ਨਵੀਂ ਦਿੱਲੀ (ਪੀਟੀਆਈ) : ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲੇ ਲਈ ਮੰਗਲਵਾਰ ਤੋਂ ਸਾਂਝੀ ਪ੍ਰਵੇਸ਼ ਪ੍ਰੀਖਿਆ-ਮੁੱਖ (ਜੇਈਈ ਮੇਨਜ਼) ਦੀ ਪੂਰੀ ਤਿਆਰੀ ਕਰ ਲਈ ਹੈ। ਕੋਰੋਨਾ ਕਾਲ 'ਚ ਹੋਣ ਵਾਲੀ ਪ੍ਰੀਖਿਆ ਲਈ ਐੱਨਟੀਏ ਨੇ ਸਰੀਰਕ ਦੂਰੀ ਬਣਾਈ ਰੱਖਣ ਤੋਂ ਲੈ ਕੇ ਹਰੇਕ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅਮਲ 'ਚ ਲਿਆਉਣ ਲਈ ਪੁਖਤਾ ਇੰਤਜ਼ਾਮ ਕੀਤੇ ਹਨ। ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪ੍ਰੀਖਿਆਰਥੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਮੱਧ ਪ੍ਰਦੇਸ਼, ਓਡੀਸ਼ਾ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਥੇ, ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਦੇ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਦੇ ਇਕ ਗਰੁੱਪ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰੀਖਿਆ ਕੇਂਦਰ 'ਤੇ ਜਾਣ ਲਈ ਆਵਾਜਾਈ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਇਕ ਪੋਰਟਲ ਲਾਂਚ ਕੀਤਾ ਹੈ।

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕੁਝ ਸੂਬਿਆਂ, ਸਿਆਸੀ ਦਲਾਂ ਤੇ ਰਾਹੁਲ ਗਾਂਧੀ, ਮਮਤਾ ਬੈਨਰਜੀ, ਨਵੀਨ ਪਟਨਾਇਕ ਸਮੇਤ ਕਈ ਆਗੂਆਂ ਨੇ ਜੇਈਈ-ਮੇਨਜ਼ ਨੂੰ ਟਾਲ਼ਣ ਦੀ ਅਪੀਲ ਕੀਤੀ ਸੀ ਪਰ ਸਰਕਾਰ ਨੇ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਵੀ ਪ੍ਰਰੀਖਿਆ ਟਾਲ਼ਣ ਦੀ ਮੰਗ ਕਰਨ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਛੇ ਸੂਬਿਆਂ ਨੇ ਸੁਪਰੀਮ ਕੋਰਟ 'ਚ ਨਜ਼ਰਸਾਨੀ ਪਟੀਸ਼ਨ ਵੀ ਦਾਇਰ ਕੀਤੀ ਹੈ।

ਆਈਆਈਟੀ, ਐੱਨਆਈਟੀ, ਕੇਂਦਰ ਦੀ ਆਰਥਿਕ ਸਹਾਇਤਾ ਵਾਲੇ ਤਕਨੀਕੀ ਸੰਸਥਾਨਾਂ (ਸੀਐੱਫਟੀਆਈ) 'ਚ ਦਾਖ਼ਲੇ ਲਈ ਜੇਈਈ ਮੇਨਜ਼ ਦਾ ਪ੍ਰਬੰਧ ਪਹਿਲੀ ਤੋਂ ਛੇ ਸਤੰਬਰ ਵਿਚਾਲੇ ਦੇਸ਼ ਦੇ ਵੱਖ-ਵੱਖ ਕੇਂਦਰਾਂ 'ਤੇ ਕਰਵਾਇਆ ਜਾਵੇਗਾ। ਮੈਡੀਕਲ 'ਚ ਦਾਖ਼ਲੇ ਲਈ ਕੌਮੀ ਪਾਤਰਤਾ ਸਹਿ ਪ੍ਰਵੇਸ਼ ਪ੍ਰਰੀਖਿਆ (ਨੀਟ) ਦਾ ਪ੍ਰਬੰਧ 13 ਸਤੰਬਰ ਨੂੰ ਹੋਵੇਗਾ। ਜੇਈਈ-ਮੇਨਜ਼ ਲਈ 8.58 ਲੱਖ ਤੇ ਨੀਟ ਲਈ 15.97 ਲੱਖ ਪ੍ਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

ਸਿੱਖਿਆ ਮੰਤਰੀ ਪੋਖਰਿਆਲ ਨੇ ਸੂਬਿਆਂ ਦੇ ਮੁੱਖ ਮੰਤਰੀ ਨੂੰ ਮੌਜੂਦਾ ਹਾਲਾਤ ਨੂੰ ਦੇਖਦਿਆਂ ਪ੍ਰੀਖਿਆਰਥੀਆਂ ਦੇ ਆਉਣ-ਜਾਣ ਸਮੇਤ ਹੋਰ ਇੰਤਜ਼ਾਮ ਕਰਨ ਦੀ ਅਪੀਲ ਕੀਤੀ ਹੈ, ਤਾਂ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਪ੍ਰੀਖਿਆ ਦੇ ਸਕਣ।

ਐੱਨਟੀਏ ਦੇ ਇੰਤਜ਼ਾਮ

ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਐੱਨਟੀਏ ਨੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾਈ ਹੈ। ਕਰੀਬ-ਕਰੀਬ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਹਿਰਾਂ 'ਚ ਹੀ ਪ੍ਰੀਖਿਆ ਦੇਣ ਦੀ ਸਹੂਲਤ ਦਿੱਤੀ ਗਈ ਹੈ। ਪ੍ਰੀਖਿਆ ਕੇਂਦਰਾਂ 'ਚ ਹਰੇਕ ਕਮਰੇ 'ਚ ਸਰੀਰਕ ਦੂਰੀ ਦੇ ਮਾਪਦੰਡਾਂ ਮੁਤਾਬਕ ਬੈਠਣ ਦੇ ਇੰਤਜ਼ਾਮ ਕੀਤੇ ਗਏ ਹਨ। ਪ੍ਰਵੇਸ਼ ਤੇ ਨਿਕਾਸੀ ਲਈ ਵੱਖ-ਵੱਖ ਰਸਤੇ ਬਣਾਏ ਗਏ ਹਨ। ਸਵੱਛਤਾ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਹਰੇਕ ਪ੍ਰੀਖਿਆ ਕੇਂਦਰ ਦੇ ਪ੍ਰਵੇਸ਼ ਦੁਆਰ 'ਤੇ ਹੀ ਸੈਨੇਟਾਇਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰੀਖਿਆ ਕੇਂਦਰ 'ਚ ਪ੍ਰਵੇਸ਼ ਕਰਦੇ ਸਮੇਂ ਹਰੇਕ ਵਿਦਿਆਰਥੀ ਨੂੰ ਤਿੰਨ ਲੇਅਰ ਵਾਲਾ ਇਕ ਮਾਸਕ ਦਿੱਤਾ ਜਾਵੇਗਾ।