ਪੀਟੀਆਈ, ਨਵੀਂ ਦਿੱਲੀ : ਸੀਬੀਐੱਸਈ ਨੇ ਕਿਸੇ ਸਹਾਇਕ ਦੀ ਮਦਦ ਨਾਲ ਪ੍ਰੀਖਿਆ ਦੇਣ ਵਾਲੇ 10ਵੀਂ, 12ਵੀਂ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਸੀਬੀਐੱਸਈ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਸ਼ਾਮਿਲ ਨਾ ਹੋਣ ਦਾ ਆਪਸ਼ਨ ਦਿੱਤਾ ਹੈ। ਹਾਲਾਂਕਿ ਬੋਰਡ ਨੇ ਕਿਹਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਮੁਲਾਂਕਣ ਦੀ ਯੋਜਨਾ ਮੁਤਾਬਕ ਹੀ ਐਲਾਨ ਕੀਤੇ ਜਾਣਗੇ। ਸੀਬੀਐੱਸਈ ਨੇ ਇਹ ਫ਼ੈਸਲਾ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਲਿਆ ਹੈ। ਸੀਬੀਐੱਸਈ ਦਾ ਕਹਿਣਾ ਹੈ ਕਿ ਜੇ ਦਿਵਿਆਂਗ ਵਿਦਿਆਰਥੀ ਕਿਸੇ ਸਹਾਇਕ ਨਾਲ ਪ੍ਰੀਖਿਆ ਦੇਣ ਆਉਂਦਾ ਹੈ ਤਾਂ ਕੋਰੋਨਾ ਨਾਲ ਨਜਿੱਠਣ ਲਈ ਜ਼ਰੂਰੀ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕਰਵਾਈ ਜਾ ਸਕੇਗੀ।

ਦੱਸਣਯੋਗ ਹੈ ਕਿ ਕੋਰੋਨਾ ਸੰਕਟ ਦੌਰਾਨ ਰੱਦ ਕੀਤੀਆਂ ਗਈਆਂ ਬੋਰਡ ਪ੍ਰੀਖਿਆਵਾਂ ਹੁਣ ਇਕ ਤੋਂ 15 ਜੁਲਾਈ ਦੌਰਾਨ ਕਰਵਾਈਆਂ ਜਾਣੀਆਂ ਹਨ। ਅਜਿਹੇ ਵਿਚ ਸੀਬੀਐੱਸਈ ਵੱਲੋਂ ਦਿਵਿਆਂਗ ਵਿਦਿਆਰਥੀਆਂ ਨੂੰ ਇਹ ਵੱਡੀ ਸਹੂਲਤ ਦਿੱਤੀ ਗਈ ਹੈ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇ ਸਹਾਇਕ ਦੀ ਮਦਦ ਨਾਲ ਪ੍ਰੀਖਿਆ ਦੇਣ ਵਾਲੇ ਕੋਈ ਦਿਵਿਆਂਗ ਵਿਦਿਆਰਥੀ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਤਾਂ ਉਹ ਆਪਣੇ ਸਬੰਧਿਤ ਸਕੂਲ ਨੂੰ ਇਸ ਬਾਰੇ ਸੂਚਿਤ ਕਰ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਬੋਰਡ ਵੱਲੋਂ ਆਪਸ਼ਨਲ ਮੁਲਾਂਕਣ ਯੋਜਨਾ ਅਨੁਸਾਰ ਐਲਾਨ ਦਿੱਤੇ ਜਾਣਗੇ।

Posted By: Tejinder Thind