਮੇਂ ਮੁਸਕਾਨ ਵੀ ਰਹਿੰਦੀ ਹੈ। ਜ਼ਰਾ ਸੋਚੋ, ਇਸ ਤਰ੍ਹਾਂ ਦੇ ਲੋਕਾਂ ਨੂੰ ਜੇ ਸਪੈਸ਼ਲ ਇੰਕਰੀਮੈਂਟ ਜਾਂ ਪ੍ਰਮੋਸ਼ਨ ਮਿਲਦੀ ਹੈ ਤਾਂ ਇਸ 'ਚ ਕੀ ਹਰਜ਼ ਹੈ? ਕੀ ਇਸ ਵਜ੍ਹਾ ਨਾਲ ਕਿਸੇ ਨੂੰ ਜਲਣ ਹੋਣੀ ਉਚਿਤ ਹੈ ਤਾਂ ਹਰ ਕੋਈ ਕਹੇਗਾ ਕਿ ਨਹੀਂ। ਇਸ ਦੀ ਬਜਾਏ ਉਨ੍ਹਾਂ ਵਰਗਾ ਬਣਨ ਦੀ ਪ੍ਰੇਰਣਾ ਲਵੋ।

ਨਜ਼ਰੀਆ ਕਰੋ ਵਿਸ਼ਾਲ

ਕਈ ਵਾਰ ਸਮੱਸਿਆ ਸਾਹਮਣੇ ਆਉਣ ਜਾਂ ਸਮੱਸਿਆਵਾਂ 'ਚ ਘਿਰ ਜਾਣ 'ਤੇ ਕਰਮਚਾਰੀ ਇਹ ਕਹਿੰਦੇ ਵੀ ਮਿਲ ਜਾਣਗੇ ਕਿ ਉਨ੍ਹਾਂ ਨੂੰ ਤਾਂ ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਲਈ ਤਜਰਬਾ ਨਹੀਂ ਦਿੱਤਾ ਗਿਆ, ਇਹ ਕਹਿਣਾ ਸੋਚ ਤੋਂ ਬਾਹਰ ਹੈ। ਅਕਸਰ ਅਜਿਹੀ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਦੇ ਹੁਨਰ ਤਾਂ ਦੂਸਰਿਆਂ ਤੋਂ ਪ੍ਰੇਰਣਾ, ਲਗਾਤਰ ਸਿੱਖਦੇ ਰਹਿਣ ਤੇ ਸਕਾਰਾਤਮਕ ਸੋਚ ਸਦਕਾ ਹੀ ਆਉਂਦੇ ਹਨ। ਲਗਾਤਾਰ ਇਸ ਸੋਚ ਨਾਲ ਕੰਮ ਕਰਨ 'ਤੇ ਇਕ ਸਮਾਂ ਅਜਿਹਾ ਵੀ ਆ ਜਾਂਦਾ ਹੈ ਕਿ ਕਈ ਵੀ ਮੁਸ਼ਕਿਲ ਨੇੜੇ ਨਹੀਂ ਆ ਸਕਦੀ। ਤੁਸੀਂ ਦਬਾਅ ਤੇ ਮੁਸ਼ਕਲਾਂ ਦੌਰਾਨ ਵੀ ਬਿਹਤਰ ਕੰਮ ਕਰਨ ਦੇ ਆਦੀ ਹੋ ਜਾਂਦੇ ਹੋ। ਹਾਂ, ਕਦੇ-ਕਦੇ ਮੈਨੂਫੈਕਚਰਿੰਗ ਜਾਂ ਤਕਨੀਕ ਨਾਲ ਜੁੜੀਆਂ ਕੰਪਨੀਆਂ ਜ਼ਰੂਰ ਆਪਣੇ ਕਰਮਚਾਰੀਆਂ ਨੂੰ ਤਜਰਬੇ ਲਈ ਭੇਜਦੀਆਂ ਹਨ ਪਰ ਅਸੀਂ ਇਥੇ ਗੱਲ ਕੰਸੈਪਟ 'ਤੇ ਆਧਾਰਤ ਸਮੱਸਿਆਵਾਂ ਨਾਲ ਨਿਪਟਣ ਦੀ ਕਰ ਰਹੇ ਹਾਂ।

ਸਕਾਰਾਤਮਕ ਸੋਚ

ਜੇ ਤੁਸੀਂ ਆਪਣੇ ਕੰਮ, ਰੋਜ਼ ਦੀਆਂ ਝਿੜਕਾਂ, ਸ਼ਿਕਾਇਤਾਂ ਤੋਂ ਪਰੇਸ਼ਾਨ ਹੋ ਤਾਂ ਥੋੜ੍ਹਾ ਸਮਾਂ ਕੱਢ ਕੇ ਵਿਚਾਰ ਕਰੋ ਕਿ ਆਖ਼ਿਰ ਤੁਹਾਡੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਤੁਹਾਡੇ ਨਾਲ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਜਾਂÎ ਫਿਰ ਤੁਹਾਡੀ ਗ਼ਲਤੀ, ਕਮਜ਼ੋਰੀ ਤੇ ਕਾਰਜਸ਼ੈਲੀ ਹੀ ਇਸ ਦਾ ਕਾਰਨ ਹੈ। ਆਮ ਤੌਰ 'ਤੇ ਕਿਸੇ ਵੀ ਸੰਸਥਾ 'ਚ ਅਜਿਹਾ ਸੁਝਾਅ ਨਹੀਂ ਦਿੱਤਾ ਜਾਂਦਾ। ਜੇ ਤੁਸੀਂ ਅਜਿਹਾ ਸੋਚਦੇ ਹੋ ਤਾਂ ਫਿਰ ਤੋਂ ਉਸ 'ਤੇ ਵਿਚਾਰ ਕਰ ਲਵੋ। ਇਸ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀਆਂ ਕਮੀਆਂ ਤੇ ਕਾਰਜਸ਼ੈਲੀ 'ਤੇ ਵਿਚਾਰ ਕਰਨਾ।

ਸਮੱਸਿਆ ਹੈ ਤਾਂ ਹੱਲ ਵੀ ਹੈ

ਕਿਸੇ ਵੀ ਸੰਸਥਾ ਜਾਂ ਦਫ਼ਤਰ 'ਚ ਛੋਟੀਆਂ-ਵੱਡੀਆਂ ਸਮੱਸਿਆਵਾਂ ਆਉਣਾ ਕੋਈ ਨਵੀਂ ਗੱਲ ਨਹੀਂ। ਲੇਕਿਨ ਇਸ ਦਾ ਮਤਲਬ ਕਦੇ ਇਹ ਨਹੀਂ ਕਿ ਕੋਈ ਸਮੱਸਿਆ ਸਾਹਮਣੇ ਆਉਣ 'ਤੇ ਹਰ ਕੋਈ ਹੱਥ 'ਤੇ ਹੱਥ ਰੱਖ ਕੇ ਬੈਠ ਜਾਵੇ। ਜੇ ਸਮੱਸਿਆ ਹੈ ਤਾਂ ਜ਼ਰੂਰ ਉਸ ਦਾ ਕੋਈ ਹੱਲ ਵੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਪਰੇਸ਼ਾਨੀ ਆਉਣ 'ਤੇ ਖ਼ੁਦ ਨੂੰ ਦਬਾਅ ਲੈਂਦੇ ਹਨ, ਜਦੋਂਕਿ ਅਜਿਹੇ 'ਚ ਸਕਾਰਾਤਮਕ ਨਜ਼ਰੀਆ ਰੱਖਣ ਦੀ ਜ਼ਰੂਰਤ ਹੁੰਦੀ ਹੈ।

ਕਰੋ ਪਹਿਲਕਦਮੀ

ਕਈ ਵਾਰ ਕੋਈ ਨਵਾਂ ਕੰਮ ਸਾਹਮਣੇ ਆਉਣ 'ਤੇ ਕੁਝ ਲੋਕ ਉਸ ਕੰਮ ਤੋਂ ਕੰਨੀਂ ਕਤਰਾਉਂਦੇ ਹਨ ਤੇ ਬਚਦੇ ਨਜ਼ਰ ਆਉਂਦੇ ਹਨ। ਉਹ ਇਸ ਸ਼ੱਕ 'ਚ ਰਹਿੰਦੇ ਹਨ ਕਿ ਕਿਤੇ ਇਹ ਕੰਮ ਉਨ੍ਹਾਂ ਨੂੰ ਨਾ ਸੌਂਪ ਦਿੱਤਾ ਜਾਵੇ। ਇਹੋ ਜਿਹੀ ਸੋਚ ਕਰਕੇ ਉਹ ਆਪਣੇ ਸੀਨੀਅਰਜ਼ ਤੋਂ ਵੀ ਬਚਦੇ ਰਹਿੰਦੇ ਹਨ। ਜੇ ਮਜਬੂਰੀ ਨਾਲ ਉਨ੍ਹਾਂ ਨੂੰ ਉਹ ਕੰਮ ਕਰਨਾ ਵੀ ਪੈਂਦਾ ਹੈ ਤਾਂ ਉਸ ਲਈ ਕਈ ਤਰ੍ਹਾਂ ਦੇ ਬਹਾਨੇ ਬਣਾਉਣਗੇ, ਤਾਂ ਕਿ ਉਨ੍ਹਾਂ ਕੋਲੋਂ ਕੰਮ ਲੈ ਕੇ ਕਿਸੇ ਹੋਰ ਨੂੰ ਦਿੱਤਾ ਜਾਵੇ, ਜਾਂ ਫਿਰ ਉਸ ਕੰਮ ਲਈ ਇੰਨੀ ਦੇਰੀ ਕਰ ਦੇਣਗੇ ਕਿ ਉਸ ਦੀ ਅਹਿਮੀਅਤ ਖ਼ਤਮ ਹੋ ਜਾਵੇ। ਇਸ ਤਰ੍ਹਾਂ ਦੀ ਸੋਚ ਰੱਖਣਾ ਨਾ ਸਿਰਫ਼ ਤੁਹਾਡੇ ਲਈ ਬਿਹਤਰ ਹੁੰਦਾ ਹੈ ਤੇ ਨਾ ਹੀ ਤੁਹਾਡੇ ਵਿਭਾਗ ਲਈ, ਕਿਉਂਕਿ ਇਸ ਨਾਲ ਦੋਵਾਂ ਦਾ ਅਕਸ ਖ਼ਰਾਬ ਹੁੰਦਾ ਹੈ। ਬਿਹਤਰ ਇਹੀ ਹੋਵੇਗਾ ਕਿ ਉਤਸ਼ਾਹ ਨਾਲ ਅੱਗੇ ਵਧ ਕੇ ਨਵੀਆਂ ਚੁਣੌਤੀਆਂ ਲੈਣ ਦੀ ਪਹਿਲ ਕਰੋ। ਅਜਿਹਾ ਕੰਮ ਮਿਲ ਜਾਣ ਤੋਂ ਬਾਅਦ ਉਸ ਨੂੰ ਖ਼ੁਸ਼ੀ-ਖ਼ੁਸ਼ੀ ਕਰੋ। ਮੁਸ਼ਕਿਲ ਆਉਣ 'ਤੇ ਆਪਣੇ ਸੀਨੀਅਰਜ਼ ਦੀ ਮਦਦ ਲੈ ਕੇ ਅੱਗੇ ਵਧੋ।

Posted By: Harjinder Sodhi