ਤੁਹਾਡੀ ਨਜ਼ਰ ’ਚ ਚੰਗਾ ਕੀ ਹੈ-ਉਹ ਸ਼ਖ਼ਸ, ਜਿਸ ਨੇ 22 ਸਾਲ ਦੀ ਉਮਰ ਤਕ ਪੜ੍ਹਾਈ ਕੀਤੀ ਤੇ ਨੌਕਰੀ ਮਿਲਣ ਮਗਰੋਂ ਗਿਆਨ ਹਾਸਲ ਕਰਨਾ ਛੱਡ ਦਿੱਤਾ ਜਾਂ ਫਿਰ ਉਹ ਬਜ਼ੁਰਗ, ਜੋ ਹਰ ਸਾਲ ਕੁਝ ਨਵਾਂ ਪੜ੍ਹਦੇ ਹਨ ਤੇ ਨਵਾਂ ਸਿੱਖਦੇ ਹਨ। ਦੁਨੀਆ ਦਾ ਸਭ ਤੋਂ ਵਧੀਆ ਸ਼ਖ਼ਸ ਉਹ ਹੈ, ਜੋ ਕਿਸੇ ਨਵੀਂ ਚੀਜ਼ ਨੂੰ ਸਿੱਖਣ ਲਈ ਉਤਸ਼ਾਹ ਨਾਲ ਅੱਗੇ ਵਧਦਾ ਹੈ ਅਤੇ ਉਸ ਨੂੰ ਚੁਣੌਤੀ ਵਜੋਂ ਲੈਂਦਾ ਹੈ। ਸਿਰਫ਼ ਜ਼ਰੂਰੀ ਹੈ ਤੁਹਾਡੇ ਅੰਦਰ ਨਵੀਂ ਚੀਜ਼ ਨੂੰ ਸਿੱਖਣ ਲਈ ਸ਼ੌਕ ਹੋਵੇ। ਜਿੰਨਾ ਜ਼ਿਆਦਾ ਸ਼ੌਕ ਹੋਵੇਗਾ, ਤੁਹਾਡੀ ਸਮਝ ਓਨੀ ਵਧੀਆ ਬਣੇਗੀ।

ਨਵੇਂ ਤਜਰਬੇ

ਸਵੈ-ਅਧਿਐਨ ਨਵੇਂ ਤਜਰਬਿਆਂ ਲਈ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਹੈ। ਸਿਰਫ਼ ਧਿਆਨ ਇਹ ਰੱਖਣਾ ਹੈ ਕਿ ਤੁਸੀਂ ਆਪਣੇ ਸ਼ੌਕ ਮੁਤਾਬਕ ਸ਼ੁਰੂ ’ਚ ਖੋਜੀ ਪ੍ਰਵਿਰਤੀ ਨੂੰ ਅਪਣਾਓ। ਇਸ ਲਈ ਤੁਸੀਂ ਕੁਝ ਵੀ ਕਰ ਸਕਦੇ ਹੋ। ਕੀ ਤੁਸੀਂ ਆਪਣੀ ਫਿਟਨੈੱਸ ਲਈ ਕਰਾਸਫਿੱਟ ਸਿੱਖਣਾ ਚਾਹੰੁਦੇ ਹੋ। ਇਸ ਲਈ ਨਜ਼ਦੀਕੀ ਕਿਸੇ ਵੀ ਜਿੰਮ ’ਚ ਜਾ ਕੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਜੇ ਤੁਹਾਡੀ ਰੁਚੀ ਖਾਣਾ ਬਣਾਉਣ ਅਤੇ ਲੋਕਾਂ ਨੂੰ ਖਿਲਾਉਣ ’ਚ ਹੈ ਤਾਂ ਤੁਸੀਂ ਆਪਣਾ ਫੂਡ ਬਲੌਗ ਸ਼ੁਰੂ ਕਰ ਸਕਦੇ ਹੋ। ਇਸ ਲਈ ਸੈਲਫ਼ ਸਟੱਡੀ ਦੀਆਂ ਭਰਪੂਰ ਸੰਭਾਵਨਾਵਾਂ ਹਨ। ਖ਼ੂਬ ਸਿੱਖੋ ਤੇ ਆਪਣੇ ਗਿਆਨ ਦੀ ਆਪਣੇ ਚੰਗੇ ਭਵਿੱਖ ਲਈ ਵਰਤੋਂ ਕਰੋ। ਕੀ ਤੁਸੀਂ ਪੇਂਟਿੰਗ ਕਰਨਾ ਚਾਹੰੁਦੇ ਹੋ? ਸਵੈ-ਅਧਿਐਨ ਨਾਲ ਤੁਸੀਂ ਇਸ ਲਈ ਵੱਖਰੀ ਕਲਾਸ ਵੀ ਲਗਾ ਸਕਦੇ ਹੋ। ਅਜਿਹੀਆਂ ਕਲਾਸਾਂ ਆਨਲਾਈਨ ਵੀ ਹੰੁਦੀਆਂ ਹਨ।

ਅਜਿਹੀਆਂ ਹਜ਼ਾਰਾਂ ਚੀਜ਼ਾਂ ਹਨ, ਜਿਨ੍ਹਾਂ ਨਾਲ ਤੁਸੀਂ ਆਪਣੇ ਗਿਆਨ ’ਚ ਵਾਧਾ ਕਰ ਸਕਦੇ ਹੋ ਅਤੇ ਖ਼ੁਦ ਨਵੀਆਂ-ਨਵੀਆਂ ਚੀਜ਼ਾਂ ਨੂੰ ਜੋੜ ਸਕਦੇ ਹੋ। ਇਸ ਸਭ ਲਈ ਜ਼ਰੂਰੀ ਹੈ ਤੁਸੀਂ ਕਿਹੜਾ ਤਰੀਕਾ ਅਪਨਾਉਣਾ ਚਾਹੰੁਦੇ ਹੋ। ਧਿਆਨ ਰੱਖੋ ਕਿ ਸ਼ੁਰੂਆਤ ’ਚ ਔਖਾ ਰਾਹ ਨਾ ਚੁਣੋ, ਨਹੀਂ ਤਾਂ ਤੁਹਾਡੀ ਰੁਚੀ ਇਕਦਮ ਘੱਟ ਹੋਣ ਲੱਗੇਗੀ।

ਲਗਾਤਾਰ ਸਮਝਣ ਨਾਲ ਮਿਲੇਗੀ ਸਫਲਤਾ

ਵਾਕਿਆ ਹੀ, ਸਿੱਖਣ ਦੀ ਕੋਈ ਉਮਰ ਨਹੀਂ ਹੰੁਦੀ। ਯਾਦ ਰੱਖੋ ਕਿ ਨਵੀਂ ਚੀਜ਼ ਸਿੱਖਣ ਲਈ ਸ਼ੁਰੂ ’ਚ ਮੁਸ਼ਕਲ ਆ ਸਕਦੀ ਹੈ। ਕਈ ਵਾਰ ਅਜਿਹਾ ਹੋਵੇਗਾ ਕਿ ਤੁਹਾਨੂੰ ਕੁਝ ਸਮਝ ਨਹੀਂ ਆਵੇਗਾ ਪਰ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਉਸ ਮੌਕੇ ਹੌਸਲਾ ਰੱਖ ਕੇ ਲਗਾਤਾਰ ਸਮਝਣ ਦੀ ਕੋਸ਼ਿਸ਼ ਨਾਲ ਸਫਲਤਾ ਮਿਲੇਗੀ। ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਅਚਾਨਕ ਤੁਹਾਨੂੰ ਲੱਗੇਗਾ ਕਿ ਤੁਸੀਂ ਇਕ ਨਵੀਂ ਚੀਜ਼ ਸਿੱਖ ਲਈ ਹੈ। ਇਸ ਜਜ਼ਬੇ ਨੂੰ ਜਿੰਨਾ ਜ਼ਿਆਦਾ ਕਾਇਮ ਰੱਖੋਗੇ, ਓਨੀ ਆਸਾਨੀ ਨਾਲ ਤੁਸੀਂ ਅੱਗੇ ਵਧਦੇ ਜਾਓਗੇ।

ਨਜ਼ਰੀਏ ’ਚ ਲਿਆਓ ਤਬਦੀਲੀ

ਜੇ ਅਸੰਭਵ ਨੂੰ ਸੰਭਵ ਕਰਨ ਲਈ ਤੁਸੀਂ ਅੱਗੇ ਵਧਦੇ ਹੋ ਤਾਂ ਸਮਝੋ ਅੱਧੀ ਲੜਾਈ ਤਾਂ ਤੁਸੀਂ ਇਥੇ ਹੀ ਜਿੱਤ ਲਈ। ਖ਼ੁਦ ਦਾ ਗਿਆਨ ਇੱਥੇ ਸਭ ਤੋਂ ਅਹਿਮ ਹਥਿਆਰ ਹੈ। ਜੇ ਤੁਹਾਨੂੰ ਕਿਸੇ ਵੀ ਖੇਤਰ ਦਾ ਗਿਆਨ ਹੈ ਤਾਂ ਉਸ ’ਚ ਮੰਜ਼ਿਲ ਹਾਸਿਲ ਕਰਨ ਲਈ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਜੇ ਤੁਸੀਂ ਇਕ ਵਾਰ ਆਦਤ ਬਣਾ ਲਈ ਤਾਂ ਤੁਸੀਂ ਖ਼ੁਦ ਨੂੰ ਸਭ ਤੋਂ ਅਲੱਗ ਤੇ ਸਭ ਤੋਂ ਉੱਪਰ ਦੇਖੋਗੇ। ਸਿੱਖਣ, ਸਮਝਣ ਤੇ ਉਸ ਤੋਂ ਬਾਅਦ ਕੰਮ ਕਰਨ ਦੀ ਸਮਰੱਥਾ ਨੂੰ ਲਗਾਤਾਰ ਵਧਾਓ। ਫਿਰ ਕੀ ਹੈ, ਨਵੇਂ ਰਾਹ ਬਣਦੇ ਜਾਣਗੇ ਤੇ ਤੁਸੀਂ ਸਿਖ਼ਰ ਵੱਲ ਵਧਦੇ ਜਾਓਗੇ।

ਗਿਆਨ ਕੋਈ ਨਹੀਂ ਖੋਹ ਸਕਦਾ

ਸਵੈ-ਅਧਿਐਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹੀ ਹੈ ਕਿ ਇਸ ਨਾਲੋਂ ਤੁਹਾਨੂੰ ਕੋਈ ਅਲੱਗ ਨਹੀਂ ਕਰ ਸਕਦਾ। ਨਾ ਹੀ ਕੋਈ ਖੋਹ ਸਕਦਾ ਹੈ ਤੇ ਨਾ ਹੀ ਤੁਹਾਨੂੰ ਇਸ ਤੋਂ ਦੂਰ ਕਰ ਸਕਦਾ ਹੈ। ਜੋ ਗਿਆਨ ਤੁਸੀਂ ਹਾਸਿਲ ਕੀਤਾ ਹੈ, ਉਹ ਹਮੇਸ਼ਾ ਲਈ ਤੁਹਾਡਾ ਹੈ। ਦੁਨੀਆ ਇਧਰ ਦੀ ਉਧਰ ਹੋ ਜਾਵੇ ਪਰ ਜੋ ਜਾਇਦਾਦ ਤੁਹਾਡੀ ਹੈ, ਉਹ ਤਾ-ਉਮਰ ਤੁਹਾਡੇ ਕੋਲ ਹੀ ਰਹੇਗੀ। ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਖ਼ੁਦ ਦੇ ਹਾਸਿਲ ਗਿਆਨ ਤੋਂ ਵੱਡੀ ਜਾਇਦਾਦ ਕੋਈ ਨਹੀਂ ਹੰੁਦੀ। ਸਵੈ-ਅਧਿਐਨ ਕਰੋ ਤੇ ਆਨੰਦਮਈ ਜ਼ਿੰਦਗੀ ਜੀਓ।

Posted By: Harjinder Sodhi