ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੇਂ ਦੀ ਮੰਗ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨ ਅਤੇ ਇਸ ਖੇਤਰ 'ਚ ਅਗਵਾਈ ਦੇਣ ਲਈ ਨਿਵੇਕਲਾ ਉਪਰਾਲਾ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਸ਼ਵੀਕਰਨ ਦੇ ਯੁੱਗ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਇਕ 'ਕੈਰੀਅਰ ਗਾਈਡੈਂਸ ਪੋਰਟਲ' ਆਰੰਭ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਿੱਤੇ ਦੀ ਚੋਣ ਕਰਨ, ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ, ਕਿੱਤਾ-ਮੁਖੀ ਸੰਸਥਾਵਾਂ ਵਿਚ ਦਾਖ਼ਲਾ ਪ੍ਰੀਖਿਆਵਾਂ ਅਤੇ ਵਜ਼ੀਫਾ ਸਕੀਮਾਂ ਬਾਰੇ ਵਿਸਤਿ੍ਤ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਚੇਰੀ ਸਿੱਖਿਆ ਪ੍ਰਰਾਪਤ ਕਰਨ ਲਈ ਵਿਦੇਸ਼ ਜਾਣ ਦੇ ਇਛੁੱਕ ਵਿਦਿਆਰਥੀਆਂ ਨੂੰ ਵੀ ਇਸ ਪੋਰਟਲ ਰਾਹੀਂ ਵੱਖ-ਵੱਖ ਦੇਸ਼ਾਂ ਦੇ ਕਾਲਜਾਂ/ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਲਈ ਯੋਗਤਾ, ਵਜੀਫ਼ਾ ਅਤੇ ਫੈਲੋਸ਼ਿਪ ਦੇ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਇਸ ਪੋਰਟਲ ਰਾਹੀਂ ਘੱਟੋ-ਘੱਟ 450 ਕਿੱਤਿਆਂ ਬਾਰੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 21000 ਕਾਲਜਾਂ ਅਤੇ ਕਿੱਤਾ-ਮੁਖੀ ਸੰਸਥਾਵਾਂ, 1150 ਦਾਖ਼ਲਾ ਪ੍ਰਰੀਖਿਆਵਾਂ ਅਤੇ 1200 ਵਜ਼ੀਫਾ ਸਕੀਮਾਂ ਦੇ ਬਾਰੇ ਵਿਸਥਾਰ 'ਚ ਜਾਣਕਾਰੀ ਪ੍ਰਰਾਪਤ ਹੋਵੇਗੀ। ਵਿਦਿਆਰਥੀਆਂ ਨੂੰ ਪੋਰਟਲ ਤਕ ਪਹੁੰਚਣ ਵਿਚ ਸਹਾਇਤਾ ਕਰਨ ਲਈ ਆਨ-ਲਾਈਨ ਅਤੇ ਰੂ-ਬਰੂ ਪ੍ਰੋਗਰਾਮਾਂ ਰਾਹੀਂ ਅਧਿਆਪਕਾਂ ਦੀ ਸਮਰੱਥਾ ਦਾ ਨਿਰਮਾਣ ਕੀਤਾ ਜਾਵੇਗਾ। ਹਰੇਕ ਵਿਦਿਆਰਥੀ ਨੂੰ ਵੈੱਬਸਾਈਟ 'ਤੇ ਵੱਖ-ਵੱਖ ਭਾਸ਼ਾਵਾਂ ਵਿਚ ਉਪਲੱਬਧ ਸਮੱਗਰੀ ਤਕ ਪਹੁੰਚਣ ਲਈ ਇਕ ਵਿਲੱਖਣ ਆਈਡੀ ਪ੍ਰਦਾਨ ਕੀਤੀ ਜਾਵੇਗੀ। ਇਸ ਪ੍ਰਾਜੈਕਟ ਨੂੰ ਯੂਨੀਸੇਫ, ਸਵੈਸੇਵੀ ਸੰਸਥਾ ਆਸਮਾਨ ਫਾਊਂਡੇਸ਼ਨ ਅਤੇ ਟਾਟਾ ਪਾਵਰ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ।

ਇਹ ਉੱਦਮ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ 9ਵੀਂ ਤੋਂ 12ਵੀਂ ਜਮਾਤ ਵਿਚ ਪੜ੍ਹ ਰਹੇ 815558 ਵਿਦਿਆਰਥੀਆਂ ਨੂੰ ਕਿੱਤਾਮੁਖੀ ਸੇਧ ਦੇਣ ਲਈ ਤਿਆਰ ਕੀਤਾ ਜਾ ਰਿਹਾ ਹੈ।

ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਸਹੀ ਕਿੱਤੇ ਦੀ ਚੋਣ ਕਰਨ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਰੂਪ-ਰੇਖਾ ਤਿਆਰ ਕਰ ਰਿਹਾ ਹੈ। ਇਹ ਪੋਰਟਲ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਮਦਦਗਾਰ ਸਾਬਤ ਹੋਏਗੀ।