ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ, ਇਸ ਲਈ ਤਕਨੀਕੀ ਗਿਆਨ ਪ੍ਰਾਪਤ ਕਰ ਕੇ ਵੱਖ-ਵੱਖ ਖੇਤਰਾਂ 'ਚ ਤਰੱਕੀ ਦੇ ਬੇਸ਼ੁਮਾਰ ਮੌਕੇ ਹਨ। ਹੁਨਰਮੰਦ ਵਰਕਰ ਪੈਦਾ ਕਰਨ ਲਈ ਭਾਰਤ ਸਰਕਾਰ ਦੇ ਹੁਨਰ ਵਿਕਾਸ ਤੇ ਉੱਦਮਤਾ ਵਿਭਾਗ ਅਧੀਨ ਚੱਲ ਰਹੇ ਡਾਇਰੈਕਟੋਰੇਟ ਜਰਨਲ ਆਫ ਟ੍ਰੇਨਿੰਗ (ਡੀਜੀਈਐਂਡਟੀ) ਅਧੀਨ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਚੱਲ ਰਹੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ 'ਚ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਉਦਯੋਗਿਕ ਸਿਖਲਾਈ ਸੰਸਥਾਵਾਂ 'ਚ ਇਨ੍ਹਾਂ ਕੋਰਸਾਂ ਲਈ ਦਾਖ਼ਲੇ ਦੀ ਪ੍ਰਕਿਰਿਆ 9 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਕੋਰਸਾਂ 'ਚ ਦਾਖ਼ਲਾ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਪਣੀ ਰੁਚੀ ਅਨੁਸਾਰ ਕਿੱਤੇ ਦੀ ਚੋਣ ਕਰਨੀ ਚਾਹੀਦੀ ਹੈ।

ਉਦਯੋਗਿਕ ਸਿਖਲਾਈ ਸੰਸਥਾਵਾਂ 'ਚ ਚੱਲ ਰਹੀਆਂ ਯੋਜਨਾਵਾਂ:

ਕਰਾਫਟਸ ਮੈਨ ਟ੍ਰੇਨਿੰਗ ਸਕੀਮ

ਇਸ ਸਕੀਮ 'ਚ ਸਿਖਿਆਰਥੀ ਵੱਖ-ਵੱਖ ਇੰਜੀਨੀਅਰਿੰਗ ਤੇ ਨਾਨ-ਇੰਜੀਨੀਅਰਿੰਗ ਟਰੇਡਾਂ 'ਚ ਸਿਖਲਾਈ ਪ੍ਰਾਪਤ ਕਰਦੇ ਹਨ। ਇਨ੍ਹਾਂ ਟਰੇਡਾਂ ਦੀ ਮਿਆਦ ਇਕ ਜਾਂ ਦੋ ਸਾਲ ਦੀ ਹੁੰਦੀ ਹੈ। ਇਸ ਸਕੀਮ ਤਹਿਤ ਸਿਖਿਆਰਥੀ ਨੂੰ ਵੱਖ-ਵੱਖ ਵਿਸ਼ਿਆਂ 'ਚ ਥਿਊਰੀ ਤੇ ਪ੍ਰੈਕਟੀਕਲ ਦੀ ਟ੍ਰੇਨਿੰਗ ਦਿੱਤੀ ਜਾਦੀ ਹੈ।

ਡਿਊਲ ਸਿਸਟਮ ਆਫ ਟ੍ਰੇਨਿੰਗ

ਇੰਡਸਟਰੀ ਦੀ ਮੰਗ ਅਨੁਸਾਰ ਨਵੀਂ ਸ਼ੁਰੂ ਕੀਤੀ ਗਈ 'ਡਿਊਲ ਸਿਸਟਮ ਆਫ ਟ੍ਰੇਨਿੰਗ' ਸਕੀਮ (ਡੀਐੱਸਟੀ), ਆਈਟੀਆਈਜ਼ ਤੇ ਉਦਯੋਗਾਂ 'ਚ ਸਾਂਝੇ ਤੌਰ 'ਤੇ ਦਿੱਤੀ ਜਾਣ ਵਾਲੀ ਸਿਖਲਾਈ ਦਾ ਸੁਮੇਲ ਹੈ। ਨਵੀਂ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਸਿਖਿਆਰਥੀਆਂ ਨੂੰ ਨਾਮਵਰ ਉਦਯੋਗਾਂ 'ਚ ਤਾਜ਼ਾ/ਨਵੀਨਤਮ ਤਕਨਾਲੋਜੀ ਵਿਚ ਟ੍ਰੇਨਿੰਗ ਦੇ ਕੇ ਉਦਯੋਗਾਂ 'ਚ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਸਕੀਮ ਤਹਿਤ ਉਦਯੋਗਾਂ ਦੀਆਂ ਜ਼ਰੂਰਤਾਂ ਅਨੁਸਾਰ ਸਿਖਿਆਰਥੀ ਇਕ ਸਾਲ ਦੇ ਕੋਰਸ ਵਿੱਚੋਂ 6 ਮਹੀਨੇ ਤਕ ਉਦਯੋਗਾਂ 'ਚ ਪ੍ਰੈਕਟੀਕਲ ਸਿੱਖਣਗੇ ਤੇ 6 ਮਹੀਨੇ ਆਈਟੀਆਈ 'ਚੋਂ ਥਿਊਰੀ ਵਿਸ਼ਾ ਪੜ੍ਹਨਗੇ। ਇਸੇ ਤਰ੍ਹਾਂ ਦੋ ਸਾਲ ਦੇ ਕੋਰਸ ਲਈ ਲਗਪਗ ਇਕ ਸਾਲ ਉਦਯੋਗਾਂ 'ਚ ਤੇ ਇਕ ਸਾਲ ਆਈਟੀਆਈ 'ਚ ਟ੍ਰੇਨਿੰਗ ਕਰਨਗੇ। ਇਸ ਸਕੀਮ ਤਹਿਤ ਜਿੱਥੇ ਉਦਯੋਗਾਂ ਨੂੰ ਨਵੀਆਂ ਮਸ਼ੀਨਾਂ 'ਤੇ ਸਿਖਲਾਈ ਪ੍ਰਾਪਤ ਕਾਮੇ ਮਿਲ ਸਕਣਗੇ, ਉੱਥੇ ਪਾਸ-ਆਊਟਸ ਸਿਖਿਆਰਥੀਆਂ ਨੂੰ ਬਿਹਤਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ। ਇਸ ਸਕੀਮ ਅਧੀਨ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਟਰੇਡ ਸਰਟੀਫਿਕੇਟ ਦਿੱਤਾ ਜਾਵੇਗਾ।

ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ

ਇਸ ਸਕੀਮ 'ਚ ਕੋਈ ਵੀ ਉਮੀਦਵਾਰ (ਫਰੈਸ਼ਰ ਜਾ ਆਈਟੀਆਈ ਪਾਸ) ਸਰਕਾਰੀ ਜਾਂ ਨਿੱਜੀ ਉਦਯੋਗ 'ਚ ਟ੍ਰੇਨਿੰਗ ਲੈ ਸਕਦਾ ਹੈ। ਸਬੰਧਤ ਉਦਯੋਗ ਵੱਲੋਂ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਤਹਿਤ ਦਾਖ਼ਲ ਹੋਏ ਸਿਖਿਆਰਥੀ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ।

ਦਾਖ਼ਲਾ ਪ੍ਰਕਿਰਿਆ

ਪੰਜਾਬ ਰਾਜ ਦੀਆਂ ਸਮੂਹ ਸਰਕਾਰੀ ਤੇ ਪ੍ਰਾਈਵੇਟ ਆਈਟੀਆਈਜ਼ 'ਚ ਦਾਖ਼ਲਾ ਵਿਭਾਗ ਦੀ ਵੈੱਬਸਾਈਟ ਰਾਹੀਂ ਆਨਲਾਈਨ ਕੀਤਾ ਜਾ ਸਕਦਾ ਹੈ। ਦਾਖ਼ਲੇ ਦੇ ਚਾਹਵਾਨ ਉਮੀਦਵਾਰ ਨੂੰ ਦਾਖ਼ਲੇ ਲਈ ਪੋਰਟਲ www.itipunjab.nic.in 'ਤੇ ਰਜਿਸਟਰਡ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ਸਮੇਂ ਉਮੀਦਵਾਰ ਦੇ ਲੋੜੀਂਦੇ ਸਰਟੀਫਿਕੇਟ ਤੇ ਦਸਤਾਵੇਜ਼ ਪੋਰਟਲ 'ਤੇ ਅਪਲੋਡ ਕੀਤੇ ਜਾਂਦੇ ਹਨ। ਇਸ ਉਪਰੰਤ ਆਨਲਾਈਨ ਉਮੀਦਵਾਰ ਦੇ ਦਸਤਾਵੇਜ਼ਾਂ ਨੂੰ ਆਨਲਾਈਨ ਵੈਰੀਫਿਕੇਸ਼ਨ ਫ਼ੀਸ (100 ਰੁਪਏ) ਭਰ ਕੇ ਆਨਲਾਈਨ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ। ਇਸ ਉਪਰੰਤ ਉਮੀਦਵਾਰ ਆਪਣੀ ਮਨਪਸੰਦ ਟਰੇਡ ਦਾ ਆਨਲਾਈਨ ਬਦਲ ਭਰ ਸਕਦੇ ਹਨ। ਕਾਊਂਸਲਿੰਗ ਦੌਰਾਨ ਰੈਂਕ ਮੈਰਿਟ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਹੈ ਤੇ ਉਮੀਦਵਾਰ ਨੂੰ ਪ੍ਰੋਵੀਜ਼ਨਲ ਸੀਟ ਅਲਾਟਮੈਂਟ ਕੀਤੀ ਜਾਂਦੀ ਹੈ। ਇਸ ਉਪਰੰਤ ਆਨਲਾਈਨ ਦਾਖ਼ਲਾ ਫ਼ੀਸ ਜਮ੍ਹਾਂ ਕਰਨ ਪਿੱਛੋਂ ਉਮੀਦਵਾਰ ਸਬੰਧਤ ਉਦਯੋਗਿਕ ਸਿਖਲਾਈ ਸੰਸਥਾ 'ਚ ਦਾਖ਼ਲ ਹੁੰਦੇ ਹਨ।

ਫੀਸ ਦਾ ਵੇਰਵਾ

ਸਰਕਾਰੀ ਆਈਟੀਆਈਜ਼ 'ਚ ਸਿੱਖਿਆਰਥੀ ਤੋਂ ਹੇਠ ਲਿਖੇ ਅਨੁਸਾਰ ਫ਼ੀਸ ਲਈ ਜਾਂਦੀ ਹੈ।

ਸਾਲਾਨਾ ਟਿਊਸ਼ਨ ਫ਼ੀਸ: 3000 ਰੁਪਏ

ਪ੍ਰੀਖਿਆ ਫ਼ੀਸ: 50 ਰੁਪਏ

ਲਾਇਬ੍ਰੇਰੀ ਫ਼ੀਸ: 50 ਰੁਪਏ

ਦਵਾਈ ਤੇ ਮੈਡੀਕਲ ਫ਼ੀਸ: 100 ਰੁਪਏ

ਵਿਦਿਆਰਥੀ ਫੰਡ : 150 ਰੁਪਏ

ਸਕਿਓਰਿਟੀ ਫੰਡ : 50 ਰੁਪਏ

ਖੇਡ ਫੰਡ : 50 ਰੁਪਏ

ਕੁੱਲ : 3450 ਰੁਪਏ

2 ਲੱਖ 50 ਹਜ਼ਾਰ ਸਾਲਾਨਾ ਆਮਦਨ ਤੋਂ ਘੱਟ, ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਤੋਂ ਟਿਊਸ਼ਨ ਫ਼ੀਸ ਨਹੀਂ ਲਈ ਜਾਂਦੀ।

ਨੌਕਰੀ ਦੇ ਮੌਕੇ

ਆਈਟੀਆਈ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਸਿਖਿਆਰਥੀ ਕੋਲ ਆਪਣੇ ਭਵਿੱਖ ਦਾ ਵਿਕਾਸ ਕਰਨ ਲਈ ਬਹੁਤ ਸਾਰੇ ਬਦਲ ਹੁੰਦੇ ਹਨ।

- ਆਈਟੀਆਈ ਪਾਸ ਵਿਦਿਆਰਥੀ ਵੱਖ-ਵੱਖ ਸਰਕਾਰੀ ਵਿਭਾਗਾਂ, ਰੇਲਵੇ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਪੀਆਰਟੀਸੀ, ਪੰਜਾਬ ਰੋਡਵੇਜ਼ ਸਮੇਤ ਹੋਰ ਬਹੁਤ ਸਾਰੇ ਸਰਕਾਰੀ ਅਦਾਰਿਆਂ 'ਚ ਨੌਕਰੀ ਪ੍ਰਾਪਤ ਕਰ ਸਕਦਾ ਹੈ।

- ਨਿੱਜੀ ਖੇਤਰ ਦੇ ਅਦਾਰੇ ਜਿਨ੍ਹਾਂ 'ਚ ਮਾਰੂਤੀ ਸਜ਼ੂਕੀ, ਹੌਂਡਾ, ਹੀਰੋ ਮੋਟਰਜ਼, ਤਾਜ ਹੋਟਲ, ਸਵਰਾਜ ਮਾਜਦਾ, ਸੋਨਾਲੀਕਾ ਟਰੈਕਟਰ, ਗੋਦਰੇਜ ਸਮੇਤ ਹੋਰ ਅਨੇਕਾ ਵੱਡੇ ਅਦਾਰਿਆਂ 'ਚ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

- ਆਈਟੀਆਈ ਪਾਸ ਸਿਖਿਆਰਥੀ ਸਵੈ-ਰੁਜ਼ਗਾਰ ਅਪਣਾ ਕੇ ਆਪਣੀ ਦੁਕਾਨ ਜਾਂ ਇੰਡਸਟਰੀ ਖੋਲ੍ਹ ਸਕਦਾ ਹੈ, ਜਿਸ ਲਈ ਬੈਂਕਾਂ ਵੱਲੋਂ ਕਰਜ਼ ਵੀ ਦਿੱਤਾ ਜਾਂਦਾ ਹੈ।

- ਆਈਟੀਆਈ ਪਾਸ ਸਿਖਿਆਰਥੀ ਨਾਮਵਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ 'ਚ ਅਪ੍ਰੈਂਟਿਸਸ਼ਿਪ ਕਰ ਕੇ ਹੁਨਰਮੰਦ ਵਰਕਰ ਬਣ ਸਕਦਾ ਹੈ।

- ਵਿਦੇਸ਼ਾਂ 'ਚ ਵੀ ਆਈਟੀਆਈ ਪਾਸ ਸਕਿੱਲਡ ਵਰਕਰਾਂ ਦੀ ਭਾਰੀ ਮੰਗ ਹੈ।

- ਆਈਟੀਆਈ ਪਾਸ ਵਿਦਿਆਰਥੀ ਉੱਚ ਅਧਿਐਨ ਲਈ ਡਿਪਲੋਮਾ ਕੋਰਸ ਕਰ ਸਕਦੇ ਹਨ, ਜਿਸ ਲਈ ਸਿਖਿਆਰਥੀਆਂ ਵੱਲੋਂ ਸਿੱਧੇ ਹੀ ਦੂਜੇ ਸਾਲ 'ਚ ਦਾਖ਼ਲਾ ਲਿਆ ਜਾ ਸਕਦਾ ਹੈ।

ਇਸ ਲਈ ਆਈਟੀਆਈ ਤੋਂ ਕਿੱਤਾਮੁਖੀ ਕੋਰਸ ਕਰਨ ਵਾਲਿਆਂ ਲਈ ਤਰੱਕੀ ਦੇ ਬੇਸ਼ੁਮਾਰ ਮੌਕੇ ਹਨ। ਇਸ ਲਈ ਤੁਸੀਂ ਵੀ ਤਕਨੀਕੀ ਕੋਰਸ ਕਰ ਕੇ ਸਰਕਾਰ ਦੇ ਮੇਕ ਇਨ ਇੰਡੀਆ, ਮੇਕ ਫਾਰ ਵਰਲਡ ਦਾ ਹਿੱਸਾ ਬਣ ਸਕਦੋ ਹੋ।

- ਗੁਰਨਾਮ ਸਿੰਘ ਭੱਲੜੀ

Posted By: Harjinder Sodhi