ਆਮ ਦੇਖਣ ’ਚ ਆਉਂਦਾ ਹੈ ਕਿ ਜਦੋਂ ਲੜਕੀਆਂ ਦੀ ਸਿੱਖਿਆ ਦੀ ਗੱਲ ਤੁਰਦੀ ਹੈ ਤਾਂ ਬਹੁਤ ਸਾਰੀਆਂ ਕੁੜੀਆਂ ਨੂੰ ਮਾਪੇ ਬਾਰ੍ਹਵੀ ਜਮਾਤ ਪਾਸ ਕਰਨ ਮਗਰੋਂ ਅੱਗਿਓਂ ਪੜ੍ਹਾਈ ਕਰਨ ਤੋਂ ਵਾਂਝੇ ਰੱਖ ਲੈਂਦੇ ਹਨ। ਜੇ ਕਿਤੇ ਮਾਪਿਆਂ ’ਤੇ ਅਧਿਆਪਕਾਂ ਦੀ ਗੱਲ ਦਾ ਅਸਰ ਹੋ ਜਾਵੇ ਤਾਂ ਉਹ ਪੜ੍ਹਨ ਲਾ ਵੀ ਦਿੰਦੇ ਹਨ। ਅਜੋਕਾ ਸਮਾਜ ਇੰਨਾ ਪੜ੍ਹ-ਲਿਖ ਤਾਂ ਜ਼ਰੂਰ ਗਿਆ ਹੈ ਪਰ ਕੁੜੀਆਂ ਬਾਰੇ ਉਨ੍ਹਾਂ ਦੀ ਸੋਚ ਅੱਜ ਵੀ ਜਿਉਂ ਦੀ ਤਿਉਂ ਹੀ ਹੈ। ਲੜਕੀਆਂ ਦੀ ਪੜ੍ਹਾਈ ਨੂੰ ਇਹ ਸੋਚ ਕੇ ਤਰਜੀਹ ਨਹੀਂ ਦਿੱਤੀ ਜਾਦੀਂ ਕਿ ਉਸ ਨੇ ਤਾਂ ਅਗਲੇ ਘਰ ਹੀ ਜਾਣਾ ਹੈ, ਬਸ ਬਹੁਤ ਪੜ੍ਹ ਲਿਆ। ਕੀ ਇਹ ਸਹੀ ਹੈ? ਸਹੀ ਹੋਵੇ ਜਾਂ ਗ਼ਲਤ ਪਰ ਇਹ ਹੈ ਸਾਡੇ ਪਿੰਡਾਂ ਦਾ ਸੱਚ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸਾਨੂੰ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੀ ਸਿੱਖਿਆ ’ਤੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ’ਤੇ ਖ਼ੁਦ ਖੜ੍ਹੀਆਂ ਹੋ ਸਕਣ। ਆਓ ਗੱਲ ਕਰਦੇ ਹਾਂ ਉਨ੍ਹਾਂ ਕੋਰਸਾਂ ਬਾਰੇ, ਜਿਨ੍ਹਾਂ ਨੂੰ ਕਰਨ ਉਪਰੰਤ ਕੁੜੀਆਂ ਲਈ ਕਈ ਖੇਤਰਾਂ ’ਚ ਨੌਕਰੀ ਦੇ ਮੌਕੇ ਮੁਹੱਈਆ ਹਨ।

ਡਰੈੱਸ ਮੇਕਿੰਗ

ਜਿਹੜੀਆਂ ਲੜਕੀਆਂ ਦਸਵੀਂ ਜਮਾਤ 50 ਫ਼ੀਸਦੀ ਅੰਕਾਂ ਨਾਲ ਪਾਸ ਕਰਦੀਆਂ ਹਨ ਤਾਂ ਉਹ ਡਰੈੱਸ ਮੇਕਿੰਗ ਕੋਰਸ ਕਰਨ ਦੇ ਯੋਗ ਹੰੁਦੀਆਂ ਹਨ। ਇਹ ਇਕ ਸਾਲਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਹੈ। ਇਸ ਨੂੰ ਕਰਨ ਉਪਰੰਤ ਤੁਸੀਂ ਆਪਣੀ ਬੁਟੀਕ ਸ਼ੁਰੂ ਕਰ ਸਕਦੇ ਹੋ। ਡਿਜ਼ਾਈਨਰ ਵਜੋਂ ਵੀ ਕਿਸੇ ਬੁਟੀਕ ’ਤੇ ਕੰਮ ਕਰ ਸਕਦੇ ਹੋ। ਜੇ ਇਸ ਖੇਤਰ ’ਚ ਤੁਹਾਡੀ ਦਿਲਚਸਪੀ ਹੈ ਤਾਂ ਤੁਸੀਂ ਆਪਣਾ ਭਵਿੱਖ ਬਣਾ ਕੇ ਵਧੀਆ ਆਮਦਨ ਕਮਾ ਸਕਦੇ ਹੋ।

ਸੈਕਟੇਰੀਅਲ ਪ੍ਰੈਕਟਿਸ

ਇਹ ਇਕ ਸਾਲਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਹੈ। ਇਸ ਕੋਰਸ ਨੂੰ ਕਰਨ ਮਗਰੋਂ ਵਿਦਿਆਰਥਣਾਂ ਲਈ ਨੌਕਰੀ ਦੇ ਕਈ ਬਦਲ ਹਨ ਜਿਵੇਂ:-

- ਕਲਰਕ।

- ਪਰਸਨਲ ਸੈਕਟਰੀ।

- ਆਫ਼ਿਸ ਅਸਿਸਟੈਂਟ।

- ਪਰਸਨਲ ਅਸਿਸਟੈਂਟ।

- ਰਿਸੈਪਸ਼ਨਿਸਟ।

ਹੇਅਰ ਤੇ ਸਕਿਨ ਕੇਅਰ

ਇਹ ਵੀ ਇਕ ਸਾਲ ਦਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਹੈ। 10ਵੀਂ ਪਾਸ ਉਹ ਲੜਕੀਆਂ, ਜਿਨ੍ਹਾਂ ਨੇ 50 ਫ਼ੀਸਦੀ ਅੰਕ ਹਾਸਿਲ ਕੀਤੇ ਹੋਣ, ਇਹ ਕੋਰਸ ਕਰਨ ਦੇ ਯੋਗ ਹੰੁਦੀਆਂ ਹਨ। ਇਹ ਕੋਰਸ ਸਰਕਾਰੀ ਆਈਟੀਆਈ ਸੰਸਥਾਵਾਂ ਤੋਂ ਕੀਤਾ ਜਾਂਦਾ ਹੈ। ਇਸ ਕੋਰਸ ਨੂੰ ਕਰਨ ਮਗਰੋਂ ਹੇਅਰ ਸਟਾਈਲਿਸਟ, ਨੇਲ ਕੇਅਰ ਆਰਟਿਸਟ, ਸੈਲੂਨ ਸੇਲਜ਼ ਕੰਸਲਟੈਂਟ, ਮੇਕਅਪ ਆਰਟਿਸਟ, ਬਿਊਟੀ ਮੈਗਜ਼ੀਨ ਆਰਟਿਸਟ ਵਜੋਂ ਆਪਣਾ ਭਵਿੱਖ ਬਣਾਇਆ ਜਾ ਸਕਦਾ ਹੈ।

ਸਟੈਨੋਗ੍ਰਾਫੀ

ਲੜਕੀਆਂ ਲਈ ਇਹ ਕੋਰਸ ਵਧੀਆ ਰੁਜ਼ਗਾਰ ਪ੍ਰਾਪਤ ਕਰਨ ਲਈ ਸਹਾਈ ਹੰੁਦਾ ਹੈ। ਇਸ ਕੋਰਸ ਨੂੰ ਕਰਨ ਤੋਂ ਬਾਅਦ ਵਿਦਿਆਰਥੀ ਵੱਖ-ਵੱਖ ਨੌਕਰੀਆਂ ਦੇ ਕਾਬਿਲ ਹੋ ਜਾਂਦਾ ਹੈ ਜਿਵੇਂ:-

- ਸਟ੍ਰੈਨੋਗ੍ਰਾਫਰ ਇਨ ਕੋਰਟ।

- ਸਟੈਨੋਗ੍ਰਾਫਰ ਵਕੀਲਾਂ ਨਾਲ।

- ਸਰਕਾਰੀ ਨੌਕਰੀ ਬੈਂਕਾਂ ’ਚ।

- ਕਲਰਕ।

ਕਮਰਸ਼ੀਅਲ ਆਰਟ

ਇਹ ਵੋਕੇਸ਼ਨਲ ਟ੍ਰੇਨਿੰਗ ਕੋਰਸ ਉਹ ਲੜਕੀਆਂ ਕਰ ਸਕਦੀਆਂ ਹਨ, ਜਿਨ੍ਹਾਂ ਨੇ ਦਸਵੀਂ ਜਮਾਤ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। ਇਸ ਕੋਰਸ ਨੂੰ ਕਰਨ ਉਪਰੰਤ ਲੜਕੀਆਂ ਲਈ ਡਿਜ਼ਾਈਨਰ ਫਾਰ ਐਡਵਰਟਾਈਜ਼ਮੈਂਟ, ਮੈਗਜ਼ੀਨਰ, ਐਪ ਡਿਜ਼ਾਈਨਰ, ਵੈੱਬਸਾਈਟ ਡਿਜ਼ਾਈਨਰ ਵਜੋਂ ਨੌਕਰੀ ਦੇ ਮੌਕੇ ਮੁਹੱਈਆ ਹਨ।

ਕਟਾਈ ਤੇ ਸਿਲਾਈ

ਇਹ ਕੋਰਸ ਪੰਜਾਬ ’ਚ ਆਈਟੀਆਈ ਕਾਲਜਾਂ ’ਚ ਕੀਤਾ ਜਾਂਦਾ ਹੈ। ਇਸ ਨੂੰ ਕਰਨ ਉਪਰੰਤ ਲੜਕੀਆਂ ਆਪਣਾ ਖ਼ੁਦ ਦਾ ਕੋਈ ਰੁਜ਼ਗਾਰ ਖੋਲ੍ਹ ਸਕਦੀਆਂ ਹਨ ਜਾਂ ਕਿਸੇ ਬੁਟੀਕ ’ਤੇ ਨੌਕਰੀ ਕਰ ਸਕਦੀਆਂ ਹਨ।

ਐਬਰੋਇਡਰੀ ਤੇ ਨੀਡਲ ਵਰਕਰ

ਇਸ ਕੋਰਸ ਨੂੰ ਕਰਨ ਉਪਰੰਤ ਲੜਕੀਆਂ ਆਪਣਾ ਭਵਿੱਖ ਸੰਵਾਰ ਸਕਦੀਆਂ ਹਨ ਤੇ ਉਨ੍ਹਾਂ ਲਈ ਇਸ ਖੇਤਰ ’ਚ ਕੰਪਿਊਟਰ ਐਬਰੋਇਡਰੀ, ਡਿਜ਼ਾਈਨਰ, ਕਟਿੰਗ ਮਾਸਟਰ, ਅਧਿਆਪਕ, ਗ੍ਰਾਫਿਕ ਡਿਜ਼ਾਈਨਰ ਵਜੋਂ ਨੌਕਰੀ ਦੇ ਮੌਕੇ ਹੰੁਦੇ ਹਨ।

ਫਿਜ਼ੀਓਥੈਰੇਪੀ ਤਕਨੀਸ਼ੀਅਨ

ਇਹ ਵੀ ਇਕ ਸਾਲਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਹੈ। ਇਹ ਲੜਕੀਆਂ ਲਈ ਅਜਿਹਾ ਖੇਤਰ ਹੈ, ਜਿਸ ’ਚ ਉਨ੍ਹਾਂ ਲਈ ਨੌਕਰੀ ਦੇ ਕਈ ਰਸਤੇ ਖੱੁਲ੍ਹਦੇ ਹਨ, ਜਿਵੇਂ ਫਿਜ਼ੀਓਥੈਰੇਪੀ ਕਲੀਨਕ ’ਚ ਨੌਕਰੀ, ਹਸਪਤਾਲਾਂ ’ਚ ਨੌਕਰੀ, ਹੋਮੀਓਪੈਥੀ ਤੇ ਨੈਚੁਰੋਪੈਥੀ ਸੈਂਟਰ ’ਚ ਨੌਕਰੀ ਆਦਿ।

ਬੇਸਿਕ ਕਾਸਮੈਟਾਲੋਜੀ

ਦਸਵੀਂ ਜਮਾਤ 50 ਫ਼ੀਸਦੀ ਅੰਕਾਂ ਨਾਲ ਪਾਸ ਵਿਦਿਆਰਥਣਾਂ ਇਸ ਇਕ ਸਾਲਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਨੂੰ ਕਰਨ ਦੇ ਯੋਗ ਹੰੁਦੀਆਂ ਹਨ। ਇਹ ਬਿਊਟੀ ਨਾਲ ਸਬੰਧਤ ਕੋਰਸ ਹੈ। ਇਸ ਕੋਰਸ ਨੂੰ ਕਰਨ ਤੋਂ ਬਾਅਦ ਉਨ੍ਹਾਂ ਲਈ ਹੇਅਰ ਸਟਾਈਲਿਸਟ, ਨੇਲ ਕੇਅਰ ਆਰਟਿਸਟ, ਸੇਲ ਕੰਸਲਟੈਂਟ, ਮੇਕਅਪ ਆਰਟਿਸਟ, ਬਿਊਟੀ ਮੈਗਜ਼ੀਨ ਆਰਟਿਸਟ ਵਜੋਂ ਨੌਕਰੀ ਕਰ ਸਕਦੇ ਹੋ।

ਤਨਖ਼ਾਹ

ਇਹ ਉਪਰੋਕਤ ਸਾਰੇ ਕੋਰਸ ਇਕ ਸਾਲਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਹਨ, ਜਿਨ੍ਹਾਂ ਨੂੰ ਦਸਵੀਂ ਪਾਸ ਵਿਦਿਆਰਥਣਾਂ ਕਰਨ ਦੇ ਯੋਗ ਹੰੁਦੀਆਂ ਹਨ ਤੇ 50 ਫ਼ੀਸਦੀ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ। । ਇਨ੍ਹਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਲੜਕੀਆਂ 15000 ਤੋਂ 20000 ਰੁਪਏ ਮਹੀਨੇ ਤਕ ਆਸਾਨੀ ਨਾਲ ਕਮਾ ਸਕਦੀਆਂ ਹਨ। ਇਨ੍ਹਾਂ ਕੋਰਸਾਂ ਨੂੰ ਕਰਨ ਵੇਲੇ ਇਹ ਧਿਆਨ ਰੱਖਣਯੋਗ ਗੱਲ ਹੈ ਕਿ ਜਿਸ ਵੀ ਸਕਿੱਲ ਕੋਰਸ ਨੂੰ ਤੁਸੀਂ ਕਰਨਾ ਚਾਹੰੁਦੇ ਹੋ, ਉਸ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਕਰੋ ਅਤੇ ਉਸ ਕੰਮ ’ਚ ਨਿਪੰੁਨਤਾ ਹਾਸਿਲ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਕੋਰਸਾਂ ਨੂੰ ਕਰਨ ਲਈ ਜ਼ਿਆਦਾ ਖ਼ਰਚਾ ਵੀਂ ਨਹੀਂ ਆਉਂਦਾ ਤੇ ਪੰਜਾਬ ’ਚ ਬਿਨਾਂ ਕਿਸੇ ਮੁਸ਼ਕਲ ਤੋਂ ਕੀਤੇ ਜਾ ਸਕਦੇ ਹਨ।

- ਦਲਜੀਤ ਕਾਲੜਾ

Posted By: Harjinder Sodhi