ਮਨੋਵਿਗਿਆਨ ਨਵਾਂ ਵਿਸ਼ਾ ਹੈ। ਇਸ ਨੂੰ ਵਿਸ਼ੇ ਵਜੋਂ ਸ਼ੁਰੂ ਹੋਇਆਂ ਅਜੇ ਬਹੁਤੀ ਦੇਰ ਨਹੀ ਹੋਈ ਪਰ ਤੇਜ਼-ਤਰਾਰ ਜੀਵਨ ਦੀਆਂ ਵੱਧ ਰਹੀਆਂ ਗੁੰਝਲਦਾਰ ਪਰਤਾਂ ’ਚ ਇਸ ਵਿਸ਼ੇ ਬਾਰੇ ਗਿਆਨ ਦੀ ਵਰਤੋਂ ਦਿਨੋ-ਦਿਨ ਵੱਧ ਰਹੀ ਹੈ। ਇਸ ਵਿਸ਼ੇ ਦੇ ਕੋਰਸ ਤੇ ਰੁਜ਼ਗਾਰ ਬਾਰੇ ਜਾਣਨ ਤੋਂ ਪਹਿਲਾਂ ਆਓ ਕੁਝ ਮਨੁੱਖੀ ਮਨ ਨੂੰ ਸਮਝਣ ਦਾ ਯਤਨ ਕਰੀਏ।

ਮਨੁੱਖ ਦਾ ਮਨ ਬਹੁਤ ਹੀ ਸੂਖ਼ਮ ਤੇ ਬਹੁ-ਪਰਤੀ ਹੈ। ਉਸ ਦੀ ਸਮੁੱਚੀ ਸ਼ਖ਼ਸੀਅਤ, ਵਿਹਾਰ ਤੇ ਕਿਰਦਾਰ ਦਾ ਇੱਕੋ ਇਕ ਆਧਾਰ ਇਹ ਮਨ ਹੀ ਹੈ। ਗੁਰੂ ਸਾਹਿਬਾਨ, ਸੰਤ-ਮਹਾਪੁਰਸ਼, ਵੱਡੇ-ਵੱਡੇ ਸਮਾਜ ਸੁਧਾਰਕ ਤੇ ਵਿਦਵਾਨ ਇਸ ਮਨ ਨੂੰ ਹੀ ਜਿੱਤਣ, ਮੋੜਨ, ਵੱਸ ਕਰਨ ਤੇ ਬਦਲਣ ਦਾ ਯਤਨ ਕਰਦੇ ਰਹੇ। ਕੁਝ ਹੱਦ ਤਕ ਉਨ੍ਹਾਂ ਦਾ ਕਾਮਯਾਬ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਮਨ ਨੂੰ ਸਿੱਖਿਅਤ ਕੀਤਾ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ ਤੇ ਕਾਫ਼ੀ ਹੱਦ ਤਕ ਆਪਣੀ ਇੱਛਾ ਅਨੁਸਾਰ ਢਾਲਿਆ ਜਾ ਸਕਦਾ ਹੈ। ਇਸ ਲਈ ਮਨ ਨੂੰ ਜਿਉਂ-ਜਿਉਂ ਸਮਝਣ ਦਾ ਯਤਨ ਹੋਇਆ, ਤਿਉਂ-ਤਿਉਂ ਮਨੋਵਿਗਿਆਨ ਵਿਸ਼ੇ ’ਚ ਨਵੀਆਂ ਖੋਜਾਂ, ਥਿਊਰੀਆਂ ਤੇ ਨਿਯਮ ਬਣਦੇ ਗਏ। ਅੱਜ ਇਹ ਵਿਸ਼ਾ ਪ੍ਰੈਕਟੀਕਲ ਬਣ ਚੁੱਕਿਆ ਹੈ ਤੇ ਮਨ ਨੂੰ ਬਦਲਣ ਅਤੇ ਮਨੁੱਖੀ ਵਿਹਾਰ ’ਚ ਤਬਦੀਲੀ ਲਿਆਉਣ ਲਈ ਇਸ ਦੀ ਵਰਤੋਂ ਨੂੰ ਸਮਾਜ ਤੇ ਕਾਨੂੰਨ ਨੇ ਮਾਨਤਾ ਦੇ ਦਿੱਤੀ ਹੈ।

ਇਸ ਵਿਗਿਆਨ ’ਚ ਵੀ ਹੋਰਾਂ ਵਿਗਿਆਨਾਂ ਵਾਂਗ ਪ੍ਰਯੋਗ ਕੀਤੇ ਜਾਂਦੇ ਹਨ ਤੇ ਸਿੱਟੇ ਕੱਢੇ ਜਾਂਦੇ ਹਨ। ਬਾਕੀ ਵਿਗਿਆਨਾਂ ਦੀ ਤਰ੍ਹਾਂ ਹੀ ਇਸ ’ਚ ਵੀ ਮਾਪ ਦੇ ਮਿਆਰ ਤੇ ਟੈਸਟ ਆਦਿ ਨਿਸ਼ਚਿਤ ਕੀਤੇ ਗਏ ਹਨ। ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਬਹੁਤ ਸਾਰੇ ਵਿਕਾਸ ਦੇ ਬਾਵਜੂਦ ਅਜੇ ਇਹ ਭੌਤਿਕ ਵਿਗਿਆਨ ਵਾਂਗ ਪੂਰਨ ਵਿਗਿਆਨ ਨਹੀਂ। ਉਦਾਹਰਣ ਵਜੋਂ ਜੇ ਇਕ ਮਰੀਜ਼ ਦਾ 10 ਡਾਕਟਰ ਤਾਪਮਾਨ, ਬਲੱਡ ਪਰੈਸ਼ਰ ਆਦਿ ਨੋਟ ਕਰਨ, ਤਾਂ ਸਭ ਦਾ ਜਵਾਬ ਇਕ ਹੀ ਹੋਵੇਗਾ ਪਰ ਜੇ ਡਿਪਰੈਸ਼ਨ ਦੇ ਮਰੀਜ਼ ਨੂੰ 10 ਮਨੋਵਿਗਿਆਨਕ ਡਾਕਟਰ ਪਰਖਣ, ਇਹ ਜ਼ਰੂਰੀ ਨਹੀਂ ਕਿ ਸਾਰਿਆਂ ਦੀ ਪੂਰੀ ਰਿਪੋਰਟ ਇਕ ਹੀ ਹੋਵੇ। ਫਿਰ ਵੀ ਇਹ ਗੱਲ ਇਸ ਦੀ ਮਹੱਤਤਾ ਤੇ ਇਸ ਦੀ ਅਮਲੀ ਵਰਤੋਂ ਨੂੰ ਨਹੀਂ ਘਟਾਉਂਦੀ।

ਮਨੋਵਿਗਿਆਨ ਦੀਆਂ ਸ਼ਾਖ਼ਾਵਾਂ

ਅੱਜ ਇਸ ਵਿਸ਼ੇ ’ਚ ਬਹੁਤ ਸਾਰੇ ਕੋਰਸ ਚੱਲ ਪਏ ਹਨ, ਜੋ ਗਿਆਰਵੀਂ ਸ਼੍ਰੇਣੀ ਤੋਂ ਸ਼ੁਰੂ ਹੋ ਕੇ ਪੀਐੱਚ ਡੀ ਤਕ ਜਾਂਦੇ ਹਨ ਤੇ ਕੁਝ ਡਿਪਲੋਮਾ ਕੋਰਸ ਆਦਿ ਇਸ ਦੇ ਖ਼ਾਸ ਸਕਿੱਲਜ਼ ’ਚ ਵੀ ਹਨ। ਮਨੋਵਿਗਿਆਨ ਦੀਆਂ ਵੈਸੇ ਤਾਂ ਬਹੁਤ ਸਾਰੀਆਂ ਸ਼ਾਖ਼ਾਵਾਂ ਹਨ ਪਰ ਮੁੱਖ ਰੂਪ ’ਚ ਤਿੰਨ ਸ਼ਾਖ਼ਾਵਾਂ ਵਧੇਰੇ ਪ੍ਰਚੱਲਿਤ ਹਨ :-

ਵਿੱਦਿਅਕ ਮਨੋਵਿਗਿਆਨ।

ਕਲੀਨੀਕਲ ਮਨੋਵਿਗਿਆਨ।

ਇੰਡਸਟਰੀਅਲ ਮਨੋਵਿਗਿਆਨ।

ਪੋਸਟ ਗ੍ਰੈਜੂਏਸ਼ਨ ’ਚ ਇਨ੍ਹਾਂ ਤਿੰਨਾਂ ਵਿੱਚੋਂ ਇਕ ਨੂੰ ਚੁਣਨਾ ਪੈਂਦਾ ਹੈ। ਮੁੱਖ ਰੂਪ ’ਚ ਪਹਿਲੀ ਦਾ ਕਾਰਜ ਖੇਤਰ ਸਕੂਲ, ਕਾਲਜ ਤੇ ਵਿੱਦਿਅਕ ਸੰਸਥਾਵਾਂ ਹਨ, ਜਿੱਥੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੂਰ ਕਰਨਾ ਤੇ ਉਨ੍ਹਾਂ ਦੀ ਕਾਊਂਸਲਿੰਗ ਕਰਨਾ ਹੈ। ਦੂਜੀ ਸ਼ਾਖ਼ਾ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਲਈ ਹੈ, ਜਿੱਥੇ ਮਾਨਸਿਕ ਰੋਗੀਆਂ ਦੀਆਂ ਮਾਨਸਿਕ ਬਿਮਾਰੀਆਂ ਦਾ ਅਤੇ ਪਾਗਲ ਆਦਿ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਤੀਸਰੀ ਸਾਡੇ ਉਦਯੋਗਾਂ ’ਚ ਮਾਲਕ-ਮਜ਼ਦੂਰ ਰਿਸ਼ਤੇ ਨਾਲ ਸੰਬੰਧ ਰੱਖਦੀ ਹੈ।

ਨੌਕਰੀ ਦੇ ਮੌਕੇ

ਮਨੋਵਿਗਿਆਨਕ :- ਮਨੋਵਿਗਿਆਨਕ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ, ਜੋ ਮਨ ਤੇ ਮਨੁੱਖੀ ਵਿਹਾਰ ਬਾਰੇ ਵਿਸੇਸ਼ ਜਾਣਕਾਰੀ ਰੱਖਦਾ ਹੈ ਅਤੇ ਮਾਨਸਿਕ, ਭਾਵਨਾਤਮਕ ਤੇ ਸਮਾਜਿਕ ਵਿਹਾਰ ’ਚ ਬੇਤਰਤੀਬੀਆਂ ਨੂੰ ਠੀਕ ਕਰਦਾ ਹੈ। ਮੁੱਖ ਰੂਪ ’ਚ ਇਹ ਕੰਮ ਡਾਕਟਰੀ ਦਵਾਈਆਂ ਨਾਲ ਕੀਤਾ ਜਾਂਦਾ ਹੈ। ਉਸ ਨੇ ਮੈਡੀਕਲ ਮਨੋਵਿਗਿਆਨ ’ਚ ਮੁਹਾਰਤ ਹਾਸਿਲ ਕੀਤੀ ਹੁੰਦੀ ਹੈ। ਹਰ ਹਸਪਤਾਲ ’ਚ ਮਨੋਵਿਗਿਆਨਕ ਜ਼ਰੂਰ ਹੁੰਦਾ ਹੈ। ਇਸ ਪਿੱਛੇ ਦੀ ਦਲੀਲ ਇਹ ਹੈ ਕਿ ਸਾਡੇ ਅੰਦਰ ਰਿਸਦੇ ਹਾਰਮੋਨ ਆਦਿ ਸਾਡੇ ਸੁਭਾਅ ਤੇ ਵਿਹਾਰ ਦਾ ਕਾਰਨ ਹੁੰਦੇ ਹਨ ਤੇ ਦਵਾਈਆਂ ਦੀ ਮਦਦ ਨਾਲ ਇਨ੍ਹਾਂ ਹਾਰਮੋਨਾਂ ਦੇ ਰਸਾਅ ਨੂੰ ਘੱਟ-ਵੱਧ ਕੀਤਾ ਜਾ ਸਕਦਾ ਹੈ। ਦਿਮਾਗ਼ ਦੇ ਕੰਮ ਕਰਨ ਦਾ ਕਾਫ਼ੀ ਹਿੱਸਾ ਦਵਾਈਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਕਿੱਤੇ ਦਾ ਸਬੰਧ ਸਿਰਫ਼ ਪਾਗਲਾਂ ਨਾਲ ਹੀ ਨਹੀਂ ਸਗੋਂ ਆਤਮ-ਹੱਤਿਆ ਦਾ ਸੋਚਣ ਵਾਲੇ, ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀ, ਨਸ਼ਾ ਕਰਨ ਵਾਲੇ, ਹਿੰਸਾ ਕਰਨ ਵਾਲੇ ਅਤੇ ਇਸ ਤਰ੍ਹਾਂ ਦੇ ਹੋਰ ਗ਼ੈਰ-ਸਮਾਜਿਕ ਵਤੀਰਾ ਰੱਖਣ ਵਾਲਿਆਂ ਨਾਲ ਵੀ ਹੈ। ਛੋਟੇ-ਛੋਟੇ ਮਾਨਸਿਕ ਵਿਕਾਰ ਵਾਲੇ ਜਾਗਰੂਕ ਵਿਅਕਤੀ ਵੀ ਇਨ੍ਹਾਂ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਹਸਪਤਾਲ ਆਉਂਦੇ ਹਨ। ਇਨ੍ਹਾਂ ਨੂੰ ਦਵਾਈਆਂ ਦੇ ਨਾਲ-ਨਾਲ ਹਲਕੀ ਕਾਊਂਸਲਿੰਗ ਵੀ ਕਰਨੀ ਪੈਂਦੀ ਹੈ ਕਿਉਂਕਿ ਕਈ ਵਾਰ ਬਚਪਨ ’ਚ ਜਾਂ ਕਿਸੇ ਤਰ੍ਹਾ ਦੇ ਧੱਕੇ, ਪੱਖਪਾਤ ਦਾ ਸ਼ਿਕਾਰ ਹੋਏ ਵਿਅਕਤੀ ਦੇ ਅਚੇਤ ਮਨ ਵਿਚ ਕੋਈ ਗੱਲ ਚਲੀ ਜਾਂਦੀ ਹੈ, ਜਿਸ ਕਾਰਨ ਉਸ ਦਾ ਵਰਤਮਾਨ ਵਿਹਾਰ ਅਸਧਾਰਨ ਹੋ ਜਾਂਦਾ ਹੈ। ਅਜਿਹੇ ਵਿਅਕਤੀਆਂ ਦਾ ਕਾਊਂਸਲਿੰਗ ਰਾਹੀਂ ਤੇ ਵਧੇਰੇ ਗੰਭੀਰ ਹਾਲਤ ’ਚ ਹਿਪਟੋਨਿਜ਼ਮ ਰਾਹੀਂ ਇਲਾਜ ਕੀਤਾ ਜਾਂਦਾ ਹੈ।

ਸਮਾਜਿਕ ਵਰਕਰ:- ਸਮਾਜ ਨੂੰ ਨਰੋਆ ਰੱਖਣ ਲਈ ਸਮਾਜ ’ਚ ਅਪਰਾਧੀ ਬਿਰਤੀ ਦੇ ਵਿਅਕਤੀਆਂ ਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ। ਨਸ਼ਾ, ਹਿੰਸਾ, ਔਰਤਾਂ ਨੂੰ ਛੇੜਨ ਤੇ ਤੰਗ ਕਰਨ ਵਾਲੇ, ਧਰਮ, ਜਾਤ, ਬੋਲੀ ਇਲਾਕੇ ਪ੍ਰਤੀ ਜਨੂੰਨ ਦੀ ਹੱਦ ਤਕ ਕੱਟੜਤਾ ਰੱਖਣ ਵਾਲੇ ਸਭ ਵਿਅਕਤੀ ਮਾਨਸਿਕ ਰੋਗੀ ਮੰਨੇ ਜਾਂਦੇ ਹਨ, ਜਿਨ੍ਹਾਂ ਨੂੰ ਇਹ ਸਮਾਜਿਕ ਵਰਕਰ ਜ਼ਿੰਮੇਵਾਰ ਨਾਗਰਿਕ ਬਣਾਉਣ ’ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਸਰਕਾਰ ਤੇ ਸਵੈ-ਸੇਵੀ ਸੰਸਥਾਵਾਂ ਵੀ ਬਕਾਇਦਾ ਤਨਖ਼ਾਹ ਦਿੰਦੀਆਂ ਹਨ। ਸਿਰਫ਼ ਸੇਵਾ ਰੂਪ ’ਚ ਹੀ ਇਹ ਕੰਮ ਨਹੀਂ ਹੁੰਦਾ ਕਿਉਂਕਿ ਇਸ ’ਚ ਉਚੇਚਾ ਇਲਾਜ ਕੀਤਾ ਜਾਂਦਾ ਹੈ।

ਵਿੱਦਿਅਕ ਕਾਊਂਲਸਰ:- ਹਰ ਵਿੱਦਿਅਕ ਸੰਸਥਾ ’ਚ ਘੱਟੋ-ਘੱਟ ਇਕ ਕਾਊਂਸਲਰ ਦੀ ਲੋੜ ਹੁੰਦੀ ਹੈ। ਇਸ ਦਾ ਕੇਂਦਰ ਮੰਦਬੁੱਧੀ, ਕਮਜ਼ੋਰ, ਅੰਗਹੀਣ, ਆਰਥਿਕ-ਸਮਾਜਿਕ ਤੌਰ ’ਤੇ ਪੱਛੜੇ ਵਰਗ ਦੇ ਵਿਦਿਆਰਥੀ, ਕਿਸ਼ੋਰ ਉਮਰ ਦੀਆਂ ਸਮੱਸਿਆਵਾਂ ਨਾਲ ਜੂਝਦੇ ਵਿਦਿਆਰਥੀ, ਬਹੁਤ ਹੁਸ਼ਿਆਰ ਅਤੇ ਵਿਗੜੇ ਹੋਏ ਵਿਦਿਆਰਥੀ ਹੁੰਦੇ ਹਨ। ਕਾਊਂਸਲਰ ਨੇ ਇਨ੍ਹਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਦੂਰ ਕਰਨਾ ਹੁੰਦਾ ਹੈ ਤੇ ਇਨ੍ਹਾਂ ਦੇ ਮਾਣ-ਸਤਿਕਾਰ ਦਾ ਖ਼ਿਆਲ ਰੱਖਣਾ ਹੁੰਦਾ ਹੈ। ਵਧੀਆ ਸਕੂਲ, ਕਾਲਜ ਤੇ ਵਿੱਦਿਅਕ ਸੰਸਥਾਵਾਂ ’ਚ ਕਾਊਂਸਲਰ ਦੀ ਪੱਕੀ ਅਸਾਮੀ ਹੁੰਦੀ ਹੈ, ਜਿਸ ਦੀ ਤਨਖ਼ਾਹ ਲੈਕਚਰਾਰ ਦੀ ਤਨਖ਼ਾਹ ਦੇ ਲਗਪਗ ਬਰਾਬਰ ਹੁੰਦੀ ਹੈ।

ਐੱਚਆਰ ਮੈਨੇਜਰ:- ਇਹ ਅਹੁਦਾ ਮੁੱਖ ਰੂਪ ’ਚ ਇੰਡਸਟਰੀ ਤੇ ਵਪਾਰਕ ਕੰਪਨੀਆਂ ’ਚ ਹੁੰਦਾ ਹੈ। ਇਸ ਨੇ ਕਰਮਚਾਰੀਆਂ ਦੀ ਚੋਣ ਤੋਂ ਲੈ ਕੇ ਉਨ੍ਹਾਂ ਦੇ ਠੀਕ-ਠਾਕ ਕੰਮ ਕਰਨ ਦੀ ਦੇਖ-ਰੇਖ ਕਰਨੀ ਹੁੰਦੀ ਹੈ। ਕੋਈ ਵੀ ਕਰਮਚਾਰੀ ਕਿਸੇ ਵੀ ਉਦਯੋਗ ਜਾਂ ਕੰਪਨੀ ਦੀਆਂ ਨੀਤੀਆਂ ਦੇ ਵਿਰੁੱਧ ਨਾ ਜਾਵੇ। ਮਾਲਕ-ਮਜ਼ਦੂਰ ਸੰਬੰਧ ਸੁਖਾਵੇਂ ਬਣੇ ਰਹਿਣ ਤੇ ਉਸ ਕੰਪਨੀ ਦੇ ਲੋਕ-ਸੰਪਰਕ ਅਧਿਕਾਰੀ ਨਾਲ ਤਾਲਮੇਲ ਬਿਠਾ ਕੇ ਹੜਤਾਲਾਂ, ਵਿਰੋਧ ਅਤੇ ਧਰਨਿਆਂ ਆਦਿ ਤੋਂ ਬਚਾਅ ਕਰਵਾਉਣਾ ਇਸ ਦੀ ਜ਼ਿੰਮੇਵਾਰੀ ਹੈ। ਮਜ਼ਦੂਰਾਂ, ਕਾਮਿਆਂ ਤੇ ਕਰਮਚਾਰੀਆਂ ਦੇ ਹੱਕ ਮਾਲਕ ਤੋਂ ਲੈ ਕੇ ਦੇਣੇ ਵੀ ਇਸ ਦਾ ਕੰਮ ਹੈ, ਨਾਲ ਹੀ ਇਨ੍ਹਾਂ ਕਾਮਿਆਂ ਦੇ ਮਨ ਦੀਆਂ ਉਹ ਸਮੱਸਿਆਵਾਂ ਦੂਰ ਕਰਨੀਆਂ ਹੰੁਦੀਆਂ ਹਨ, ਜਿਹੜੀਆਂ ਉਨ੍ਹਾਂ ਨੂੰ ਕੁਸ਼ਲਤਾ ਨਾਲ ਕੰਮ ਕਰਨ ’ਚ ਰੁਕਾਵਟ ਬਣਦੀਆਂ ਹੋਣ। ਮਨੋਵਿਗਿਆਨ ਦੇ ਨਾਲ-ਨਾਲ ਪ੍ਰਬੰਧਕੀ ਕੁਸ਼ਲਤਾਵਾਂ ਤੇ ਲੋਕਾਂ ਨਾਲ ਵਧੀਆ ਸੰਬੰਧ ਬਣਾ ਸਕਣ ਦੀ ਯੋਗਤਾ ਇਸ ਅਹੁਦੇ ਲਈ ਲੋੜੀਂਦੀ ਹੈ।

ਅਧਿਆਪਨ:- ਮਨੋਵਿਗਿਆਨ ਹੁਣ ਆਜ਼ਾਦ ਵਿਸ਼ੇ ਵਜੋਂ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤਕ ਪੜ੍ਹਾਇਆ ਜਾਂਦਾ ਹੈ। ਇਸ ਲਈ ਲੈਕਚਰਾਰ, ਪ੍ਰੋਫੈਸਰ ਦੀ ਲੋੜ ਬਣੀ ਰਹਿੰਦੀ ਹੈ। ਬਾਕੀ ਵਿਸ਼ਿਆਂ ਵਾਂਗ ਇਸ ਵਿਸ਼ੇ ’ਚ ਮਾਸਟਰ ਡਿਗਰੀ ਨਾਲ ਬੀਐੱਡ, ਐੱਮਫਿਲ, ਪੀਐੱਚ.ਡੀ ਤੇ ਯੂਜੀਸੀ ਪਾਸ ਆਦਿ ਦੀ ਯੋਗਤਾ ਅਦਾਰੇ ਦੇ ਪੱਧਰ ਅਨੁਸਾਰ ਲੋੜੀਂਦੀ ਹੈ। ਇਨ੍ਹਾਂ ਲੈਕਚਰਾਰਾਂ ਦੀ ਹਰ ਅਦਾਰੇ ’ਚ ਚੰਗੀ ਤਨਖ਼ਾਹ ਹੈ।

ਮੀਡੀਆ : ਅੱਜ ਦਾ ਯੁੱਗ ਮੀਡੀਆ ਦਾ ਯੁੱਗ ਹੈ। ਕਿੰਨੇ ਹੀ ਲੋਕ ਅਖ਼ਬਾਰਾਂ, ਮੈਗਜ਼ੀਨਾਂ ਅਤੇ ਇਲੈਕਟ੍ਰਾਨਿਕ ਰੂਪ ਵਿਚ ਰੇਡੀਓ, ਟੀਵੀ ਤੇ ਸਾਈਟਾਂ ਰਾਹੀਂ ਕਰੋੜਾਂ ਦਾ ਵਪਾਰ ਕਰ ਰਹੇ ਹਨ। ਹਰ ਅਦਾਰੇ ਨੂੰ ਉਸ ਦੀ ਆਪਣੀ ਸੋਚ ਤੇ ਲੋੜ ਨੂੰ ਵਿਕਸਤ ਕਰਨ ਲਈ ਮਨੋਵਿਗਿਆਨਕ ਮਾਹਿਰਾਂ ਦੀ ਲੋੜ ਪੈਂਦੀ ਹੈ, ਜੋ ਉਸ ਅਦਾਰੇ ਅਤੇ ਉਸ ਦੇ ਗਾਹਕਾਂ ਵਿਚਲੇ ਸਬੰਧ ਮਜਬੂਤ ਬਣਾ ਕੇ ਉਸ ਨੂੰ ਆਰਥਿਕ ਲਾਭ ਪਹੰੁਚਾਉਂਦੇ ਹਨ।

ਖੋਜੀ : - ਹਰ ਵਿਸ਼ੇ ’ਚ ਨਵੀਆਂ ਖੋਜਾਂ ਚੱਲਦੀਆਂ ਰਹਿੰਦੀਆਂ ਹਨ। ਮਨੋਵਿਗਿਆਨ ਦਾ ਵਿਸ਼ਾ ਹਰ ਵਿਅਕਤੀ ਦੇ ਜੀਵਨ ਨਾਲ ਸਿੱਧਾ ਜੁੜਿਆ ਹੋਇਆ ਹੈ। ਇਸ ਲਈ ਇਸ ’ਚ ਰਿਸਰਚ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਅਜੋਕੀ ਖੋਜ ਲਈ ਸਟੈਟਿਸਟਿਕਸ ਦਾ ਗਿਆਨ ਤੇ ਕੰਪਿਊਟਰ ਦਾ ਗਿਆਨ ਵੀ ਬਾਕੀ ਕੁਸ਼ਲਤਾਵਾਂ ਦੇ ਨਾਲ-ਨਾਲ ਬਹੁਤ ਜ਼ਰੂਰੀ ਹੈ। ਜੀਵਨ ਦੀਆਂ ਗੁੰਝਲਤਾਵਾਂ ਵਧਣ ਕਾਰਨ ਨਿੱਤ ਨਵੀਆਂ ਖੋਜ ਦੀਆਂ ਸੰਭਾਵਨਾਵਾਂ ਕਾਇਮ ਹਨ।

ਨਸ਼ਾ ਛਡਾਊ ਕੇਂਦਰ :- ਸਰਕਾਰ ਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਵੀ ਅਜਿਹੇ ਕੇਂਦਰ ਚਲਾਏ ਜਾ ਰਹੇ ਹਨ, ਜਿੱਥੇ ਨਸ਼ਾ ਛੱਡਣ ਵਾਲੇ ਦਾਖ਼ਲ ਕੀਤੇ ਹੋਣ। ਇਨ੍ਹਾਂ ਨੂੰ ਸਿਰਫ਼ ਦਵਾਈ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਇਨ੍ਹਾਂ ਦੀ ਕਾਊਂਸਲਿੰਗ ਰਾਹੀਂ ਮਨ, ਸੋਚਾਂ ਵਿੱਚੋਂ ਨਸ਼ੇ ਕਰਨ ਦੀ ਬਿਰਤੀ ਨੂੰ ਖ਼ਤਮ ਕਰਨਾ ਹੁੰਦਾ ਹੈ।

ਮਨੋਵਿਗਿਆਨਕ ਪ੍ਰਯੋਗਸ਼ਾਲਾਵਾਂ ’ਚ ਤਕਨੀਸ਼ੀਅਨ : ਜਿਵੇਂ ਮਨੁੱਖੀ ਖ਼ੂੁਨ, ਪਿਸ਼ਾਬ ਆਦਿ ਟੈਸਟ ਕੀਤੇ ਜਾਣ ਲਈ ਲੈਬੋਰਟਰੀਆਂ ਹਨ, ਬਿਲਕੁਲ ਇਸੇ ਤਰ੍ਹਾਂ ਮਨੋਵਿਗਿਆਨਕ ਪ੍ਰਯੋਗਸ਼ਾਲਾਵਾਂ ਵੀ ਹਨ। ਇਨ੍ਹਾਂ ’ਚ ਮਨੁੱਖੀ ਸੁਭਾਅ ਦੇ ਵੱਖ-ਵੱਖ ਪਹਿਲੂਆਂ ਨੂੰ ਟੈਸਟ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੀ ਤਰਕ ਸ਼ਕਤੀ, ਯਾਦਸ਼ਕਤੀ, ਰੁਚੀ, ਗਿਆਨ ਦੀ ਪਰਖ ਆਦਿ ਹੁੰਦੀ ਹੈ। ਨਸ਼ੇੜੀ, ਨਿਰਾਸ਼ ਵਿਅਕਤੀ ਆਦਿ ਦੇ ਵੀ ਮਨੋਵਿਗਿਆਨਕ ਟੈਸਟ ਕੀਤੇ ਜਾਂਦੇ ਹਨ।

ਹੋਰ ਥਾਵਾਂ:- ਪਾਗਲਖ਼ਾਨਿਆਂ, ਜੇਲ੍ਹਾਂ ’ਚ ਤਾਂ ਮਨੋਵਿਗਿਆਨਕ ਮਾਹਿਰ ਚਾਹੀਦੇ ਹੀ ਹਨ। ਅੱਜ-ਕੱਲ੍ਹ ਪੁਲਿਸ ਅਤੇ ਅਦਾਲਤਾਂ ਵੀ ਅਪਰਾਧੀਆਂ ਦੇ ਵਿਹਾਰ ਨੂੰ ਸਮਝਣ ਲਈ ਇਸ ਵਿਸ਼ੇ ਦੇ ਮਾਹਿਰਾਂ ਤੋਂ ਮਦਦ ਮੰਗਦੀ ਹੈ। ਸਮਾਜਿਕ ਰਿਸ਼ਤਿਆਂ ਦੀਆਂ ਸਮੀਕਰਣਾਂ ਬਦਲ ਰਹੀਆਂ ਹਨ ਤੇ ਸੱਸ-ਨੂ੍ਹੰਹ ਨਾਲੋਂ ਪਤੀ-ਪਤਨੀ ਦੇ ਝਗੜੇ ਜ਼ਿਆਦਾ ਵੱਧ ਚੁੱਕੇ ਹਨ। ਰਿਸ਼ਤਾ ਜਾਂ ਸੰਬੰਧ ਕੋਈ ਵੀ ਹੋਵੇ, ਘਟ ਰਹੀ ਸਹਿਣਸ਼ੀਲਤਾ ਤੇ ਨਿੱਜ ਨੂੰ ਹਮੇਸ਼ਾ ਉੱਪਰ ਰੱਖਣ ਕਾਰਨ ਇਨਸਾਨ, ਇਨਸਾਨ ਤੋਂ ਦੂਰ ਹੋ ਰਿਹਾ ਹੈ। ਮਨੋਵਿਗਿਆਨਕ ਅਜਿਹੇ ਵਿਅਕਤੀਆਂ ਲਈ ਕਾਊਂਸਲਰ ਬਣ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਰੰਗਾਂ ਨੂੰ ਮੁੜ ਤੋਂ ਸੂਹਾ ਕਰ ਸਕਦੇ ਹਨ।

ਸਾਡੇ ਦੇਸ਼ ’ਚ ਖ਼ਾਸ ਕਰਕੇ ਇਹ ਸਮੱਸਿਆ ਰਹੀ ਹੈ ਕਿ ਅਸੀਂ ਮਾਨਸਿਕ ਬਿਮਾਰੀ ਨੂੰ ਕਦੇ ਬਿਮਾਰੀ ਨਹੀਂ ਮੰਨਦੇ ਅਤੇ ਆਪਣੇ ਸੁਭਾਅ ਦੇ ਗ਼ਲਤ ਲੱਛਣਾਂ ਨੂੰ ਸੁਧਾਰਨ ਲਈ ਮਨੋਵਿਗਿਆਨਕ ਰਾਇ ਲੈਣ ਤੋਂ ਹਮੇਸ਼ਾ ਪਾਸਾ ਹੀ ਵੱਟਦੇ ਰਹੇ ਹਾਂ। ਲੋੜ ਹੈ ਇਸ ਵਿਸ਼ੇ ਦੀ ਮਹੱਤਤਾ ਨੂੰ ਜਾਣਨ ਤੇ ਮਾਹਿਰ ਮਨੋਵਿਗਿਆਨਕਾਂ ਕੋਲੋਂ ਸਲਾਹ ਲੈਣ ਦੀ। ਗਿਆਨ ਦੇ ਵਿਕਾਸ ਨਾਲ ਇਸ ਵਿਸ਼ੇ ’ਚ ਹੋਰ ਵਧੇਰੇ ਰੁਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਹਨ।

- ਜਸਵਿੰਦਰ ਸਿੰਘ ਰੁਪਾਲ

Posted By: Harjinder Sodhi