ਸਤਵਿੰਦਰ ਸਿੰਘ ਧੜਾਕ, ਮੁਹਾਲੀ : ਪੰਜਾਬ ਦੇ ਸਿੱਖਿਆ ਵਿਭਾਗ ਨੇ ਲੈਕਚਰਾਰਾਂ ਤੇ ਹੈੱਡ ਮਾਸਟਰ ਪੱਧਰ ਦੇ ਅਧਿਕਾਰੀਆਂ ਦੀ ਵਿਦਿਅਕ ਯੋਗਤਾ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਬਾਰੇ ਨਾਵਾਂ ਦੀ ਸੂਚੀ ਜਾਰੀ ਹੋਈ ਹੈ ਜਿਸ ਵਿਚ 107 ਹੈੱਡਮਾਸਟਰ ਤੇ 709 ਲੈਚਰਕਾਰ ਕੇਡਰ ਦੇ ਅਧਿਆਪਕਾਂ ਦੇ ਨਾਂ ਭੇਜੇ ਗਏ ਹਨ।

ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਤਰੱਕੀ ਹੋਣੀ ਹੈ ਇਸ ਲਈ ਡਿਗਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਸੂਤਰ ਕਹਿ ਰਹੇ ਹਨ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਹੈੱਡਮਾਸਟਰ/ਲੈਕਚਰਾਰਾਂ ਦੀਆਂ ਡਿਗਰੀਆਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਪ੍ਰਾਪਤ ਕੀਤੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਦੋਹਾਂ ਕੇਡਰਾਂ ਦੇ ਮੁਲਾਜ਼ਮਾਂ ਦੀ ਵਿਦਿਅਕ ਯੋਗਤਾ ਭਾਰਤ ਸਰਕਾਰ/ਯੂਜੀਸੀ ਵੱਲੋਂ ਨਿਰਧਾਰਤ ਪੈਮਾਨਿਆਂ ’ਤੇ ਜਾਂਚ ਕਰ ਕੇ ਵਿਭਾਗ ਨੂੰ ਵੇਰਵੇ ਭੇਜਣ ਦੇ ਹੁਕਮ ਹਨ। ਵੱਡੀ ਗੱਲ ਇਹ ਹੈ ਕਿ ਹੁਕਮ 29 ਸਤੰਬਰ ਨੂੰ ਜਾਰੀ ਹੋਏ ਤੇ 30 ਸਤੰਬਰ 12 ਵਜੇ ਤਕ ਵੇਰਵੇ ਭੇਜਣ ਦੇ ਹੁਕਮ ਸਨ। ਖ਼ਬਰ ਮਿਲੀ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕੇਵਲ ਇਕ ਦਿਨ ਦਾ ਸਮਾਂ ਮਿਲਣ ਕਰ ਕੇ ਜ਼ਿਆਦਾਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਇਹ ਵੇਰਵੇ ਭੇਜ ਨਹੀਂ ਸਕੇ।

ਇਕ ਦਿਨ ’ਚ ਕਿੱਦਾਂ ਪਤਾ ਚੱਲੂ ਡਿਗਰੀ ਅਸਲੀ ਜਾਂ ਨਕਲੀ

ਡਾਇਰੈਕਟਰ ਸਿੱਖਿਆ ਵਿਭਾਗ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਲੈਕਚਰਾਰ ਤੇ ਹੈੱਡਮਾਸਟਰਾਂ ਦੀਆਂ ਡਿਗਰੀਆਂ ਦੀ ਜਾਂਚ ਕਰ ਕੇ ਸਬੰਧਤ ਜ਼ਿਲ੍ਹੇ ਦਾ ਸਿੱਖਿਆ ਅਫ਼ਸਰ ਇਕ ਸਰਟੀਫ਼ੀਕੇਟ ਜਾਰੀ ਕਰੇਗਾ ਪਰ ਭੰਬਲ਼ਭੂਸੇ ਵਾਲੀ ਗੱਲ ਇਹ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਡਿਗਰੀਆਂ ਦੀ ਇਕ ਦਿਨ ਵਿਚ ਪਡ਼ਤਾਲ ਕਿਵੇਂ ਕਰਨਗੇ? ਕਿਉਂਕਿ ਡਿਗਰੀ ਦੀ ਪ੍ਰਮਾਣਿਕਤਾ ਜਾਂਚ ਕਰਨ ਲਈ ਪਹਿਲਾਂ ਯੂਨੀਵਰਸਿਟੀ ਤੋਂ ਜਾਂਚ ਕਰਵਾਉਣੀ ਹੁੰਦੀ ਹੈ। ਇਸ ਲਈ ਇਕ ਦਿਨ ਵਿਚ ਇਹ ਕਿਵੇਂ ਪਤਾ ਚੱਲ ਸਕੇਗਾ ਡਿਗਰੀ ਸਹੀ ਹੈ ਜਾਂ ਨਹੀਂ ਕਿਉਂਜੋ ਇਹ ਸਾਰਾ ਮਾਮਲਾ ਡੀਈਓ ਦੇ ਪੱਤਰ/ਸਰਟੀਫ਼ੀਕੇਟ ’ਤੇ ਨਿਰਭਰ ਕਰੇਗਾ ਪਰ ਡੀਈਓਜ਼ ਲਈ ਜਲਦਬਾਜ਼ੀ ਵਿਚ ਫ਼ੈਸਲਾ ਲੈਣਾ ਖ਼ਾਸ ਔਖਾ ਹੋ ਗਿਆ ਹੈ।

ਤਰੱਕੀਆਂ ਤੋਂ ਪਹਿਲਾਂ ਹੋਣ ਲੱਗੀ ਜਾਂਚ

ਵਿਭਾਗ ਦੇ ਆਹਲਾ-ਮਿਆਰੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਥੋਡ਼੍ਹੇ ਦਿਨਾਂ ਤਕ ਪੰਜਾਬ ਭਰ ਦੇ ਹੈੱਡਮਾਸਟਰਾਂ ਤੇ ਲੈਕਚਰਾਰਾਂ ਦੀਆਂ ਤਰੱਕੀਆਂ ਹੋਣਗੀਆਂ। ਇਸ ਲਈ ਇਨ੍ਹਾਂ ਦੀਆਂ ਡਿਗਰੀਆਂ ਦੀ ਦੁਬਾਰਾ ਜਾਂਚ ਕਰਨ ਦੇ ਹੁਕਮ ਹੋਏ ਹਨ। ਇਸੇ ਲਈ ਪੰਜਾਬ ਭਰ ਵਿੱਚੋਂ 709 ਲੈਕਚਰਾਰਾਂ ਅਤੇ 107 ਹੈੱਡਮਾਸਟਰਾਂ ਦੀਆਂ ਡਿਗਰੀਆਂ ਦੀ ਜਾਂਚ ਕਰਨ ਦੇ ਹੁਕਮ ਹਨ। ਵਿਭਾਗ ਨੇ ਇਨ੍ਹਾਂ ਦੇ ਨਾਂਵਾਂ ਦੀ ਸੂਚੀ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਫ਼ਤਰਾਂ ਨੂੰ ਭੇਜੀ ਹੈ ਸਭ ਤੋਂ ਵੱਧ ਲੈਕਚਰਾਰ 70 ਲੈਕਚਰਾਰ ਅੰਮ੍ਰਿਤਸਰ ਸਾਹਿਬ ਨਾਲ ਸਬੰਧਤ ਹਨ ਜਦੋਂਕਿ ਪਟਿਆਲਾ 68 ਤੇ ਜਲੰਧਰ ਤੋਂ 60 ਲੈਕਚਰਾਰ ਸ਼ਾਮਲ ਕੀਤੇ ਗਏ ਹਨ। ਇਸੇ ਤਰ੍ਹਾਂ ਹੈੱਡਮਾਸਟਰਾਂ ’ਚ ਸਭ ਤੋਂ ਵੱਧ ਜਲੰਧਰ ਤੇ ਹੁਸ਼ਿਆਰਪੁਰ 13-13 ਤੇ ਫਾਜ਼ਿਲਕਾ ਤੋਂ 12 ਹੈੱਡਮਾਸਟਰ ਦੀ ਦਾ ਨਾਂਅ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।

ਬਿਹਾਰ ਤੇ ਸਿੱਕਮ ਦੀਆਂ ਡਿਗਰੀਆਂ ਦੀ ਭਰਮਾਰ

ਇਸ ਤੋਂ ਪਹਿਲਾਂ ਵੀ ਸਿੱਖਿਆ ਵਿਭਾਗ ਨੇ ਕਈ ਪੱਤਰ ਜਾਰੀ ਕੀਤੇ ਹਨ। ਜਿਨ੍ਹਾਂ ਵਿਚ ਬਿਹਾਰ ਦੇ ਬੋਧ ਗਯਾ ਤੇ ਹੋਰਨਾਂ ਸਥਾਨਾਂ ਦੀਆਂ ਯੂਨੀਵਰਸਿਟੀਆਂ ਤੋਂ ਡਿਗਰੀਧਾਰੀ ਅਧਿਆਪਕਾਂ ਦੇ ਵੇਰਵੇ ਮੰਗੇ ਗਏ। ਤਤਕਾਲੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਮੇਂ ਵਿਚ ਅਜਿਹੇ ਪੱਤਰ ਸਾਲ ਵਿਚ ਕਈ-ਕਈ ਵਾਰ ਜਾਰੀ ਹੁੰਦੇ ਸਨ ਪਰ ਵਿਭਾਗ ਨੂੰ ਮੁਕੰਮਲ ਵੇਰਕੇ ਹਾਲੇ ਤਕ ਨਹੀਂ ਮਿਲੇ ਸਕੇ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਇਨ੍ਹਾਂ ਡਿਗਰੀਆਂ ਦੀ ਪਡ਼ਤਾਲ ਕਰਨ ਲਈ ਕਿੰਨਾਂ ਸਮਾਂ ਲਗਾਉਣਗੇ ਤੇ ਕਿਹਡ਼ੇ ਮਾਧਿਅਮ ਰਾਹੀਂ ਇਨ੍ਹਾਂ ਦੀ ਪ੍ਰਮਾਣਿਕਤਾ ਜਾਂਚ ਕਰਨਗੇ।

Posted By: Seema Anand