ਆਜ਼ਾਦੀ ਦੇ 73 ਵਰ੍ਹਿਆਂ ਬਾਅਦ ਵੀ ਅਸੀਂ ਆਪਣੇ ਬੱਚਿਆਂ ਨੂੰ ਇਸ ਯੋਗ ਨਹੀਂ ਬਣਾ ਸਕੇ ਕਿ ਉਹ ਕਿੱਤੇ ਦੀ ਚੋਣ ਸਬੰਧੀ ਆਪਣੀ ਯੋਗਤਾ ਤੇ ਦਿਲਚਸਪੀ ਅਨੁਸਾਰ ਆਪਣੇ ਆਪ ਫ਼ੈਸਲਾ ਲੈ ਸਕਣ। ਦਸਵੀਂ ਤੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਬੱਚਿਆਂ ਤੇ ਮਾਪਿਆਂ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਹੁਣ ਕਿਹੜੇ ਕਿੱਤੇ ਦੀ ਚੋਣ ਕੀਤੀ ਜਾਵੇ। ਪੱਛਮੀ ਮੁਲਕਾਂ ਦੀ ਖ਼ਾਸੀਅਤ ਇਹ ਹੈ ਕਿ ਉਨ੍ਹਾਂ ਮੁਲਕਾਂ ਦੀਆਂ ਸਿੱਖਿਆ ਨੀਤੀਆਂ ਦੇ ਘਾੜੇ ਪ੍ਰਾਇਮਰੀ ਪੱਧਰ ਤੋਂ ਹੀ ਅਜਿਹੀ ਵਿਵਸਥਾ ਦੇ ਪ੍ਰਬੰਧ ਕਰ ਦਿੰਦੇ ਹਨ, ਜਿਸ ਨਾਲ ਬੱਚਾ ਕਿੱਤੇ ਦੀ ਚੋਣ ਕਰਨ ਲੱਗਿਆਂ ਆਪਣੀ ਯੋਗਤਾ ਤੇ ਦਿਲਚਸਪੀ ਦੀ ਪੱਟੜੀ ਤੋਂ ਹੇਠਾਂ ਨਹੀਂ ਉਤਰਦਾ। ਦਸਵੀਂ ਤੇ ਬਾਰ੍ਹਵੀਂ ਤਕ ਪਹੁੰਚਦਿਆਂ ਬੱਚੇ ਇਹ ਫ਼ੈਸਲਾ ਲੈਣ ਦੇ ਯੋਗ ਹੋ ਜਾਂਦੇ ਹਨ ਕਿ ਉਨ੍ਹਾਂ ਨੇ ਕਿਸ ਖੇਤਰ 'ਚ ਜਾਣਾ ਹੈ ਪਰ ਸਾਡੇ ਮੁਲਕ 'ਚ ਸਾਰਾ ਕੁਝ ਉਲਟ ਹੈ। ਸਾਡੇ ਦੇਸ਼ ਦੀਆਂ ਨੀਤੀਆਂ 'ਚ ਅਜਿਹਾ ਕੋਈ ਵੀ ਪ੍ਰਬੰਧ ਨਹੀਂ, ਜੋ ਬੱਚਿਆਂ ਦੇ ਕਿੱਤਾ ਚੋਣ 'ਚ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਸਕਣ।

ਗਿਆਨ ਦੀ ਘਾਟ

ਸਾਡੇ ਮੁਲਕ 'ਚ ਤਾਂ ਬੱਚਿਆਂ ਨੂੰ ਕਾਲਜ ਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੇ ਕੀ ਬਣਨਾ ਹੈ ਤੇ ਕਿਹੜੇ ਖੇਤਰ 'ਚ ਜਾਣਾ ਹੈ। ਸਾਡੀਆਂ ਸਿੱਖਿਆ ਸੰਸਥਾਵਾਂ 'ਚ ਸਿਰਫ਼ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਹਨ। ਸੌ ਫ਼ੀਸਦੀ ਨਤੀਜੇ ਦਾ ਮਿਸ਼ਨ ਮਿੱਥ ਕੇ ਬੱਚਿਆਂ ਨੂੰ ਪ੍ਰੀਖਿਆਵਾਂ ਪਾਸ ਕਰਵਾ ਕੇ ਉਨ੍ਹਾਂ ਦੇ ਹੱਥਾਂ 'ਚ ਡਿਗਰੀਆਂ ਫੜਾ ਦਿੱਤੀਆਂ ਜਾਂਦੀਆਂ ਹਨ। ਪਾੜਿਆਂ ਨੂੰ ਸਿਰਫ਼ ਏਨਾ ਕੁ ਗਿਆਨ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਕੋਰਸ 'ਚ ਦਾਖ਼ਲਾ ਮਿਲ ਜਾਵੇ, ਉਨ੍ਹਾਂ ਨੂੰ ਕੋਈ ਵੀ ਨੌਕਰੀ ਮਿਲ ਜਾਵੇ। ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੀਆਂ ਇੱਛਾਵਾਂ ਉਨ੍ਹਾਂ ਦੀ ਵਿੱਦਿਅਕ ਤੇ ਬੌਧਿਕ ਯੋਗਤਾ ਨੂੰ ਇਕ ਪਾਸੇ ਰੱਖ ਕੇ ਉਨ੍ਹਾਂ 'ਤੇ ਆਪਣੀ ਪਸੰਦ ਨਾ ਥੋਪ ਕੇ ਉਨ੍ਹਾਂ ਨੂੰ ਕਿੱਤੇ ਤੇ ਖੇਤਰ ਦੀ ਚੋਣ ਕਰਨ ਲਈ ਮਜਬੂਰ ਕਰ ਦਿੰਦੇ ਹਨ। ਸਾਡੇ ਦੇਸ਼ 'ਚ ਬੇਰੁਜ਼ਗਾਰੀ ਦਾ ਇਕ ਕਾਰਨ ਇਹ ਵੀ ਹੈ ਕਿ ਜ਼ਿਆਦਾਤਰ ਬੱਚੇ ਗਿਆਨ ਤੇ ਚੇਤੰਨ ਨਾ ਹੋਣ ਕਾਰਨ ਯੋਗ ਕਿੱਤੇ ਤੇ ਖੇਤਰ ਦੀ ਚੋਣ ਨਹੀਂ ਕਰ ਸਕਦੇ। ਕਿੱਤੇ ਸਬੰਧੀ ਕਾਊਂਸਲਿੰਗ ਦੇ ਅੰਕੜੇ ਇਹ ਦਰਸਾਉਂਦੇ ਹਨ ਕਿ ਦਸਵੀਂ, ਬਾਰ੍ਹਵੀਂ, ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਦੀ ਡਿਗਰੀ ਲੈਣ ਤੋਂ ਬਾਅਦ ਸਿਰਫ਼ ਪੰਜ ਤੋਂ ਸੱਤ ਫ਼ੀਸਦੀ ਬੱਚੇ ਆਤਮ-ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਇਸ ਖੇਤਰ 'ਚ ਜਾਣਾ ਹੈ।

ਕਿੱਤੇ ਦੀ ਚੋਣ, ਬੇਰੁਜ਼ਗਾਰੀ ਦਾ ਹੱਲ

ਸਾਡੇ ਵਿੱਦਿਅਕ ਖੇਤਰ ਦੇ ਅੰਕੜੇ ਇਹ ਦੱਸਦੇ ਹਨ ਕਿ 70 ਫ਼ੀਸਦੀ ਬੱਚੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਤਕ ਇਸ ਲਈ ਨਹੀਂ ਪਹੁੰਚਦੇ, ਕਿਉਂਕਿ ਉਨ੍ਹਾਂ ਨੇ ਦਸਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਠੀਕ ਨਹੀਂ ਕੀਤੀ ਹੁੰਦੀ। ਸਾਡੇ ਨੌਜਵਾਨ ਵਰਗ ਦੀ ਤ੍ਰਾਸਦੀ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਨੇ ਉਨ੍ਹਾਂ ਦੇ ਮਨਾਂ 'ਚ ਇਹ ਬਿਠਾ ਦਿੱਤਾ ਹੈ ਕਿ ਜਿਹੜਾ ਬੱਚਾ ਕੋਈ ਵੱਡਾ ਅਫ਼ਸਰ ਨਾ ਬਣਿਆ, ਉਸ ਦਾ ਪੜ੍ਹਨਾ ਤਾਂ ਬੇਕਾਰ ਹੈ।

ਬੱਚੇ ਸਾਇੰਸ ਤੇ ਕਾਮਰਸ ਵਿਸ਼ਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਹ ਵਿਸ਼ੇ ਕਿਉਂ ਪੜ੍ਹ ਰਹੇ ਹਨ। ਸਾਡੇ ਦੇਸ਼ ਦੀਆਂ ਸਿੱਖਿਆ ਨੀਤੀਆਂ ਦੇ ਘਾੜਿਆਂ ਨੂੰ ਇਹ ਗੱਲ ਛੇਤੀ ਸਮਝ ਲੈਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਬੌਧਿਕ ਪੱਧਰ ਤੇ ਉਨ੍ਹਾਂ ਦੀ ਰੁਚੀ ਅਨੁਸਾਰ ਕਿੱਤੇ ਦੀ ਚੋਣ ਦੇ ਯੋਗ ਬਣਾਉਣ ਲਈ ਦੇਸ਼ ਦੇ ਸਿੱਖਿਆ ਬੋਰਡ ਦੇ ਸਿਲੇਬਸ ਦਾ ਹਿੱਸਾ ਬਣਾ ਦਿੱਤਾ ਜਾਵੇ। ਜਿਸ ਦਿਨ ਦੇਸ਼ ਦੇ ਬੱਚਿਆਂ ਨੂੰ ਆਪਣੀ ਬੌਧਿਕ ਯੋਗਤਾ ਤੇ ਦਿਲਚਸਪੀ ਅਨੁਸਾਰ ਕਿੱਤੇ ਦੀ ਚੋਣ ਕਰਨੀ ਆ ਜਾਵੇਗੀ, ਉਸ ਦਿਨ ਦੇਸ਼ 'ਚ ਬਰੁਜ਼ਗਾਰੀ ਦਾ ਹੱਲ ਹੋਣਾ ਸ਼ੁਰੂ ਹੋ ਜਾਵੇਗਾ।

ਵਿਸ਼ਿਆਂ ਦੀ ਤਬਦੀਲੀ


ਦਸਵੀਂ ਪਾਸ ਕਰਨ ਤੋਂ ਬਾਅਦ ਜੇ ਬੱਚਿਆਂ ਨੂੰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਕਿਹੜੇ ਵਿਸ਼ੇ ਰੱਖਣੇ ਹਨ ਜਾਂ ਉਨ੍ਹਾਂ ਨੇ ਕੀ ਬਣਨਾ ਹੈ ਤਾਂ ਉਨ੍ਹਾਂ ਦਾ ਅੱਗਿਓਂ ਇਹੀ ਜਵਾਬ ਹੁੰਦਾ ਹੈ ਕਿ ਪਾਪਾ ਨੂੰ ਪਤਾ ਹੋਵੇਗਾ। ਕਈ ਬੱਚੇ ਅਜਿਹੇ ਵੀ ਹੁੰਦੇ ਹਨ ਕਿ ਜਿਹੜੇ ਬਾਰ੍ਹਵੀਂ ਜਮਾਤ 'ਚ ਆਪਣੇ ਵਿਸ਼ੇ ਬਦਲ ਲੈਂਦੇ ਹਨ। ਜੇ ਕਿਸੇ ਨਾ ਕਿਸੇ ਢੰਗ ਨਾਲ ਬਾਰ੍ਹਵੀਂ ਕਲਾਸ ਪਾਸ ਕਰ ਜਾਣ ਤਾਂ ਫਿਰ ਕਾਲਜ ਪੱਧਰ 'ਤੇ ਆਪਣੇ ਵਿਸ਼ੇ ਬਦਲ ਲੈਂਦੇ ਹਨ। ਕਈ ਬੱਚੇ ਅਜਿਹੇ ਵੀ ਹੁੰਦੇ ਹਨ ਕਿ ਜੋ ਮਾਪਿਆਂ ਦੇ ਜ਼ੋਰ ਪਾਉਣ 'ਤੇ ਸਾਇੰਸ ਜਾਂ ਕਾਮਰਸ ਰੱਖ ਬੈਠਦੇ ਹਨ ਪਰ ਬੌਧਿਕ ਯੋਗਤਾ ਨਾ ਹੋਣ ਕਾਰਨ ਜਾਂ ਉਨ੍ਹਾਂ ਤੋਂ ਬਾਰ੍ਹਵੀਂ ਜਮਾਤ ਪਾਸ ਨਹੀਂ ਹੁੰਦੀ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਕਾਲਜ ਪੱਧਰ ਤਕ ਨਹੀਂ ਪਹੁੰਚਦੇ।

- ਪ੍ਰਿੰਸੀਪਲ ਵਿਜੈ ਕੁਮਾਰ

98726-27136

Posted By: Harjinder Sodhi