ਨਵੀਂ ਦਿੱਲੀ, ਜੇਐੱਨਐੱਨ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਰੇ ਵਰਗਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਡਿਜੀਟਲ ਲਾਇਬ੍ਰੇਰੀ ਵਿਚ ਸਾਰੀਆਂ ਭਾਸ਼ਾਵਾਂ ਦੀਆਂ ਮਹੱਤਵਪੂਰਨ ਕਿਤਾਬਾਂ ਰੱਖੀਆਂ ਜਾਣਗੀਆਂ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਪਸੰਦ ਦੀਆਂ ਕਿਤਾਬ ਪੜ੍ਹਨਾ ਤੇ ਸਮਝਣਾ ਸੌਖਾ ਹੋ ਸਕੇ।
- ਨੈਸ਼ਨਲ ਡਿਜੀਟਲ ਲਾਇਬ੍ਰੇਰੀ ਤਕ ਸਾਰਿਆਂ ਦੀ ਪਹੁੰਚ ਨੂੰ ਸਮਰੱਥ ਬਣਾਉਣ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
- ਪੇਂਡੂ ਖੇਤਰਾਂ ਦੀਆਂ ਜ਼ਿਲ੍ਹਾ ਪੰਚਾਇਤਾਂ ਤੋਂ ਮਦਦ ਲਈ ਜਾਵੇਗੀ ਤਾਂ ਜੋ ਪੇਂਡੂ ਖੇਤਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਦੇ ਫ਼ਾਇਦੇ ਵੀ ਦੱਸੇ ਜਾ ਸਕਣ।
- ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਪੜ੍ਹਨ ਲਈ ਯੋਗ ਸਮੱਗਰੀ ਮੁਹੱਈਆ ਕਰਵਾਉਣ ਲਈ ਆਪਸ ’ਚ ਜੁੜਨ ਦੇ ਯਤਨ ਕੀਤੇ ਜਾਣਗੇ।
- ਇਸ ਦੇ ਨਾਲ ਹੀ 2014 ਤੋਂ ਸਥਾਪਿਤ 157 ਮੈਡੀਕਲ ਕਾਲਜਾਂ ਦੇ ਨਾਲ ਸਹਿ-ਸੰਸਥਾਵਾਂ ਵਜੋਂ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ।
- ਮੈਡੀਕਲ ਦੀ ਪੜ੍ਹਾਈ ਲਈ ਬਹੁ-ਅਨੁਸ਼ਾਸਨੀ ਸਹਾਇਤਾ ਲਈ ਪ੍ਰਬੰਧ ਕੀਤੇ ਜਾਣਗੇ।
- ਇਸ ਵਾਰ ਦੇ ਬਜਟ ਦਾ ਮੁੱਖ ਉਦੇਸ਼ ਸਿੱਖਿਆ ਦੇ ਖੇਤਰ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਨਾਲ ਜੁੜਨਾ ਹੈ।
- ਅਗਲੇ ਸਾਲ ਤਕ ਅਧਿਆਪਕਾਂ ਲਈ ਬਿਹਤਰ ਅਤੇ ਆਧੁਨਿਕ ਅਧਿਆਪਕ ਸਿਖਲਾਈ ਕੇਂਦਰ ਵੀ ਖੋਲ੍ਹੇ ਜਾਣਗੇ।
- ਕੇਂਦਰੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਵਿੱਤੀ ਸਾਲ 2023-24 ਵਿਚ ਆਦਿਵਾਸੀਆਂ ਲਈ ਵਿਸ਼ੇਸ਼ ਸਕੂਲ ਖੋਲ੍ਹੇਗੀ ਅਤੇ ਇਸ ਲਈ ਸਰਕਾਰ ਨੇ 15,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।
ਨੌਜਵਾਨਾਂ ਲਈ ਕੇਂਦਰੀ ਵਿੱਤ ਮੰਤਰੀ ਦੀਅਾਂ ਖ਼ਾਸ ਯੋਜਨਾਵਾਂ
- ਨੌਜਵਾਨਾਂ ਲਈ ਡੀਬੀਟੀ ਸਕੀਮ ਸ਼ੁਰੂ ਕੀਤੀ ਜਾਵੇਗੀ।
- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਅਗਲੇ 3 ਸਾਲਾਂ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਉਦਯੋਗ ਕੇਂਦਰਿਤ ਕੋਰਸ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਵਿਚ ਰੋਬੋਟਿਕਸ, ਕੋਡਿੰਗ ਆਦਿ ਸ਼ਾਮਿਲ ਹਨ।
- ਯੂਨੀਫਾਈਡ ਡਿਜੀਟਲ ਇੰਡੀਆ ਪਲੇਟਫਾਰਮ ਦੀ ਸਥਾਪਨਾ ਨਾਲ ਹੁਨਰ ਵਿਕਾਸ ਵਿਚ ਤੇਜ਼ੀ ਆਵੇਗੀ।
- ਨੈਸ਼ਨਲ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਸ਼ੁਰੂ ਕੀਤੀ ਜਾਵੇਗੀ।
- ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੌਕਿਆਂ ਲਈ ਹੁਨਰਮੰਦ ਬਣਾਉਣ ਲਈ ਵੱਖ-ਵੱਖ ਸੂਬਿਆਂ ਵਿਚ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਸਥਾਪਿਤ ਕੀਤੇ ਜਾਣਗੇ।
Posted By: Harjinder Sodhi