ਕਹਿੰਦੇ ਹਨ ਕਿ ਲੀਡਰਸ਼ਿਪ ਦੀ ਕੁਆਲਿਟੀ ਹਰ ਕਿਸੇ ਅੰਦਰ ਹੁੰਦੀ ਹੈ। ਕੁਝ ਲੋਕ ਇਸ ਨੂੰ ਉਭਾਰਨ ਦੇ ਸਮਰਥ ਹੁੰਦੇ ਹਨ ਤੇ ਕਈ ਵਾਰ ਇਹ ਕੁਆਲਿਟੀ ਦੱਬ ਕੇ ਰਹਿ ਜਾਂਦੀ ਹੈ। ਜਿਨ੍ਹਾਂ 'ਚ ਇਹ ਗੁਣ ਉੱਭਰ ਕੇ ਸਾਹਮਣੇ ਆਉਂਦਾ ਹੈ, ਉਨ੍ਹਾਂ ਵਿਚੋਂ ਕਈ ਤਾਂ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ ਸਿੱਧਾ ਸਮਾਜ 'ਤੇ ਪੈਂਦਾ ਹੈ। ਇਕ ਵਧੀਆ ਲੀਡਰ ਉਹੀ ਹੁੰਦਾ ਹੈ, ਜੋ ਆਮ ਲੋਕਾਂ 'ਚ ਉਤਸ਼ਾਹ ਭਰ ਸਕੇ।

ਕੌਣ ਹੁੰਦਾ ਹੈ ਲੀਡਰ?

ਤਬਦੀਲੀ ਵਾਲੀ ਸੋਚ ਵਾਲਾ ਹੀ ਲੀਡਰ ਹੁੰਦਾ ਹੈ। ਤਬੀਦਲੀ ਸਿਰਫ਼ ਤਬਦੀਲੀ ਲਈ ਨਹੀਂ ਹੁੰਦੀ, ਬਲਕਿ ਜਿਸ ਤਬਦੀਲੀ ਨਾਲ ਸਭ ਨੂੰ ਫ਼ਾਇਦਾ ਹੋਵੇ, ਅਜਿਹੀ ਵਿਚਾਰਧਾਰਾ ਵਾਲਾ ਵਿਅਕਤੀ ਹੀ ਲੀਡਰ ਹੁੰਦਾ ਹੈ। ਇਹ ਸ਼ਖ਼ਸ ਦਫ਼ਤਰ ਤੋਂ ਲੈ ਕੇ ਸਮਾਜ 'ਚ ਕਿਤੇ ਵੀ ਹੋ ਸਕਦਾ ਹੈ। ਸਿਰਫ਼ ਸਵਾਲ ਕਰਨੇ ਹੀ ਲੀਡਰ ਦੇ ਕੰਮ ਨਹੀਂ ਹੁੰਦੇ, ਬਲਿਕ ਸਵਾਲਾਂ ਦੇ ਜਵਾਬ ਦੇਣ ਵਾਲਾ ਲੀਡਰ ਅਖਵਾਉਂਦਾ ਹੈ।

ਟੀਮਵਰਕ

ਵਧੀਆ ਲੀਡਰ ਦੀ ਪਹਿਲੀ ਪਛਾਣ ਹੈ ਟੀਮ ਨੂੰ ਨਾਲ ਲੈ ਕੇ ਚੱਲਣਾ। ਹਰ ਵੱਡਾ ਨੇਤਾ ਆਪਣੀ ਜਿੱਤ ਦਾ ਮਾਣ ਆਪਣੀ ਟੀਮ ਨੂੰ ਦਿੰਦਾ ਹੈ। ਇਸ ਨਾਲ ਟੀਮ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਭਵਿੱਖ 'ਚ ਕੀਤੇ ਜਾਣ ਵਾਲੇ ਕੰਮ ਵੀ ਬਿਹਤਰ ਹੁੰਦੇ ਹਨ ਹਾਲਾਂਕਿ ਟੀਮ ਨੂੰ ਵੀ ਜਾਣਕਾਰੀ ਹੁੰਦੀ ਹੈ ਕਿ ਜਿੱਤ ਦਾ ਵੱਡਾ ਮਾਣ ਅਗਵਾਈ ਕਰਨ ਵਾਲੇ ਨੂੰ ਹੀ ਜਾਂਦਾ ਹੈ।

ਸ਼ਕਤੀਕਰਨ

ਇਕ ਵਧੀਆ ਲੀਡਰ ਕੰਮ ਦੌਰਾਨ ਹਮੇਸ਼ਾ ਆਪਣੀ ਟੀਮ ਦੇ ਲੋਕਾਂ ਦੀ ਸਲਾਹ ਲੈਂਦਾ ਹੈ। ਅਸਲ 'ਚ ਲੀਡਰ ਚੀਜ਼ਾਂ ਨੂੰ ਦੂਸਰਿਆਂ ਦੇ ਨਜ਼ਰੀਏ ਨਾਲ ਦੇਖਦਾ ਹੈ ਤੇ ਕੰਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਦੋ ਫ਼ਾਇਦੇ ਹੁੰਦੇ ਹਨ-ਪਹਿਲਾ ਤਾਂ ਇਹ ਕਿ ਤੁਹਾਡੀ ਟੀਮ ਦੇ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਸਲਾਹ ਵੀ ਅਹਿਮ ਹੈ ਅਤੇ ਦੂਸਰਾ ਟੀਮ ਦੇ ਲੋਕ ਆਪਣਾ ਸਮਝ ਕੇ ਕੰਮ ਕਰਦੇ ਹਨ, ਜਿਸ ਨਾਲ ਸਫਲਤਾ ਦੀ ਸੰਭਾਵਨਾ ਵਧ ਜਾਂਦੀ ਹੈ।

ਸੁਣਨ ਦੀ ਆਦਤ

ਆਮ ਤੌਰ 'ਤੇ ਅਸੀਂ ਦੂਸਰਿਆਂ ਦੀਆਂ ਗੱਲਾਂ ਸੁਣਦੇ ਘੱਟ ਹਾਂ ਤੇ ਖ਼ੁਦ ਜ਼ਿਆਦਾ ਬੋਲਦੇ ਹਾਂ। ਖ਼ਾਸ ਕਰਕੇ ਉਸ ਸਥਿਤੀ ਵਿਚ ਜਦੋਂ ਆਪ ਬੌਸ ਹੋਈਏ, ਲੀਡਰ ਦੀ ਕੁਰਸੀ 'ਤੇ ਬੈਠੇ ਹੋਈਏ। ਇਕ ਵਧੀਆ ਟੀਮ ਲੀਡਰ ਦਾ ਗੁਣ ਹੈ ਕਿ ਉਹ ਸਾਹਮਣੇ ਵਾਲੇ ਦੀ ਗੱਲ ਨੂੰ ਧਿਆਨ ਨਾਲ ਸੁਣੇ। ਇਸ ਨਾਲ ਸਾਹਮਣੇ ਵਾਲੇ ਨੂੰ ਵੀ ਸਮਝ ਆਉਂਦੀ ਹੈ ਕਿ ਉਸ ਦਾ ਸੀਨੀਅਰ ਜਾਂ ਲੀਡਰ ਉਸ ਨੂੰ ਅਹਿਮੀਅਤ ਦੇ ਰਿਹਾ ਹੈ।

Posted By: Harjinder Sodhi