ਜਦੋਂ ਵਿਦਿਆਰਥੀ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਦੇ ਮਨ ’ਚ ਇਕ ਹੀ ਸਵਾਲ ਹੁੰਦਾ ਹੈ ਕਿ ਉਹ ਕਿਹੜੇ ਖੇਤਰ ’ਚ ਕਰੀਅਰ ਬਣਾ ਸਕਦਾ ਹੈ। ਮੌਜੂਦਾ ਸਮੇਂ ਬਹੁਤ ਸਾਰੇ ਖੇਤਰ ਹਨ, ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਕਰੀਅਰ ਬਣਾਉਣ ਦੇ ਮੌਕੇ ਪ੍ਰਦਾਨ ਕਰਵਾਉਂਦੇ ਹਨ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਖੇਤਰਾਂ ’ਚ ਨੌਕਰੀਆਂ ਸਬੰਧੀ ਇਸ਼ਤਿਹਾਰ ਜਾਰੀ ਕਰਨ ਸਬੰਧੀ ਸਰਕਾਰ ਫ਼ੈਸਲੇ ਲੈ ਰਹੀ ਹੈ। ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ’ਚ 10000 ਅਸਾਮੀਆਂ ਪੰਜਾਬ ਪੁਲਿਸ ’ਚ ਵੀ ਭਰੀਆਂ ਜਾਣ ਬਾਰੇ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ’ਚ ਹੋਰ 38552 ਅਸਾਮੀਆਂ ਵੱਖ-ਵੱਖ ਖੇਤਰਾਂ ’ਚ ਭਰਨ ਦੀ ਚਰਚਾ ਹੈ। ਹਰ ਖੇਤਰ ’ਚ ਅਸਾਮੀਆਂ ਪ੍ਰਤੀ ਵੱਖ-ਵੱਖ ਯੋਗਤਾਵਾਂ ਤੈਅ ਕੀਤੀਆਂ ਗਈਆਂ ਹਨ। ਇਸ ਲਈ ਵਿਦਿਆਰਥੀ ਤਿਆਰ ਰਹਿਣ ਤਾਂ ਜੋ ਭਵਿੱਖ ਵਿਚ ਇਨ੍ਹਾਂ ਅਸਾਮੀਆਂ ਦੀ ਤਿਆਰੀ ਹੋ ਸਕੇ।

ਭਰਤੀ ਪ੍ਰਕਿਰਿਆ

ਅਸਾਮੀਆਂ ਦੀ ਭਰਤੀ ਪ੍ਰਕਿਰਿਆ ਲਈ ਨਿਯਮਾਂ ਦੀ ਗੱਲ ਕਰੀਏ ਤਾਂ ਪੂਰੀ ਪ੍ਰਕਿਰਿਆ ਸਰਕਾਰ ਵੱਲੋਂ ਬਣਾਏ ਗਏ ਵੱਖ-ਵੱਖ ਸੂਬਾ ਪੱਧਰੀ ਭਰਤੀ ਬੋਰਡਾਂ ਵੱਲੋਂ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ’ਚ ਸਬ-ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਦੀ ਭਰਤੀ ’ਚ ਉਮੀਦਵਾਰਾਂ (ਪੁਰਸ਼ ਜਾਂ ਮਹਿਲਾਵਾਂ) ਕੋਲ ਘੱਟੋ-ਘੱਟ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਅਤੇ ਉਮਰ 1 ਜਨਵਰੀ, 2021 ਤਕ 28 ਸਾਲ ਹੋਵੇ। ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰ (ਪੁਰਸ਼ ਜਾਂ ਮਹਿਲਾ) ਜਿਨ੍ਹਾਂ ਦੀ ਉਮਰ 1 ਜਨਵਰੀ, 2021 ਤਕ 18-28 ਸਾਲ ਉਮਰ ਵਰਗ ਵਿਚ ਹੋਵੇ ਅਤੇ ਬਾਰ੍ਹਵੀਂ ਤਕ ਦੀ ਵਿੱਦਿਅਕ ਯੋਗਤਾ ਹੋਵੇ, ਉਹ ਪੰਜਾਬ ਪੁਲਿਸ ’ਚ ਕਾਂਸਟੇਬਲਾਂ ਦੀਆਂ ਅਸਾਮੀਆਂ ਲਈ ਯੋਗ ਹੋਣਗੇ।

ਇਨ੍ਹਾਂ ਸਾਰੀਆਂ ਅਸਾਮੀਆਂ ’ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਸ਼੍ਰੇਣੀਆਂ ’ਚ ਉਮਰ ਸਬੰਧੀ ਛੋਟ ਦਿੱਤੀ ਜਾਵੇਗੀ।

ਵੱਖ-ਵੱਖ ਕਾਡਰਾਂ ’ਚ ਹੋਵੇਗੀ ਭਰਤੀ

ਪੰਜਾਬ ਪੁਲਿਸ ’ਚ ਬਹੁਤ ਸਾਰੀਆਂ ਅਸਾਮੀਆਂ ਲਈ ਭਰਤੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀਆਂ ਯੋਗਤਾਵਾਂ ਵੱਖਰੀਆਂ-ਵੱਖਰੀਆਂ ਹਨ। ਆੳਣ ਵਾਲੇ ਸਮੇਂ ’ਚ 10000 ਪੁਲਿਸ ਮੁਲਾਜ਼ਮਾਂ ਦੀਆਂ ਅਸਾਮੀਆਂ ’ਚ ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਪੱਧਰ ’ਤੇ ਵੱਖ-ਵੱਖ ਕਾਡਰਾਂ ’ਚ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ’ਚ ਨਿਯਮਾਂ ਅਨੁਸਾਰ 33 ਫ਼ੀਸਦੀ ਮਹਿਲਾਵਾਂ ਦੀ ਭਰਤੀ ਹੋਵੇਗੀ। ਸਾਰੇ ਕਾਡਰਾਂ ’ਚ ਜ਼ਿਲ੍ਹਾ, ਆਰਮਡ, ਇਨਵੈਸਟੀਗੇਸ਼ਨ, ਇੰਟੈਲੀਜੈਂਸ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਵਜੋਂ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਸਰੀਰਕ ਮਾਪਦੰਡਾਂ ਲਈ ਨਿਯਮ

ਭਰਤੀ ਪ੍ਰਕਿਰਿਆ ਵਿਚ ਸਰੀਰਕ ਮਾਪਦੰਡਾਂ ਲਈ ਕੁਝ ਨਿਯਮ ਸਥਾਪਿਤ ਕੀਤੇ ਜਾਣਗੇ। ਪੁਰਸ਼ ਉਮੀਦਵਾਰ ਲਈ ਕੱਦ 5 ਫੁੱਟ 7 ਇੰਚ ਅਤੇ ਮਹਿਲਾ ਉਮੀਦਵਾਰ ਲਈ 5 ਫੁੱਟ 2 ਇੰਚ ਜ਼ਰੂਰੀ ਹੈ। ਸਰੀਰਕ ਪ੍ਰੈਕਟੀਕਲ ਵਿਚ ਦੌੜ (ਪੁਰਸ਼ ਲਈ 1600 ਮੀਟਰ ਅਤੇ ਮਹਿਲਾ ਲਈ 800 ਮੀਟਰ), ਉੱਚੀ ਛਾਲ ਅਤੇ ਲੰਮੀ ਛਾਲ ਹੋਵੇਗੀ। ਪੁਰਸ਼ ਉਮੀਦਵਾਰ ਵੱਲੋਂ ਇਸ ਭਰਤੀ ਵਿਚ ਲੰਬੀ ਛਾਲ ਲਗਾਉਣੀ ਜ਼ਰੂਰੀ ਹੋਵੇਗੀ, ਜੋ ਘੱਟੋ-ਘੱਟ 3.80 ਮੀਟਰ ਹੋਵੇ ਅਤੇ ਮਹਿਲਾ ਉਮੀਦਵਾਰ ਵੱਲੋਂ ਵੀ ਲੰਬੀ ਛਾਲ ਲਗਾਉਣੀ ਜ਼ਰੂਰੀ ਹੋਵੇਗੀ, ਜੋ ਘੱਟੋ-ਘੱਟ 3.00 ਮੀਟਰ ਹੋਵੇਗੀ। ਇਸ ਤੋਂ ਇਲਾਵਾ ਪੁਰਸ਼ ਉਮੀਦਵਾਰ ਵੱਲੋਂ ਉੱਚੀ ਛਾਲ ਲਗਾਉਣੀ ਜ਼ਰੂਰੀ ਹੋਵੇਗੀ, ਜੋ ਘੱਟੋ-ਘੱਟ 1.10 ਮੀਟਰ ਹੋਵੇਗੀ ਅਤੇ ਮਹਿਲਾ ਉਮੀਦਵਾਰ ਵੱਲੋਂ ਵੀ ਲੰਬੀ ਛਾਲ ਲਗਾਉਣੀ ਹੋਵੇਗੀ, ਜੋ ਘੱਟੋ-ਘੱਟ 0.95 ਮੀਟਰ ਜ਼ਰੂਰੀ ਹੋਵੇਗੀ। ਇਸ ਲਈ ਤਿੰਨ ਮੌਕੇ ਦਿੱਤੇ ਜਾਣਗੇ। ਇਸ ਸਮੁੱਚੀ ਪ੍ਰਕਿਰਿਆ ਦੇ ਮਾਪਦੰਡ ਮਹਿਲਾ ਉਮੀਦਵਾਰ ਤੇ ਸਾਬਕਾ ਸੈਨਿਕਾਂ ਲਈ ਵੱਖਰੇ ਹੋਣਗੇ।

ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਜ਼ਰੂਰੀ

ਇਕ ਵਿਦਿਆਰਥੀ ਜਾਂ ਨੌਜਵਾਨ ਨੂੰ ਇਸ ਭਰਤੀ ’ਚ ਸ਼ਾਮਲ ਹੋਣ ਲਈ ਜਿੱਥੇ ਅਕਾਦਮਿਕ ਤੌਰ ’ਤੇ ਵੱਖ-ਵੱਖ ਵਿਸ਼ਿਆਂ ਬਾਰੇ ਗਿਆਨ ਹੋਣਾ ਚਾਹੀਦਾ ਹੈ, ਉੱਥੇ ਸਰੀਰਕ ਮਾਪਦੰਡਾਂ ਬਾਰੇ ਵੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਮਿੱਥੇ ਹੋਏ ਮਾਪਦੰਡਾਂ ਨੂੰ ਪਾਸ ਕਰ ਕੇ ਨੌਕਰੀ ਪ੍ਰਾਪਤ ਕਰ ਸਕੇਗਾ। ਇਸ ਸਾਰੀ ਪ੍ਰਕਿਰਿਆ ਉਪਰੰਤ ਉਮੀਦਵਾਰ ਨੂੰ ਲਿਖਤੀ ਟੈਸਟ ਦੇਣਾ ਜ਼ਰੂਰੀ ਹੋਵੇਗਾ। ਸਾਰੀਆਂ ਅਸਾਮੀਆਂ ਜਿਨ੍ਹਾਂ ’ਚ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੀ ਭਰਤੀ ਲਈ ਲਿਖਤੀ ਟੈਸਟ ਵਿਚ ਆਮ ਗਿਆਨ ਦੇ ਅਧਾਰ ’ਤੇ ਬਹੁ-ਵਿਕਲਪੀ ਪ੍ਰਸ਼ਨ ਹੋਣਗੇ। ਇਸ ਲਿਖਤੀ ਪ੍ਰੀਖਿਆ ਵਿਚ ਭਾਰਤੀ ਸੰਵਿਧਾਨ, ਭਾਰਤ ਅਤੇ ਪੰਜਾਬ ਦਾ ਇਤਿਹਾਸ, ਸੱਭਿਆਚਾਰ ਅਤੇ ਰਾਜਨੀਤੀ, ਵਿਗਿਆਨ ਅਤੇ ਤਕਨਾਲੋਜੀ, ਭਾਰਤੀ ਅਰਥ-ਵਿਵਸਥਾ, ਭੂਗੋਲ ਤੇ ਵਾਤਾਵਰਨ, ਕੰਪਿਊਟਰ ਸਬੰਧੀ ਜਾਣਕਾਰੀ ਅਤੇ ਰਾਸ਼ਟਰੀ, ਅੰਤਰਰਾਸ਼ਟਰੀ ਚਲੰਤ ਮਾਮਲਿਆਂ ਸਬੰਧੀ ਪ੍ਰਸ਼ਨ ਪੁੱਛੇ ਜਾਣਗੇ। ਇਸ ਲਿਖਤੀ ਪ੍ਰੀਖਿਆ ਲਈ ਉਮੀਦਵਾਰ ਨੂੰ ਬਹੁਤ ਸਾਰੇ ਹੋਰ ਵਿਸ਼ਿਆਂ ਬਾਰੇ ਗਿਆਨ ਹੋਣਾ ਚਾਹੀਦਾ ਹੈ, ਜਿਨ੍ਹਾਂ ਵਿਚ ਹਿਸਾਬ ਅਤੇ ਭਾਸ਼ਾ ਵਿਚ ਪਕੜ ਵੀ ਸ਼ਾਮਲ ਹਨ। ਉਮੀਦਵਾਰ ਆਪਣੀ ਭਾਸ਼ਾ ਵਿਚ ਪਕੜ ਸਦਕਾ ਹੀ ਪੈਰਾ ਰਚਨਾ ਕਰ ਸਕਦਾ ਹੈ, ਜਿਸ ਵਿਚ ਤਰਤੀਬ, ਸ਼ਬਦਾਵਲੀ, ਪੈਰਾ ਅਧਾਰਤ ਪ੍ਰਸ਼ਨ ਆਦਿ ਸ਼ਾਮਲ ਹੋਣਗੇ।

ਕੰਪਿਊਟਰ ਦਾ ਗਿਆਨ ਜ਼ਰੂਰੀ

ਪੁਲਿਸ ਵਿਭਾਗ ’ਚ ਇਨ੍ਹਾਂ ਭਰਤੀਆਂ ਦੁਆਰਾ ਵੱਖ-ਵੱਖ ਵਿਭਾਗਾਂ ’ਚ ਮੁਲਾਜ਼ਮ ਨਿਯੁਕਤ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚੋਂ ਕੁਝ ਤਕਨੀਕੀ ਪੱਧਰ ਦੀਆਂ ਅਸਾਮੀਆਂ ਹਨ, ਜਿਨ੍ਹਾਂ ਲਈ ਕੰਪਿਊਟਰ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ। ਭਰਤੀ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਲਿਖਤੀ ਅਤੇ ਫਿਜ਼ੀਕਲ ਪ੍ਰੈਕਟੀਕਲ ਲਈ ਜਨਤਕ ਥਾਵਾਂ, ਜਨਤਕ ਪਾਰਕਾਂ, ਸਟੇਡੀਅਮ ਅਤੇ ਪੁਲਿਸ ਲਾਈਨ ਮੈਦਾਨਾਂ ਆਦਿ ਦੀ ਵਰਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਪੂਰੀ ਭਰਤੀ ਪ੍ਰਕਿਰਿਆ ’ਚ ਫ਼ਾਇਦਾ ਮਿਲੇਗਾ।

ਇਨ੍ਹਾਂ ਅਸਾਮੀਆਂ ’ਚ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਹਨ ਅਤੇ ਆਪਣੇ ਭਵਿੱਖ ਨੂੰ ਰੋਸ਼ਨ ਕਰਦੇ ਹੋਏ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਦੇ ਹਨ। ਨੌਜਵਾਨ ਉਹ ਵਰਗ ਹੈ, ਜੋ ਕਿਸੇ ਵੀ ਖਿੱਤੇ ਦਾ ਉਹ ਸਰਮਾਇਆ ਹੁੰਦਾ ਹੈ, ਜੋ ਉਸ ਨੂੰ ਅੱਗੇ ਲੈ ਕੇ ਚੱਲਦਾ ਹੈ। ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਮੇਂ ਦੀ ਜ਼ਰੂਰਤ ਵੀ ਹੈ। ਪੁਲਿਸ ਜਿਹੇ ਵਿਭਾਗਾਂ ’ਚ ਨੌਜਵਾਨਾਂ ਦੀ ਸ਼ਮੂਲੀਅਤ ਨਵਾਂ ਸਮਾਜ ਸਿਰਜਣ ’ਚ ਵੀ ਸਹਾਈ ਹੋਵੇਗੀ, ਜਿਸ ਸਦਕਾ ਅਸੀਂ ਆਪਣੇ ਖਿੱਤੇ ਦੀ ਆਨ, ਬਾਨ ਤੇ ਸ਼ਾਨ ਲਈ ਨੌਜਵਾਨਾਂ ਦੀ ਅਗਵਾਈ ਅਧੀਨ ਨਵੀਂਆਂ ਪੁਲਾਂਘਾਂ ਪੁੱਟ ਸਕਾਂਗੇ।

- ਡਾ. ਸਰਬਜੀਤ ਸਿੰਘ

Posted By: Harjinder Sodhi