ਦੁਨੀਆ ਭਰ 'ਚ ਅਧਿਆਪਨ ਨੂੰ ਸਭ ਤੋਂ ਵਧੀਆ ਖੇਤਰ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਅਧਿਆਪਕ ਹੀ ਤੁਹਾਡੇ ਭਵਿੱਖ ਨੂੰ ਆਕਾਰ ਦਿੰਦਾ ਹੈ। ਸਕੂਲਾਂ-ਕਾਲਜਾਂ 'ਚ ਰਵਾਇਤੀ ਤਰੀਕੇ ਨਾਲ ਪੜ੍ਹਾਉਣ ਤੋਂ ਇਲਾਵਾ ਆਨਲਾਈਨ ਟੀਚਿੰਗ, ਵਰਚੁਅਲ ਕਲਾਸਰੂਮ ਟੀਚਿੰਗ ਲਈ ਵੱਡੀ ਗਿਣਤੀ 'ਚ ਅਧਿਆਪਕਾਂ ਦੀ ਜ਼ਰੂਰਤ ਹੈ...

ਇੰਟਰਨੈੱਟ ਦੇ ਇਸ ਦੌਰ 'ਚ ਪੜ੍ਹਨ-ਪੜ੍ਹਾਉਣ ਦਾ ਤਰੀਕਾ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਨਾਲ ਹਾਲ ਹੀ ਦੇ ਵਰ੍ਹਿਆਂ ਦੌਰਾਨ ਵਧੀਆ ਅਧਿਆਪਕਾਂ ਦੀ ਮੰਗ ਹੋਰ ਵਧੀ ਹੈ। ਸਕੂਲਾਂ-ਕਾਲਜਾਂ 'ਚ ਰਵਾਇਤੀ ਤਰੀਕੇ ਨਾਲ ਪੜ੍ਹਾਉਣ ਤੋਂ ਇਲਾਵਾ ਆਨਲਾਈਨ ਟੀਚਿੰਗ, ਵਰਚੁਅਲ ਕਲਾਸਰੂਮ ਟੀਚਿੰਗ ਲਈ ਵੱਡੀ ਗਿਣਤੀ 'ਚ ਅਧਿਆਪਕਾਂ ਦੀ ਜ਼ਰੂਰਤ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਨਵੇਂ ਦੌਰ ਦੇ ਅਧਿਆਪਕ ਬਣਨ 'ਚ ਰੁਚੀ ਲੈ ਰਹੇ ਹਨ। ਇਸ ਪੇਸ਼ੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਜਿੱਥੇ ਵਧੀਆ ਤਨਖ਼ਾਹ ਮਿਲ ਰਹੀ ਹੈ, ਉੱਥੇ ਸਮਾਜ 'ਚੋਂ ਵੀ ਸਨਮਾਨ ਮਿਲਦਾ ਹੈ। ਇਸ ਤੋਂ ਇਲਾਵਾ ਨਿਯਮਿਤ ਰੂਪ 'ਚ ਖ਼ੁਦ ਨੂੰ ਅਪਡੇਟ ਰੱਖਣ ਵਾਲਿਆਂ ਲਈ ਅੱਗੇ ਵਧਣ ਦੇ ਵੀ ਵਧੀਆ ਮੌਕੇ ਹੁੰਦੇ ਹਨ।

ਬਦਲਦੇ ਜ਼ਮਾਨੇ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਅੱਜ ਅਧਿਆਪਕਾਂ ਤੋਂ ਬੱਚਿਆਂ ਦਾ ਮਾਰਗ ਦਰਸ਼ਨ ਕਰਵਾਉਣ 'ਚ ਪੂਰੀ ਤਰ੍ਹਾਂ ਸਮਰੱਥ ਹੋਣ ਦੀ ਇੱਛਾ ਜਤਾਈ ਜਾਂਦੀ ਹੈ। ਇਸ ਲਈ ਨਵੇਂ ਦੌਰ ਦੇ ਅਧਿਆਪਕਾਂ ਦਾ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਈ-ਲਰਨਿੰਗ ਪਲੈਟਫਾਰਮ ਦੀ ਵਰਤੋਂ ਕਰ ਕੇ ਕਲਾਸਰੂਮ 'ਚ ਬੱਚਿਆਂ ਨੂੰ ਹੋਰ ਦਿਲਚਸਪ ਤਰੀਕੇ ਨਾਲ ਪੜ੍ਹਾ ਸਕਣ ਤੇ ਉਨ੍ਹਾਂ ਨੂੰ ਸਿੱਖਣ ਲਈ ਉਤਸ਼ਾਹਿਤ ਕਰ ਸਕਣ।

ਮੌਕੇ

ਯੋਗ, ਡਾਂਸ ਤੇ ਖੇਡਾਂ ਆਦਿ ਨਵੇਂ ਖੇਤਰ ਇਸ ਖੇਤਰ 'ਚ ਜੁੜ ਗਏ ਹਨ, ਜਿੱਥੇ ਯੋਗਤਾ ਤੇ ਸਪੈਸ਼ਲਾਈਜ਼ੇਸ਼ਨ ਅਨੁਸਾਰ ਪ੍ਰਾਇਮਰੀ, ਅਪਰ-ਪ੍ਰਾਇਮਰੀ, ਸੈਕੰਡਰੀ, ਸੀਨੀਅਰ ਸੈਕੰਡਰੀ ਸਕੂਲਾਂ ਤੋਂ ਇਲਾਵਾ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਅਧਿਆਪਕ ਤੇ ਕੋਚ ਆਦਿ ਬਣ ਸਕਦੇ ਹੋ। ਦੇਸ਼ 'ਚ ਲਗਪਗ 14 ਲੱਖ ਸਕੂਲ ਹਨ ਤੇ 36 ਹਜ਼ਾਰ ਤੋਂ ਜ਼ਿਆਦਾ ਉੱਚ ਸਿੱਖਿਆ ਸੰਸਥਾਵਾਂ, ਭਾਵ ਡਿਗਰੀ ਕਾਲਜ ਹਨ। ਇਸ 'ਚ ਪਬਲਿਕ ਤੇ ਪ੍ਰਾਈਵੇਟ ਸਕੂਲਾਂ ਦਾ ਅਨੁਪਾਤ ਕਰੀਬ 7:5 ਹੈ, ਭਾਵ ਦੇਸ਼ 'ਚ ਟੀਚਿੰਗ ਲਈ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲ-ਕਾਲਜ ਹੀ ਇਕਮਾਤਰ ਜ਼ਰੀਆ ਹਨ। ਅੱਜ ਛੋਟੇ-ਵੱਡੇ ਸ਼ਹਿਰਾਂ 'ਚ ਸੀਬੀਐੱਸਈ ਨਾਲ ਸਬੰਧਤ ਬਹੁਤ ਸਾਰੇ ਪਬਲਿਕ ਸਕੂਲ ਹਨ। ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਇੰਸਟੀਚਿਊਟ ਤੇ ਡਿਗਰੀ ਕਾਲਜ ਹਨ, ਜਿਨ੍ਹਾਂ ਤੋਂ ਕੋਰਸ ਕਰ ਕੇ ਅਧਿਆਪਕ ਬਣਿਆ ਜਾ ਸਕਦਾ ਹੈ। ਨਵੀਂ ਪੀੜ੍ਹੀ ਦਾ ਰੁਝਾਨ ਇਨ੍ਹੀਂ ਦਿਨੀਂ ਕਿਤਾਬਾਂ ਤੋਂ ਜ਼ਿਆਦਾ ਐਪਸ ਨਾਲ ਪੜ੍ਹਨ ਤੇ ਸਿੱਖਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਕੁਝ ਸਾਲਾਂ ਤੋਂ ਆਨਲਾਈਨ ਟੀਚਿੰਗ ਪਲੈਟਫਾਰਮ ਵੀ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆ ਰਿਹਾ ਹੈ, ਜਿੱਥੇ ਵਰਚੁਅਲ ਕਲਾਸਰੂਮ ਟੀਚਿੰਗ ਲਈ ਵਿਸ਼ਾ ਮਾਹਿਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਹਰ ਛੋਟੇ-ਵੱਡੇ ਸ਼ਹਿਰ 'ਚ ਬਹੁਤ ਸਾਰੇ ਕੋਚਿੰਗ ਸੈਂਟਰ ਖੁੱਲ੍ਹ ਰਹੇ ਹਨ। ਕੁੱਲ ਮਿਲਾ ਕੇ ਸਿੱਖਿਆ ਦੇ ਖੇਤਰ 'ਚ ਮੌਕਿਆਂ ਦੀ ਕਮੀ ਨਹੀਂ ਹੈ।

ਆਨਲਾਈਨ ਅਧਿਆਪਕਾਂ ਦੀ ਮੰਗ

ਇੰਟਰਨੈੱਟ ਤੇ ਸਮਾਰਟਫੋਨ ਦੇ ਆਉਣ ਨਾਲ ਵਿਦਿਆਰਥੀਆਂ ਦੀ ਰੁਚੀ ਐਪਸ ਜ਼ਰੀਏ ਪੜ੍ਹਨ ਤੇ ਸਿੱਖਣ 'ਚ ਜ਼ਿਆਦਾ ਵਧੀ ਹੈ। ਕਈ ਆਨਲਾਈਨ ਟੀਚਿੰਗ ਪਲੈਟਫਾਰਮ ਆਪਣੇ ਐਪਸ ਜ਼ਰੀਏ ਘਰ ਬੈਠੇ ਨੌਜਵਾਨਾਂ ਨੂੰ ਪੜ੍ਹਾਈ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ। ਵਰਚੁਅਲ ਕਲਾਸਾਂ 'ਚ ਵੀਡੀਓ ਤੇ ਇੰਟਰ੍ਰੈਕਟਿਵ ਵੀਡੀਓ ਦੀ ਸਹੂਲਤ ਹੁੰਦੀ ਹੈ। ਸਕੂਲ ਤੋਂ ਲੈ ਕੇ ਜੇਈਈ, ਨੀਟ, ਜੀਆਰਈ, ਜੀਐੱਮਏਟੀ, ਕੈਟ ਜਿਹੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਅੱਜ-ਕੱਲ੍ਹ ਇਸ ਦੀ ਖ਼ੂਬ ਵਰਤੋਂ ਕਰ ਰਹੇ ਹਨ। ਜੇ ਤੁਹਾਡੀ ਕਿਸੇ ਵਿਸ਼ੇ 'ਤੇ ਵਧੀਆ ਪਕੜ ਹੈ, ਤੁਸੀਂ ਸੌਖੇ ਤਰੀਕੇ ਨਾਲ ਪੜ੍ਹਾਉਣਾ ਜਾਣਦੇ ਹੋ ਤਾਂ ਤੁਸੀਂ ਅਧਿਆਪਕ ਬਣ ਕੇ ਵੀ ਵਧੀਆ ਪੈਸੇ ਕਮਾ ਸਕਦੇ ਹੋ।

ਕਿਵੇਂ ਬਣ ਸਕਦੇ ਹੋ ਅਧਿਆਪਕ?

ਬੈਚਲਰ ਆਫ ਐਜੂਕੇਸ਼ਨ (ਬੀਐੱਡ)

ਜਿਹੜੇ ਨੌਜਵਾਨ ਅਪਰ ਪ੍ਰਾਇਮਰੀ ਜਾਂ ਸੈਕੰਡਰ ਪੱਧਰ ਦੇ ਸਕੂਲਾਂ 'ਚ ਅਧਿਆਪਕ ਬਣਨਾ ਚਾਹੁੰਦੇ ਹਨ, ਉਨ੍ਹਾਂ ਲਈ ਬੀਐੱਡ ਕਰਨਾ ਜ਼ਰੂਰੀ ਹੈ। ਬੀਏ ਤੋਂ ਬਾਅਦ ਹੀ ਦੋ ਸਾਲਾ ਬੀਐੱਡ ਕੋਰਸ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਹ ਇਕ ਸਾਲਾ ਕੋਰਸ ਸੀ। ਹਾਲ ਹੀ 'ਚ ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ (ਐੱਨਸੀਟੀਆਈ) ਨੇ ਇਸ ਚਾਰ ਸਾਲਾ ਕੋਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇੰਟਰ ਦੇ ਪੰਜ ਸਾਲ ਬਾਅਦ (3 ਸਾਲ ਯੂਜੀ ਤੇ 2 ਸਾਲ ਬੀਐੱਡ) ਵਿਦਿਆਰਥੀਆਂ ਨੂੰ ਬੀਐੱਡ ਡਿਗਰੀ ਮਿਲਦੀ ਹੈ ਪਰ ਇਸ ਸਾਲ ਤੋਂ ਸ਼ਰੂ ਹੋਣ ਵਾਲਾ ਬੀਐੱਡ ਕੋਰਸ ਕਲਾ ਤੇ ਵਿਗਿਆਨ, ਦੋਵਾਂ ਵਰਗਾਂ ਦੇ ਵਿਦਿਆਰਥੀ ਕਰ ਸਕਣਗੇ। ਦਾਖ਼ਲਾ ਪ੍ਰੀਖਿਆ ਦੇ ਆਧਾਰ 'ਤੇ ਹੀ ਮਿਲੇਗਾ।

ਬੇਸਿਕ ਟ੍ਰੇਨਿੰਗ ਸਰਟੀਫਿਕੇਟ (ਬੀਟੀਸੀ)

ਇਹ ਦੋ ਸਾਲਾ ਕੋਰਸ ਵੱਖ-ਵੱਖ ਸੂਬਿਆਂ 'ਚ ਅਲੱਗ-ਅਲੱਗ ਨਾਵਾਂ ਨਾਲ ਚੱਲ ਰਿਹਾ ਹੈ। ਇਹ ਦੋ ਸਾਲਾ ਕੋਰਸ ਕਰਨ ਤੋਂ ਬਾਅਦ ਤੁਸੀਂ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ (ਪਹਿਲੀ ਤੋਂ ਅੱਠਵੀਂ ਤਕ ਦੇ ਸਕੂਲਾਂ) 'ਚ ਅਧਿਆਪਕ ਬਣਨ ਦੇ ਯੋਗ ਹੋ ਜਾਂਦੇ ਹੋ। ਕੋਰਸ 'ਚ ਦਾਖ਼ਲਾ ਗ੍ਰੈਜੂਏਸ਼ਨ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਇਹ ਕੋਰਸ ਕਰਨ ਲਈ ਤੁਹਾਡੀ ਉਮਰ 18 ਤੋਂ 30 ਸਾਲ ਹੋਣੀ ਚਾਹੀਦੀ ਹੈ।

ਨਰਸਰੀ ਟੀਚਰ ਟ੍ਰੇਨਿੰਗ (ਐੱਨਟੀਟੀ)

ਇਸ ਦੋ ਸਾਲਾ ਕੋਰਸ 'ਚ ਦਾਖ਼ਲਾ 12ਵੀਂ ਦੇ ਅੰਕਾਂ ਦੇ ਆਧਾਰ 'ਤੇ ਮਿਲਦਾ ਹੈ। ਕੁਝ ਥਾਵਾਂ 'ਤੇ ਇਸ ਲਈ ਦਾਖ਼ਲਾ ਪ੍ਰੀਖਿਆਵਾਂ ਵੀ ਹੁੰਦੀਆਂ ਹਨ। ਇਹ ਕੋਰਸ ਕਰਨ ਤੋਂ ਬਾਅਦ ਉਮੀਦਵਾਰ ਨਗਰ ਨਿਗਮਾਂ ਅਤੇ ਸੂਬਾ ਸਰਕਾਰ ਦੇ ਪ੍ਰਾਇਮਰੀ ਸਕੂਲਾਂ 'ਚ ਅਧਿਆਪਕ ਲੱਗ ਸਕਦਾ ਹੈ। ਕੁਝ ਸੂਬਿਆਂ 'ਚ ਇਹ ਕੋਰਸ ਡੀਐੱਡ ਦੇ ਨਾਂ ਨਾਲ ਵੀ ਚੱਲ ਰਹੇ ਹਨ।

ਟੀਈਟੀ

ਦੇਸ਼ ਦੇ ਕਈ ਸੂਬਿਆਂ 'ਚ ਹਰ ਸਾਲ ਅਲੱਗ-ਅਲੱਗ ਨਾਵਾਂ ਨਾਲ ਇਸ ਲਈ ਪ੍ਰੀਖਿਆ ਕਰਵਾਈ ਜਾਂਦੀ ਹੈ। ਦਰਅਸਲ ਸਿੱਖਿਆ ਅਧਿਕਾਰ ਅਧਿਨਿਯਮ-2009 ਅਨੁਸਾਰ ਇਹ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਸੂਬਾ ਪੱਧਰੀ ਸਕੂਲਾਂ 'ਚ ਅਧਿਆਪਕ ਬਣਿਆ ਜਾ ਸਕਦਾ ਹੈ।

ਸੀਟੀਈਟੀ

ਸੂਬਿਆਂ ਵਾਂਗ ਸੀਬੀਐੱਸਈ ਵੱਲੋਂ ਕੇਂਦਰੀ ਪੱਧਰ 'ਤੇ ਹਰ ਸਾਲ ਇਹ ਪ੍ਰੀਖਿਆ ਕਰਵਾਈ ਜਾਂਦੀ ਹੈ। ਇਸ 'ਚ ਬੀਟੀਸੀ, ਐੱਨਟੀਟੀ ਤੇ ਬੀਐੱਡ ਡਿਗਰੀ ਵਾਲੇ ਉਮੀਦਵਾਰ ਭਾਗ ਲੈਂਦੇ ਹਨ।

ਟੀਜੀਟੀ/ਪੀਜੀਟੀ

ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਪੜ੍ਹਾਉਣ ਲਈ ਬੀਐੱਡ ਤੋਂ ਬਾਅਦ ਇਹ ਪ੍ਰੀਖਿਆ ਦਿੱਤੀ ਜਾਂਦੀ ਹੈ।

ਮੁੱਖ ਸੰਸਥਾਵਾਂ

- ਸੈਂਟਰਲ ਇੰਸਟੀਚਿਊਟ ਆਫ ਐਜੂਕੇਸ਼ਨ, ਡੀਯੂ, ਨਵੀਂ ਦਿੱਲੀ।

http://cie.du.ac.in

- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ।

www.ignou.ac.in

- ਬਨਾਰਸ ਹਿੰਦੂ ਯੂਨੀਵਰਸਿਟੀ, ਉੱਤਰ ਪ੍ਰਦੇਸ਼।

www.bhu.ac.in

- ਟੀਚਰ ਟ੍ਰੇਨਿੰਗ ਇੰਸਟੀਚਿਊਟ, ਦਿੱਲੀ ਸੁਸਾਇਟੀ ਫਾਰ ਦਿ ਵੈੱਲਫੇਅਰ ਆਫ ਸਪੈਸ਼ਲ ਚਿਲਡਰਨ, ਦਿੱਲੀ।

http://dswspecialchildren.org

Posted By: Harjinder Sodhi