ਜੇਐੱਨਐੱਨ, ਨਵੀਂ ਦਿੱਲੀ : ਸੀਬੀਐੱਸਈ ਨੇ ਸ਼ੁੱਕਰਵਾਰ ਨੂੰ ਸੀਟੀਈਟੀ ਦੇ 14ਵੇਂ ਐਡੀਸ਼ਨ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਹ ਪ੍ਰੀਖਿਆ 31 ਜਨਵਰੀ 2021 ਨੂੰ ਕਰਵਾਈ ਗਈ ਸੀ। ਬੋਰਡ ਦੇ ਅਧਿਕਾਰੀਆਂ ਮੁਤਾਬਕ 135 ਕੇਂਦਰਾਂ 'ਚ ਕਰਵਾਈ ਗਈ ਇਸ ਪ੍ਰੀਖਿਆ ਲਈ ਕੁੱਲ 30,58,974 ਪ੍ਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ 'ਚੋਂ 16,11,423 ਨੇ ਪੇਪਰ-1 ਤੇ 14,47,551 ਉਮੀਦਵਾਰਾਂ ਨੇ ਪੇਪਰ-2 ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਦਕਿ 12,47,217 ਉਮੀਦਵਾਰਾਂ ਨੇ ਪੇਪਰ-1 ਦੀ ਤੇ 11,04,454 ਉਮੀਦਵਾਰਾਂ ਨੇ ਪੇਪਰ-2 ਦੀ ਪ੍ਰੀਖਿਆ ਦਿੱਤੀ ਸੀ। ਪੇਪਰ-1 'ਚ ਕੁੱਲ 4,14,798 ਤੇ ਪੇਪਰ-2 'ਚ ਕੁੱਲ 2,39,501 ਪ੍ਰੀਖਿਆਰਥੀ ਸਫ਼ਲ ਹੋਏ। ਪ੍ਰੀਖਿਆ ਦਾ ਨਤੀਜਾ ਬੋਰਡ ਦੀ ਅਧਿਕਾਰਕ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ। ਪੇਪਰ-1 'ਚ ਸਫ਼ਲਤਾ ਹਾਸਲ ਕਰਨ ਵਾਲੇ ਜਮਾਤ ਇਕ ਤੋਂ ਲੈ ਕੇ ਪੰਜ ਤਕ ਲਈ ਤੇ ਪੇਪਰ-2 'ਚ ਸਫ਼ਲਤਾ ਹਾਸਲ ਕਰਨ ਵਾਲੇ ਛੇ ਤੋਂ ਅੱਠ ਤਕ ਲਈ ਹੋਣ ਵਾਲੀ ਅਧਿਆਪਕਾਂ ਦੀ ਭਰਤੀ ਲਈ ਯੋਗ ਹੋਣਗੇ। ਇਸ ਪ੍ਰੀਖਿਆ 'ਚ ਸਫ਼ਲ ਪ੍ਰੀਖਿਆਰਥੀ ਦੇਸ਼ ਭਰ ਦੀਆਂ ਕੇਂਦਰੀ ਵਿਦਿਆਲਾ, ਨਵੋਦਿਆ ਸਕੂਲਾਂ ਤੇ ਆਰਮੀ ਸਕੂਲਾਂ 'ਚ ਅਧਿਆਪਕਾਂ ਦੇ ਅਹੁੱਦਿਆਂ 'ਤੇ ਨਿਯੁਕਤੀ ਲਈ ਅਰਜ਼ੀ ਦੇ ਸਕਦੇ ਹਨ।

ਡਿਜੀਲਾਕਰ ਤੋਂ ਡਾਊਨਲੋਡ ਕਰ ਸਕਦੇ ਹੋ ਮਾਰਕਸ਼ੀਟ

ਬੋਰਡ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਜੋ ਸਫ਼ਲ ਰਹੇ ਹਨ ਉਹ ਬੋਰਡ ਜਾਂ ਸੀਟੀਈਟੀ ਦੀ ਅਧਿਕਾਰਕ ਵੈੱਬਸਾਈਟ 'ਤੇ ਨਤੀਜਾ ਵੇਖਣ ਤੋਂ ਬਾਅਦ ਡਿਜੀਲਾਕਰ ਤੋਂ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ। ਸਫ਼ਲ ਉਮੀਦਵਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਬੋਰਡ ਵੱਲੋਂ ਲਾਗ ਇਨ ਸਬੰਧਤ ਜਾਣਕਾਰੀ ਭੇਜੀ ਜਾਵੇਗੀ।

Posted By: Susheel Khanna