ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵੱਲੋਂ 10ਵੀਂ ਦਾ ਨਤੀਜਾ ਜਾਰੀ ਕਰਨ ਨੂੰ ਲੈ ਕੇ ਫਿਲਹਾਲ ਕੋਈ ਸਰਕਾਰੀ ਐਲਾਨ ਨਹੀਂ ਕੀਤਾ ਗਿਆ ਹੈ। ਬੋਰਡ ਦੇ ਅਧਿਕਾਰੀਆਂ ਅਨੁਸਾਰ, 10ਵੀਂ ਦਾ ਨਤੀਜਾ ਐਲਾਨ ਕਰਨ ਦੀ ਤਰੀਕ ’ਤੇ ਫ਼ੈਸਲਾ ਕਰਨਾ ਬਾਕੀ ਹੈ। ਤਰੀਕ ਤੈਅ ਹੁੰਦੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਬੋਰਡ ਅਗਲੇ ਹਫ਼ਤੇ ਤਕ ਭਾਵ 25 ਜੁਲਾਈ ਤੋਂ ਬਾਅਦ ਨਤੀਜਾ ਜਾਰੀ ਕਰ ਸਕਦਾ ਹੈ। ਜਦੋਂਕਿ 12ਵੀਂ ਦਾ ਨਤੀਜਾ 31 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ।

ਬੋਰਡ ਵੱਲੋਂ 10ਵੀਂ ਦੇ ਨਤੀਜੇ ਜਾਰੀ ਕਰਨ ’ਚ ਹੁੰਦੀ ਦੇਰੀ ਨੂੰ ਲੈ ਕੇ ਪ੍ਰਿੰਸੀਪਲਾਂ ’ਚ ਵੀ ਸ਼ਸ਼ੋਪੰਜ ਦੀ ਸਥਿਤੀ ਹੈ। ਪ੍ਰਿੰਸੀਪਲਾਂ ਨੇ ਦੱਸਿਆ ਕਿ ਕੁਝ ਸਕੂਲਾਂ ਨੇ ਵਿਦਿਆਰਥੀਆਂ ਨੂੰ ਸੀਬੀਐੱਸਈ ਵੱਲੋਂ ਤੈਅ ਨੀਤੀ ਦੇ ਆਧਾਰ ’ਤੇ 10ਵੀਂ ਦੇ ਵਿਦਿਆਰਥੀਆਂ ਦਾ ਮੁਲਾਂਕਣ ਨਹੀਂ ਕੀਤਾ ਸੀ। ਸਕੂਲਾਂ ਨੇ ਮਾਡਰੇਸ਼ਨ ’ਚ ਵਿਦਿਆਰਥੀਆਂ ਨੂੰ ਜ਼ਿਆਦਾ ਅੰਕ ਦੇ ਦਿੱਤੇ ਸਨ।

ਸੀਬੀਐੱਸਈ ਦੇ ਅਧਿਕਾਰੀਆਂ ਨੇ ਅਜਿਹੇ ਸਕੂਲਾਂ ਨੂੰ ਨਿਰਪੱਖ ਰਹਿੰਦੇ ਹੋਏ ਅੰਕਾਂ ਨੂੰ ਦੁਬਾਰਾ 17 ਜੁਲਾਈ ਤਕ ਮਾਡਰੇਟ ਕਰ ਕੇ ਅਪਲੋਡ ਕਰਨ ਨੂੰ ਕਿਹਾ ਸੀ। ਪਰ ਸਕੂਲਾਂ ਵੱਲੋਂ ਅੰਕ ਅਪਲੋਡ ਕਰਨ ਤੋਂ ਬਾਅਦ ਵੀ ਬੋਰਡ ਵੱਲੋਂ ਨਤੀਜੇ ’ਚ ਦੇਰੀ ਹੋ ਰਹੀ ਹੈ। ਹਾਲਾਕਿ, ਪਹਿਲਾਂ ਇਹ ਸੰਭਾਵਨਾ ਸੀ ਕਿ ਨਤੀਜਾ 20 ਜੁਲਾਈ ਨੂੰ ਜਾਰੀ ਕਰ ਦਿੱਤਾ ਜਾਵੇਗਾ। ਸੀਬੀਐੱਸਈ ਦੇ 10ਵੀਂ ਦੇ ਨਤੀਜੇ ’ਚ ਹੁੰਦੀ ਦੇਰੀ ਨੂੰ ਲੈ ਕੇ ਬੋਰਡ ਦੇ ਅਧਿਕਾਰੀਆਂ ਨੇ ਫਿਲਹਾਲ ਕੋਈ ਵੀ ਕਾਰਨ ਸਪੱਸ਼ਟ ਨਹੀਂ ਕੀਤਾ। ਵਰਣਨਯੋਗ ਹੈ ਕਿ ਇਸ ਪ੍ਰੀਖਿਆ ’ਚ ਲਗਭਗ 21.5 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ।

ਦੂਜੀ ਤੋਂ ਨੌਵੀਂ ਤਕ ਜਲਦ ਸ਼ੁਰੂ ਹੋਣਗੇ ਈਡਬਲਿਊਐੱਸ ਤਹਿਤ ਦਾਖ਼ਲੇ

ਉੱਧਰ, ਦਿੱਲੀ ਦੀਆਂ ਸਰਕਾਰੀ ਜ਼ਮੀਨਾਂ ’ਤੇ ਚਲਾਏ ਜਾ ਰਹੇ ਨਿੱਜੀ ਸਕੂਲਾਂ ’ਚ ਜਲਦ ਹੀ ਈਡਬਲਿਊਐੱਸ ਸ੍ਰੇਣੀ ਤਹਿਤ ਦੂਜੀ ਤੋਂ ਨੌਵੀਂ ਤਕ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋਵੇਗੀ। ਸਿੱਖਿਆ ਡਾਇਰੈਕਟੋਰੇਟ ਦੇ ਨਿੱਜੀ ਸਕੂਲ ਸ਼ਾਖ਼ਾ ਦੇ ਸਹਾਇਕ ਸਿੱਖਿਆ ਡਾਇਰੈਕਟਰ ਯੋਗੇਸ਼ ਪਾਲ ਸਿੰਘ ਨੇ ਇਸ ਸਬੰਧੀ ਇਕ ਪੱਤਰ ਜਾਰੀ ਕਰਦੇਹੋਏ ਕੁੱਲ 478 ਸਕੂਲਾਂ ’ਚ ਦੂਜੀ ਤੋਂ ਨੌਵੀਂ ਤਕ ਉਪਲੱਬਧ 2759 ਸੀਟਾਂ ਦਾ ਡਾਟਾ ਸਾਂਝਾ ਕੀਤਾ। ਉਨ੍ਹਾਂ ਸਕੂਲਾਂ ਨੂੰ ਡਾਟਾ ਸਾਂਝਾ ਕਰਦੇ ਹੋਏ ਨਿਰਦੇਸ਼ ਦਿੱਤਾ ਕਿ ਜੇਕਰ ਈਡਬਲਿਊਐੱਸ ਦੀਆਂ ਕੁੱਲ ਸੀਟਾਂ ਨੂੰ ਲੈ ਕੇ ਪਹਿਲਾਂ ਉਪਲੱਬਧ ਕਰਵਾਏ ਗਏ ਇਸ ਡਾਟੇ ’ਚ ਕੋਈ ਤਰੁੱਟੀ ਹੈ ਤਾਂ ਸਕੂਲ 23 ਜੁਲਾਈ ਤਕ ਨਿੱਜੀ ਸਕੂਲ ਸ਼ਾਖ਼ਾ ’ਚ ਹਰ ਤਰ੍ਹਾਂ ਦੀਆਂ ਤਰੁੱਟੀਆਂ ਨੂੰ ਦੂਰ ਕਰਵਾ ਸਕਦੇ ਹਨ।


ਡਾਇਰੈਕਟਰ ਅਨੁਸਾਰ, ਜੇਕਰ ਕੋਈ ਸਕੂਲ ਤਰੁੱਟੀ ਦੂਰ ਕਰਵਾਉਣ ਨਹੀਂ ਆਉਂਦਾ ਤਾਂ ਇਹ ਮੰਨਿਆ ਜਾਵੇਗਾ ਕਿ ਸਕੂਲ ਵਲੋਂ ਸੀਟਾਂ ਦੀ ਗਿਣਤੀ ਨੂੰ ਲੈ ਕੇ ਉਪਲੱਬਧ ਕਰਵਾਇਆ ਡਾਟਾ ਸਹੀ ਹੈ। ਡਾਇਰੈਕਟੋਰੇਟ ਇਸੇ ਗਿਣਤੀ ਦੇ ਆਧਾਰ ’ਤੇ ਕੰਪਿਊਟਰਾਈਜ਼ਡ ਡਰਾਅ ਦੇ ਤਹਿਤ ਸਕੂਲਾਂ ’ਚ ਸੀਟਾਂ ਵੰਡੇਗਾ। ਡਾਇਰੈਕਟੋਰੇਟ ਵੱਲੋਂ ਵੰਡੀਆਂ ਸੀਟਾਂ ਦੀ ਉਪਲੱਬਧਤਾ ਤੋਂ ਬਾਅਦ ਸਕੂਲ ਸੀਟ ਦੀ ਉਪਲੱਬਧਤਾ ਦਾ ਬਹਾਨਾ ਬਣਾ ਕੇ ਦਾਖ਼ਲੇ ਤੋਂ ਮਨ੍ਹਾ ਨਹੀਂ ਕਰ ਸਕਦੇ। ਡਾਇਰੈਕਟੋਰੇਟ ਅਨੁਸਾਰ, ਜੇਕਰ ਕੋਈ ਸਕੂਲ ਅਜਿਹਾ ਕਰਦਾ ਹੈ ਤਾਂ ਸਕੂਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Posted By: Jagjit Singh