ਦਸਵੀਂ ਤੋਂ ਬਾਅਦ ਆਪਣੇ ਪੈਰਾਂ ’ਤੇ ਖੜ੍ਹਨ ਲਈ ਬਹੁਤ ਸਾਰੇ ਕੋਰਸ ਕੀਤੇ ਜਾ ਸਕਦੇ ਹਨ। ਇਹ ਕੋਰਸ ਘੱਟ ਖ਼ਰਚੇ ਅਤੇ ਥੋੜੇ੍ਹ ਸਮੇਂ ’ਚ ਹੋ ਜਾਂਦੇ ਹਨ, ਜੋ ਹਰ ਬੱਚੇ ਦੀ ਪਹੁੰਚ ’ਚ ਹੁੰਦੇ ਹਨ। ਦਸਵੀਂ ਪਾਸ ਕਰਨ ਤੋਂ ਬਾਅਦ ਕਈ ਵਾਰ ਬੱਚੇ ਸਹੀ ਕਾਊਂਸਲਿੰਗ ਨਾ ਮਿਲਣ ਕਾਰਨ ਅਗਲੀ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ। ਵੈਸੇ ਹੁਣ ਸਕੂਲੀ ਪੱਧਰ ’ਤੇ ਹੀ ਦਸਵੀਂ ਕਰ ਰਹੇ ਬੱਚਿਆਂ ਨੂੰ ਰੁਜ਼ਗਾਰ ਕਾਊਂਸਲਿੰਗ ਲਈ ਜਾਣਕਾਰੀ ਸਪੈਸ਼ਲ ਜਾਣਕਾਰੀ ਪ੍ਰਾਪਤ ਅਧਿਆਪਕਾਂ ਵੱਲੋਂ ਸਮੇਂ-ਸਮੇਂ ’ਤੇ ਦਿੱਤੀ ਜਾਂਦੀ ਹੈ। ਫਿਰ ਵੀ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਰੁਜ਼ਗਾਰ ਨੂੰ ਪ੍ਰਮੁੱਖ ਰੱਖ ਕੇ ਜੋ ਸਿੱਖਿਆ ਲੈਣ ਦੀ ਲੋੜ ਜਾਪਦੀ ਹੈ, ਉਸ ਦੀ ਗੱਲ ਕਰਨੀ ਬਣਦੀ ਹੈ। ਅਕਾਦਮਿਕ ਯੋਗਤਾ ਪ੍ਰਾਪਤ ਕਰ ਕੇ ਨੌਕਰੀ ਪ੍ਰਾਪਤ ਕਰਨ ਦੇ ਮੌਕੇ ਬਹੁਤ ਘਟ ਗਏ ਹਨ। ਇਸੇ ਕਰਕੇ ਕਾਰੋਬਾਰੀ ਸਿੱਖਿਆ ਦੇਣ ਲਈ ਇੰਡਸਟਰੀਅਲ ਟ੍ਰੇਨਿੰਗ ਸੰਸਥਾਵਾਂ ਤੇ ਬਹੁ-ਤਕਨੀਕੀ ਸੰਸਥਾਵਾਂ ਤੇਜ਼ੀ ਨਾਲ ਆਪਣਾ ਰੋਲ ਅਦਾ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ’ਚ ਦਸਵੀਂ ਪਾਸ ਕਰਨ ਉਪਰੰਤ ਬਹੁਤ ਸਾਰੇ ਕੋਰਸ ਕੀਤੇ ਜਾ ਸਕਦੇ ਹਨ, ਜੋ ਰੁਜ਼ਗਾਰ ਦਾ ਸਾਧਨ ਬਣਦੇ ਹਨ।

ਕੋਰਸ

ਪਹਿਲਾਂ ਉਨ੍ਹਾਂ ਕੋਰਸਾਂ ਦੀ ਗੱਲ ਕਰਦੇ ਹਾਂ, ਜਿਹੜੇ ਆਈਟੀਆਈ ਵਿਚ ਦਸਵੀਂ ਪਾਸ ਕਰ ਕੇ ਕੀਤੇ ਜਾ ਸਕਦੇ ਹਨ। ਇਨ੍ਹਾਂ ’ਚ ਬਹੁਤੇ ਦੋ ਸਾਲਾ ਕੋਰਸ ਹਨ, ਜਿਵੇਂ ਮੋਟਰ ਮਕੈਨਿਕ, ਰੈਫਰੀਜਰੇਟਰ ਅਤੇ ਏਅਰ ਕੰਡੀਸ਼ਨਰ, ਮਕੈਨਿਸਟ, ਟਰਨਰ, ਰੇਡੀਓ ਟੀਵੀ ਮਕੈਨਿਕ, ਸਰਵੇਅਰ, ਡਰਾਫਟਸਮੈਨ ਸਿਵਲ, ਡਰਾਫਟਸਮੈਨ ਮਕੈਨੀਕਲ, ਫਿਟਰ, ਪਲੰਬਰ, ਇਲੈਕਟ੍ਰੀਸ਼ਨ, ਡੀਜ਼ਲ ਮਕੈਨਿਕ ਆਦਿ। ਇਨ੍ਹਾਂ ਤੋਂ ਇਲਾਵਾ ਇਕ ਸਾਲਾ ਕੋਰਸ ਕਟਿੰਗ ਟੇਲਰਿੰਗ, ਸਟੈਨੋ ਅੰਗਰੇਜ਼ੀ ਅਤੇ ਪੰਜਾਬੀ, ਵੈਲਡਰ, ਕੰਪਿਊਟਰ ਹਾਰਡਵੇਅਰ, ਕਾਰਪੇਂਟਰ ਅਤੇ ਟਰੈਕਟਰ ਮਕੈਨਿਕ ਹਨ। ਇਨ੍ਹਾਂ ਕੋਰਸਾਂ ’ਤੇ ਖ਼ਰਚਾ ਵੀ ਘੱਟ ਆਉਂਦਾ ਹੈ ਅਤੇ ਸਿਖਿਆਰਥੀ ਆਪਣੇ ਪੈਰਾਂ ’ਤੇ ਖੜ੍ਹਨਯੋਗ ਹੋ ਜਾਂਦਾ ਹੈ। ਇਨ੍ਹਾਂ ਕੋਰਸਾਂ ’ਚ ਦਾਖ਼ਲਿਆਂ ਲਈ ਜੂਨ ਮਹੀਨੇ ਵਿਭਾਗ ਵੱਲੋਂ ਇਸ਼ਤਿਹਾਰ ਵੱਖ-ਵੱਖ ਅਖਬਾਰਾਂ ’ਚ ਦਿੱਤੇ ਜਾਂਦੇ ਹਨ। ਦਾਖ਼ਲੇ ਨਿਰੋਲ ਦਸਵੀਂ ਦੇ ਅੰਕਾਂ ਦੇ ਆਧਾਰ ’ਤੇ ਸਰਕਾਰੀ ਨਿਯਮਾਂ ਅਨੁਸਾਰ ਕੀਤੇ ਜਾਂਦੇ ਹਨ। ਪੰਜਾਬ ’ਚ ਪਿਛਲੇ ਸਮੇਂ ਤੋਂ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ, ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ, ਵੀ ਇਹ ਕੋਰਸ ਕਰਵਾ ਰਹੀਆਂ ਹਨ। ਉਪਰੋਕਤ ਸਾਰੇ ਕੋਰਸ ਵੱਖ-ਵੱਖ ਸੰਸਥਾਵਾਂ ’ਚ ਵੱਖਰੇ-ਵੱਖਰੇੇ ਹੋ ਸਕਦੇ ਹਨ। ਸੀਟਾਂ ਦੀ ਗਿਣਤੀ ਵੀ ਵੱਖ-ਵੱਖ ਸੰਸਥਾਵਾਂ ’ਚ ਵੱਖਰੀ-ਵੱਖਰੀ ਹੋ ਸਕਦੀ ਹੈ। ਦਾਖ਼ਲਾ ਲੈਣ ਦੇ ਚਾਹਵਾਨ ਨੇੜਲੀ ਸੰਸਥਾ ਨਾਲ ਸੰਪਰਕ ਕਰ ਕੇ ਪਹਿਲਾਂ ਹੀ ਪਸੰਦੀਦਾ ਕੋਰਸ ਬਾਰੇ ਜਾਣਕਾਰੀ ਲੈ ਕੇ ਰੱਖਣ ਤਾਂ ਜੋ ਦਾਖ਼ਲਾ ਲੈਣ ਸਮੇਂ ਪਰੇਸ਼ਾਨੀ ਨਾ ਆਵੇ।

ਤਿੰਨ ਸਾਲਾ ਕੋਰਸ

ਇਸੇ ਤਰ੍ਹਾਂ ਦਸਵੀਂ ਤੋਂ ਬਾਅਦ ਬਹੁ-ਤਕਨੀਕੀ ਸੰਸਥਾਵਾਂ ’ਚ ਦਾਖ਼ਲਾ ਲੈਣ ਲਈ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ ਵੱਲੋਂ ਜੁਆਇੰਟ ਐਂਟਰੈਂਸ ਟੈਸਟ (ਜੇਈਟੀ) ਅਪ੍ਰੈਲ /ਮਈ /ਜੂਨ ਮਹੀਨੇ ਵਿਚ ਹਰ ਸਾਲ ਲਿਆ ਜਾਂਦਾ ਹੈ। ਇਹ ਦਾਖ਼ਲੇ ਜੇਈਟੀ ਦੇ ਟੈਸਟ ਦੀ ਮੈਰਿਟ ਅਨੁਸਾਰ ਕੀਤੇ ਜਾਂਦੇ ਹਨ। ਇਹ ਕੋਰਸ ਬਹੁਤੇ ਤਿੰਨ ਸਾਲ ਦੇ ਹੀ ਹਨ, ਜਿਵੇਂ ਇਲੈਕਟ੍ਰੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਪ੍ਰੋਡਕਸ਼ਨ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਇਨਫਰਮੇਸ਼ਨ ਤਕਨਾਲੋਜੀ, ਇਲੈਕਟ੍ਰਾਨਿਕ ਕਮਿਊਨੀਕੇਸ਼ਨ, ਇਲੈਕਟ੍ਰਾਨਿਕ ਟੈਲੀ ਕਮਿਊਨੀਕੇਸ਼ਨ ਇੰਜੀਨੀਅਰਿੰਗ, ਫੈਸ਼ਨ ਡਿਜ਼ਾਈਨ, ਗਾਰਮੈਂਟ, ਲੈਦਰ ਤਕਨਾਲੋਜੀ, ਮਾਡਰਨ ਆਫਿਸ ਪ੍ਰੈਕਟਿਸ, ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ, ਮੈਡੀਕਲ ਲੈਬ ਤਕਨਾਲੋਜੀ, ਟੈਕਸਟਾਇਲ ਡਿਜ਼ਾਇਨ, ਟੈਕਸਟਾਇਲ ਤਕਨਾਲੋਜੀ, ਕੈਮੀਕਲ ਇੰਜੀਨੀਅਰਿੰਗ, ਪਲਾਸਟਿਕ ਤਕਨਾਲੋਜੀ, ਆਟੋਮੋਬਾਈਲ ਇੰਜੀਨੀਅਰਿੰਗ ਆਦਿ। ਦਸਵੀਂ ਤੋਂ ਬਾਅਦ ਚਾਰ ਸਾਲਾ ਕੋਰਸ ਮਕੈਨੀਕਲ ਇੰਜੀਨੀਅਰਿੰਗ ਟੂਲ ਅਤੇ ਡਾਈ ਤਕਨਾਲੋਜੀ ਦਾ ਵੀ ਹੈ। ਇਨ੍ਹਾਂ ਕੋਰਸਾਂ ’ਚ 10+2 ਵੋਕੇਸ਼ਨ ਪਾਸ ਜਾਂ ਆਈਟੀਆਈ ਪਾਸ ਲੇਟਰਲ ਐਂਟਰੀ ਰਾਹੀਂ ਡਿਗਰੀ ਕੋਰਸ ਦੇ ਦੂਜੇ ਸਾਲ ’ਚ ਦਾਖ਼ਲਾ ਲਿਆ ਜਾ ਸਕਦਾ ਹੈ।

ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਕੋਰਸ

ਕਲਾ ਨਾਲ ਰੁਚੀ ਰੱਖਣ ਵਾਲੇ ਬੱਚੇ ਦਸਵੀਂ ਤੋਂ ਬਾਅਦ ਦੋ ਸਾਲਾ ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਕੋਰਸ ਦਾ ਡਿਪਲੋਮਾ ਕਰ ਕੇ ਅਧਿਆਪਕ ਬਣਨ ਲਈ ਆਪਣੀ ਯੋਗਤਾ ਪ੍ਰਾਪਤ ਕਰ ਸਕਦੇ ਹਨ। ਇਸ ਕੋਰਸ ’ਚ ਦਾਖ਼ਲਾ ਲੈਣ ਲਈ ਪੰਜਾਬ ’ਚ ਨਾਭਾ, ਅੰਮਿ੍ਰਤਸਰ ਤੇ ਹੁਸ਼ਿਆਰਪੁਰ ਵਿਖੇ ਸਰਕਾਰੀ ਸੰਸਥਾਵਾਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਵੀ ਹਨ। ਫ਼ੌਜ ’ਚ ਸਿਪਾਹੀ ਭਰਤੀ ਹੋਣ ਲਈ ਵੀ ਮੈਟਿ੍ਰਕ ਪਾਸ ਹੋਣਾ ਜ਼ਰੂਰੀ ਹੈ। ਇਸ ਦੀ ਤਿਆਰੀ ਲਈ ਕਈ ਸ਼ਹਿਰਾਂ ’ਚ ਟ੍ਰੇਨਿੰਗ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਦਾਖ਼ਲਾ ਲੈ ਕੇ ਬੱਚੇ ਭਰਤੀ ਹੋਣ ਲਈ ਲੋੜੀਂਦੀ ਅਗਵਾਈ ਤੇ ਟ੍ਰੇਨਿੰਗ ਲੈ ਸਕਦੇ ਹਨ।

ਬੀਐੱਸਸੀ ਖੇਤੀਬਾੜੀ ਜਾਂ ਹੋਮ ਸਾਇੰਸ ਕੋਰਸ

ਦਸਵੀਂ ਤੋਂ ਬਾਅਦ ਛੇ ਸਾਲਾ ਬੀਐੱਸਸੀ ਖੇਤੀਬਾੜੀ ਜਾਂ ਹੋਮ ਸਾਇੰਸ ਕੋਰਸ ’ਚ ਦਾਖ਼ਲਾ ਲਿਆ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। ਜੇ ਬੱਚੇ ਇਨ੍ਹਾਂ ਸਾਰੇ ਕੋਰਸਾਂ ਦਾ ਗਿਆਨ/ਜਾਣਕਾਰੀ ਰੱਖਦੇ ਹੋਣਗੇ ਤਾਂ ਉਹ ਆਪਣੀ ਰੁਚੀ ਅਨੁਸਾਰ ਸਹੀ ਕੋਰਸ ਦੀ ਚੋਣ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਭਵਿੱਖ ਵਧੀਆ ਬਣ ਸਕੇਗਾ।

- ਮੇਜਰ ਸਿੰਘ ਨਾਭਾ

Posted By: Harjinder Sodhi