ਅੱਜ ਉੂਰਜਾ ਦੀ ਜ਼ਰੂਰਤ ਹਰ ਖੇਤਰ 'ਚ ਹੈ। ਸਾਫਟਵੇਅਰ ਕੰਪਨੀ ਤੋਂ ਲੈ ਕੇ ਕੰਸਟਰੱਕਸ਼ਨ ਸਾਈਟ ਤਕ ਕਿਸੇ ਵੀ ਖੇਤਰ ਦਾ ਕੰਮ ਊਰਜਾ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਵੱਖ-ਵੱਖ ਖੇਤਰਾਂ 'ਚ ਊਰਜਾ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਊਰਜਾ ਦੇ ਨਵੇਂ ਸਰੋਤਾਂ ਦੀ ਖੋਜ, ਉਤਪਾਦਨ ਤੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕਈ ਸਰਕਾਰੀ ਤੇ ਗ਼ੈਰ-ਸਰਕਾਰੀ ਸੰਗਠਨ ਊਰਜਾ ਉਤਪਾਦਨ ਤੇ ਸੰਭਾਲ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ। ਇਹੀ ਕਾਰਨ ਹੈ ਕਿ ਯੋਗ ਪੇਸ਼ੇਵਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਜੇ ਤੁਸੀਂ ਵੀ ਸਾਇੰਸ ਸਟ੍ਰੀਮ ਦੇ ਵਿਦਿਆਰਥੀ ਹੋ ਤੇ ਚੰਗੇ ਵਿਕਾਸ ਵਾਲੇ ਖੇਤਰ 'ਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਊਰਜਾ ਸੰਭਾਲ ਖੇਤਰ ਵੱਲ ਰੁਖ਼ ਕਰ ਸਕਦੇ ਹੋ।

ਨਿਵੇਸ਼ ਨਾਲ ਵੱਧ ਰਹੀਆਂ ਸੰਭਾਵਨਾਵਾਂ

ਭਾਰਤ ਸਰਕਾਰ ਵੱਲੋਂ ਊਰਜਾ ਸੈਕਟਰ ਨੂੰ ਵਧਾਉਣ ਲਈ ਹਰ ਰੋਜ਼ ਨਵੇਂ ਕਦਮ ਚੁੱਕੇ ਜਾ ਰਹੇ ਹਨ। ਭਾਰਤ ਦਾ ਊਰਜਾ ਖੇਤਰ ਪਿਛਲੇ ਪੰਜ ਸਾਲਾਂ 'ਚ ਤੇਜ਼ੀ ਨਾਲ ਵਧਿਆ ਹੈ। ਸਰਕਾਰ ਨੇ 2022 ਤਕ 1,75,000 ਮੈਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਹਾਸਿਲ ਕਰਨ ਦਾ ਟੀਚਾ ਰੱਖਿਆ ਹੈ, ਨਾਲ ਹੀ ਆਉਣ ਵਾਲੇ ਦਸ ਸਾਲਾਂ ਯਾਨੀ 2030 ਤਕ ਨਵਿਆਉਣਯੋਗ ਊਰਜਾ ਸਮਰੱਥਾ ਵਧਾ ਕੇ 4,50,000 ਮੈਗਾਵਾਟ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੂਰੇ ਊਰਜਾ ਸੈਕਟਰ 'ਚ ਨਵੀਆਂ ਖੋਜਾਂ ਕਰਨ ਦੀਆਂ ਵੀ ਕੋਸ਼ਿਸ਼ਾਂ ਜਾਰੀ ਹਨ। ਬੀਤੇ ਸਾਲਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਭਾਰਤ ਦੇ ਊਰਜਾ ਸੈਕਟਰ 'ਚ ਸਾਲ 2000 ਤੋਂ

2019 ਦੌਰਾਨ 14.32 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਹੋਇਆ ਹੈ। ਆਉਣ ਵਾਲੇ ਸਾਲਾਂ 'ਚ ਇਸ ਨਿਵੇਸ਼ ਦੇ ਹੋਰ ਵਧਣ ਦੀ ਉਮੀਦ ਹੈ। ਜ਼ਾਹਿਰ ਹੈ ਕਿ ਨਿਵੇਸ਼ 'ਚ ਵਾਧੇ ਨਾਲ ਊਰਜਾ ਖੇਤਰ 'ਚ ਨੌਜਵਾਨਾਂ ਲਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਧਣਗੀਆਂ।

ਵਿੱਦਿਅਕ ਯੋਗਤਾ

ਊਰਜਾ ਸੈਕਟਰ 'ਚ ਕਰੀਅਰ ਬਣਾਉਣ ਲਈ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਫਿਜ਼ੀਕਸ, ਕੈਮਿਸਟਰੀ, ਕੰਪਿਊਟਰ ਸਾਇੰਸ ਤੇ ਮੈਥ (ਪੀਸੀਐੱਮ) ਵਿਸ਼ਿਆਂ ਨਾਲ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ। ਬਾਰ੍ਹਵੀਂ ਤੋਂ ਬਾਅਦ ਊਰਜਾ ਇੰਜੀਨੀਅਰਿੰਗ ਦੇ ਬੀਈ ਜਾਂ ਬੀਟੈੱਕ ਕੋਰਸ 'ਚ ਦਾਖ਼ਲਾ ਲਿਆ ਜਾ ਸਕਦਾ ਹੈ। ਮਾਸਟਰ ਡਿਗਰੀ ਪ੍ਰਾਪਤ ਕਰਨ ਲਈ ਤੁਸੀਂ ਐੱਮਈ, ਐੱਮਟੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਐਨਰਜੀ ਮੈਨੇਜਮੈਂਟ 'ਚ ਐੱਮਬੀਏ ਜਾਂ ਪੀਜੀਡੀਐੱਮ ਕਰ ਸਕਦੇ ਹੋ। ਕਈ ਬਿਜ਼ਨਸ ਸੰਸਥਾਵਾਂ ਐਨਰਜੀ ਮੈਨੇਜਮੈਂਟ ਜਾਂ ਪਾਵਰ ਮੈਨੇਜਮੈਂਟ 'ਚ ਐੱਮਬੀਏ ਕੋਰਸ ਕਰਵਾ ਰਹੀਆਂ ਹਨ। ਇਨ੍ਹਾਂ ਕੋਰਸਾਂ ਤਹਿਤ ਕੁਦਰਤੀ ਸਾਧਨਾਂ ਜ਼ਰੀਏ ਜਿਵੇਂ ਤੇਲ, ਗੈਸ, ਹਵਾ, ਪਾਣੀ, ਈਂਧਣ, ਸੌਰ ਊਰਜਾ ਨਾਲ ਊਰਜਾ ਦਾ ਉਤਪਾਦਨ, ਇਕੱਠਾ ਕਰਨਾ ਜਾਂ ਬੱਚਤ ਦਾ ਅਧਿਐਨ ਕਰਵਾਇਆ ਜਾਂਦਾ ਹੈ। ਜ਼ਿਆਦਾਤਰ ਕਾਲਜ ਇਨ੍ਹਾਂ ਕੋਰਸਾਂ 'ਚ ਦਾਖ਼ਲਾ ਦਾਖ਼ਲਾ ਪ੍ਰੀਖਿਆ ਨਾਲ ਦਿੰਦੇ ਹਨ।

ਨੌਕਰੀ ਦੇ ਮੌਕੇ

ਊਰਜਾ ਖੇਤਰ ਨੂੰ ਵੱਖ-ਵੱਖ ਖੇਤਰਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜਿਵੇਂ ਈਂਧਣ, ਪੈਟਰੋਲੀਅਮ, ਗੈਸ, ਕੋਲਾ, ਸੌਰ ਊਰਜਾ, ਪਾਵਰ ਪਲਾਂਟ ਪਰਾਮਣੂ ਊਰਜਾ ਉਦਯੋਗ ਆਦਿ। ਊਰਜਾ ਨਾਲ ਸਬੰਧਤ ਬੀਏ ਜਾਂ ਇੰਜੀਨੀਅਰਿੰਗ ਡਿਗਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਲਈ ਪ੍ਰਾਈਵੇਟ ਜਾਂ ਸਰਕਾਰੀ ਦੋਵਾਂ ਖੇਤਰਾਂ 'ਚ ਨੌਕਰੀ ਦੇ ਮੌਕੇ ਹਨ। ਇਨ੍ਹਾਂ ਖੇਤਰਾਂ 'ਚ ਤੁਹਾਨੂੰ ਕਮਿਸ਼ਨਿੰਗ ਇੰਜੀਨੀਅਰ, ਡਿਸਟ੍ਰੀਬਿਊਸ਼ਨ ਇੰਜੀਨੀਅਰ, ਮੇਂਟੀਨੈਂਸ ਇੰਜੀਨੀਅਰ, ਸਬ-ਸਟੇਸ਼ਨ ਮੈਨੇਜਰ, ਕੁਆਲਿਟੀ ਇੰਸ਼ੋਰੈਂਸ, ਕੁਆਲਿਟੀ ਕੰਟਰੋਲ ਮੈਨੇਜਰ, ਵਿੰਡ ਫਾਰਮ ਡਿਜ਼ਾਈਨਰ, ਸੋਲਰ ਐਨਰਜੀ ਸਿਸਟਮ ਇੰਜੀਨੀਅਰ, ਪ੍ਰਾਜੈਕਟ ਮੈਨੇਜਰ, ਸੁਪਰਵਾਈਜ਼ਰ ਆਦਿ ਵਜੋਂ ਅੱਗੇ ਵਧਣ ਦੇ ਮੌਕੇ ਮਿਲਣਗੇ।

ਤਰੱਕੀ ਦਾ ਰਾਹ ਸੌਖਾ ਬਣਾਉਂਦੇ ਹਨ ਹੁਨਰ

ਅੱਜ ਸਾਰੇ ਖੇਤਰਾਂ 'ਚ ਵਿੱਦਿਅਕ ਗਿਆਨ ਦੇ ਨਾਲ-ਨਾਲ ਕੰਮ ਸਬੰਧੀ ਹੁਨਰ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਉਰਜਾ ਖੇਤਰ 'ਚ ਕਰੀਅਰ ਨੂੰ ਸਫਲਤਾ ਦੀਆਂ ਉਚਾਈਆਂ ਤਕ ਪਹੁੰਚਾਉਣ ਲਈ ਤੁਹਾਨੂੰ ਕੁਝ ਹੁਨਰਾਂ 'ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਤੁਹਾਨੂੰ ਲਾਜੀਕਲ ਤੇ ਐਨਾਲਿਟੀਕਲ ਹੁਨਰ, ਇੰਜੀਨੀਅਰਿੰਗ ਕੰਪਿਊਟੇਸ਼ਨ ਹੁਨਰ, ਟੈਕਨੀਕਲ ਰਾਈਟਿੰਗ, ਸਟ੍ਰਾਂਗ ਕਮਿਊਨੀਕੇਸ਼ਨ ਸਕਿੱਲ ਆਦਿ 'ਤੇ ਕੰਮ ਕਰਨਾ ਹੋਵੇਗਾ। ਇਸ ਤੋਂ ਇਲਾਵਾ ਤੁਹਾਡੇ 'ਚ ਔਖੀਆਂ ਪ੍ਰਸਥਿਤੀਆਂ 'ਚ ਬਿਹਤਰ ਫ਼ੈਸਲੇ ਲੈਣ ਦੀ ਸਮਰੱਥਾ, ਬੇਸਿਕ ਮਕੈਨੀਕਲ ਤੇ ਇਲੈਕਟ੍ਰੀਕਲ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ।

Posted By: Harjinder Sodhi