ਸੁਮੇਸ਼ ਠਾਕੁਰ, ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਭਾਵੇਂ ਪੂਰੀ ਦੁਨੀਆ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਪਰ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 196 ਕਾਲਜਾਂ ਦੇ ਲੱਖਾਂ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਵਾਇਰਸ ਕਾਰਨ ਚੱਲ ਰਹੀ ਆਰਥਿਕ ਮੰਦੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੀ ਫੀਸ ਨਾ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਸ਼ਨਿਚਰਵਾਰ ਨੂੰ ਹੋਈ ਸਿੰਡੀਕੇਟ ਕਮੇਟੀ ਦੀ ਬੈਠਕ 'ਚ 5 ਤੋਂ 7 ਫ਼ੀਸਦੀ ਫੀਸ ਨੂੰ ਵਧਾਉਣ ਦਾ ਮੁੱਦਾ ਰੱਖਿਆ ਗਿਆ ਸੀ ਪਰ ਸਾਰੇ ਮੈਂਬਰਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਮੁੱਦੇ ਨੂੰ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਕੈਲੰਡਰ 'ਚ ਬਦਲਾਅ ਕਰਨ ਦੀ ਸ਼ਕਤੀ ਵਾਈਸ ਚਾਂਸਲਰ ਨੂੰ ਦੇ ਦਿੱਤੀ ਗਈ ਤਾਂਕਿ ਪ੍ਰੀਖਿਆਵਾਂ 'ਚ ਕਿਸੇ ਤਰ੍ਹਾਂ ਨਾਲ ਵਿਦਿਆਰਥੀਆਂ ਨੂੰ ਪਰੇਸ਼ਾਨੀ ਨਾ ਹੋਵੇ।

ਡਾ. ਦਵਿੰਦਰ ਸਿੰਘ ਨਹੀਂ ਬਣਨਗੇ ਡੀਐੱਸਡਬਲਯੂ

31 ਮਈ ਨੂੰ ਸੇਵਾਮੁਕਤ ਹੋ ਰਹੇ ਡਾਕਟਰ ਇਮੈਨੁਅਲ ਨਾਹਰ ਦੀ ਜਗ੍ਹਾ 'ਤੇ ਨਵਾਂ ਡੀਐੱਸਡਬਲਯੂ ਨਿਯੁਕਤ ਕਨਰ ਲਈ ਡਾਕਟਰ ਦਵਿੰਦਰ ਸਿੰਘ ਦਾ ਨਾਂ ਲਿਆ ਗਿਆ ਸੀ ਪਰ ਸਾਰੇ ਸਿੰਡੀਕੇਟ ਮੈਂਬਰਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਡਾ. ਦਵਿੰਦਰ ਸਿੰਘ ਦੇ ਨਾਂ ਨੂੰ ਰੱਦ ਕਰ ਦਿੱਤਾ ਤੇ ਇਕ ਜੂਨ ਤੋਂ ਇਕ ਮਹੀਨੇ ਲਈ ਵਾਈਸ ਚਾਂਸਲਰ ਨੂੰ ਆਪਣੀ ਮਰਜ਼ੀ ਦਾ ਡੀਐੱਸਡਬਲਯੂ ਬਣਾਉਣ ਦੀ ਇਜਾਜ਼ਤ ਦਿੱਤੀ।

ਕਾਬਿਲੇਗੌਰ ਹੈ ਕਿ ਡਾ. ਦਵਿੰਦਰ ਸਿੰਘ ਨੂੰ ਵਾਈਸ ਚਾਂਸਲਰ ਡਾ. ਰਾਜਕੁਮਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਨਾਂ ਸੰਸਦ ਮੈਂਬਰ ਤੇ ਭਾਜਪਾ ਨੇਤਾ ਸਤਿਆਪਾਲ ਜੈਨ ਨਾਲ ਵੀ ਜੋੜਿਆ ਜਾਂਦਾ ਹੈ। ਇਸ ਕਾਰਨ ਸਿੰਡੀਕੇਟ ਮੈਂਬਰਾਂ ਨੇ ਉਨ੍ਹਾਂ ਦੇ ਡੀਐੱਸਡਬਲਯੂ ਬਣਨ 'ਤੇ ਇਤਰਾਜ਼ ਪ੍ਰਗਟਾਇਆ। ਇਸ ਮੁੱਦੇ 'ਤੇ ਲਗਪਗ ਦੋ ਘੰਟੇ ਬਹਸਿ ਹੋਈ, ਜਿਸ ਤੋਂ ਬਾਅਦ ਦੋ ਮੈਂਬਰ ਜੋ ਕਿ ਭਾਜਪਾ ਗੁੱਟ ਦੇ ਮੰਨੇ ਜਾਂਦੇ ਹਨ, ਬੈਠਕ ਤੋਂ ਵਾਕਆਊਟ ਵੀ ਕਰ ਗਏ। ਦੂਜੇ ਪਾਸੇ ਜਿਓਲਾਜੀ ਵਿਭਾਗ ਵਿਭਾਗ ਦੀ ਡਾਕਟਰ ਸੁਖਬੀਰ ਕੌਰ ਨੂੰ ਡੀਐੱਸਡਬਲਯੂ ਵੂਮੈਨ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਗਈ।

ਦਸ਼ਮੇਸ਼ ਕਾਲਜ ਦੇ ਡਾਕਟਰ ਸਾਂਗਾ ਨਹੀਂ ਬਣਨਗੇ ਰੈਗੂਲਰ ਪ੍ਰਿੰਸੀਪਲ

ਸਿੰਡੀਕੇਟ ਬੈਠਕ 'ਚ ਦਸ਼ਮੇਸ਼ ਕਾਲਜ ਫਾਰ ਗਰਲਜ਼, ਮੁਕਤਸਰ ਦੇ ਕਾਲਜ 'ਚ ਰੈਗੂਲਰ ਪ੍ਰਿੰਸੀਪਲ ਨਿਯੁਕਤ ਕਰਨ ਦੇ ਮਾਮਲੇ 'ਤੇ ਵੀ ਜੰਮ ਕੇ ਬਵਾਲ ਹੋਇਆ। ਪੰਜਾਬ ਯੂਨੀਵਰਸਿਟੀ ਕੈਲੰਡਰ ਦੇ ਨਿਯਮਾਂ ਨੂੰ ਤੋੜ ਕੇ ਗਰਲਜ਼ ਕਾਲਜ 'ਚ ਪੁਰਸ਼ ਪ੍ਰਿੰਸੀਪਲ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਜਿਸ ਨੂੰ ਸਾਰੇ ਸਿੰਡੀਕੇਟ ਮੈਂਬਰਾਂ ਨੇ ਰੱਦ ਕਰ ਦਿੱਤਾ।