ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਕਾਰਨ ਸਕੂਲਾਂ ਦੇ ਫ਼ਿਲਹਾਲ ਸਤੰਬਰ ਤੋਂ ਪਹਿਲਾਂ ਖੁੱਲ੍ਹਣ ਦੇ ਆਸਾਰ ਨਾ ਬਣਦੇ ਦੇਖ ਸੀਬੀਐੱਸਈ ਨੇ ਨੌਵੀਂ ਤੋਂ ਬਾਰ੍ਹਵੀਂ ਤਕ ਦੇ ਸਿਲੇਬਸ ਨੂੰ 30 ਫ਼ੀਸਦੀ ਤਕ ਘੱਟ ਕਰ ਦਿੱਤਾ ਹੈ। ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰਾਲੇ ਦੇ ਨਿਰਦੇਸ਼ ਮਗਰੋਂ ਸੀਬੀਐੱਸਈ ਨੇ ਇਹ ਫ਼ੈਸਲਾ ਕੀਤਾ ਹੈ। ਹਾਲਾਂਕਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸਿਲੇਬਸ 'ਚ ਇਹ ਸੋਧ ਸਿਰਫ਼ ਵਿੱਦਿਅਕ ਸੈਸ਼ਨ 2020-21 ਲਈ ਹੀ ਕੀਤੀ ਗਈ ਹੈ। ਇਸਦੇ ਚੱਲਦੇ ਮੌਜੂਦਾ ਸੈਸ਼ਨ ਨੂੰ ਨੁਕਸਾਨ ਦੇ ਬਾਵਜੂਦ ਵੀ ਸਮੇਂ ਸਿਰ ਪੂਰਾ ਕੀਤਾ ਜਾ ਸਕੇਗਾ। ਸਕੂਲਾਂ 'ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਹੁੰਦੀ ਹੈ। ਜਿਹੜੀ ਇਸ ਵਾਰੀ ਵੀ ਸ਼ੁਰੂ ਤਾਂ ਹੋ ਗਈ ਹੈ, ਪਰ ਸਕੂਲ ਬੰਦ ਹੀ ਹਨ।

ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਮੰਗਲਵਾਰ ਨੂੰ ਸੀਬੀਐੱਸਈ ਦੇ ਸਿਲੇਬਸ 'ਚ ਕੀਤੀ ਗਈ ਸੋਧ ਦੀ ਜਾਣਕਾਰੀ ਦਿੱਤੀ। ਨਾਲ ਹੀ ਕਿਹਾ ਕਿ ਇਸ ਸੋਧ 'ਚ ਸਿਲੇਬਸਾਂ ਦੀ ਮੂਲ ਧਾਰਨਾ ਨਾਲ ਛੇੜਛਾੜ ਨਹੀਂ ਕੀਤੀ ਗਈ। ਉਸਨੂੰ ਜਿਉਂ ਦਾ ਤਿਉਂ ਹੀ ਰੱਖਿਆ ਗਿਆ ਹੈ। ਮੰਤਰਾਲੇ ਨੇ ਸਿਲੇਬਸ ਨੂੰ ਛੋਟਾ ਕਰਨ ਲਈ ਆਪਣੀ ਕਵਾਇਦ ਮਈ ਦੇ ਅੰਤ 'ਚ ਹੀ ਸ਼ੁਰੂ ਕਰ ਦਿੱਤੀ ਸੀ, ਜਿਸ ਵਿਚ ਬਾਅਦ 'ਚ ਮਾਪਿਆਂ ਤੇ ਸਿੱਖਿਆ ਮਾਹਿਰਾਂ ਤੋਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸੁਝਾਅ ਮੰਗੇ ਗਏ ਸਨ। ਕਰੀਬ 1500 ਸੁਝਾਅ ਆਏ ਸਨ, ਜਿਨ੍ਹਾਂ ਦਾ ਅਧਿਐਨ ਕਰਨ ਮਗਰੋਂ ਮੰਤਰਾਲੇ ਨੇ ਸੀਬੀਐੱਸਈ ਨੂੰ ਅਜਿਹੇ ਬੱਚਿਆਂ ਦੇ ਸਿਲੇਬਸਾਂ 'ਚ ਸੋਧ ਕਰਨ ਲਈ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਦੀ 2020-21 'ਚ ਬੋਰਡ ਪ੍ਰੀਖਿਆਵਾਂ ਹੋਣੀਆਂ ਹਨ, ਜਾਂ ਫਿਰ ਜਿਹੜੇ ਅਗਲੇ ਸੈਸ਼ਨ 'ਚ ਦਸਵੀਂ ਤੇ ਬਾਰ੍ਹਵੀਂ 'ਚ ਪਹੁੰਚਣਗੇ। ਇਸ ਦੌਰਾਨ ਸੀਬੀਐੱਸਈ ਨੇ ਆਪਣੇ ਨਾਲ ਜੁੜੇ ਸਾਰੇ ਸਕੂਲਾਂ ਨੂੰ ਸੋਧਿਆ ਸਿਲੇਬਸ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਕਿਹਾ ਹੈ ਕਿ ਸੋਧੇ ਸਿਲੇਬਸ ਤੋਂ ਜਿਹੜਾ ਚੈਪਟਰ ਜਾਂ ਵਿਸ਼ਾ ਹਟਾ ਦਿੱਤਾ ਗਿਆ ਹੈ, ਉਸਦੇ ਆਧਾਰ 'ਤੇ ਹੁਣ ਨਾ ਤਾਂ ਇੰਟਰਨਲ ਅਸੈਸਮੈਂਟ ਕੀਤੀ ਜਾਵੇ, ਨਾ ਹੀ ਉਸ ਨਾਲ ਜੁੜੇ ਸਵਾਲ ਫਾਈਨਲ ਪ੍ਰੀਖਿਆ 'ਚ ਹੀ ਪੁੱਛੇ ਜਾਣ। ਸਕੂਲਾਂ ਨੂੰ ਸਿਲੇਬਸ 'ਚ ਕੀਤੇ ਗਏ ਬਦਲਾਅ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਲਈ ਵੀ ਕਿਹਾ ਗਿਆ ਹੈ। ਸੀਬੀਐੱਸਈ ਨੇ ਇਸ ਦੌਰਾਨ ਆਪਣੀ ਵੈੱਬਸਾਈਟ 'ਤੇ ਸੋਧਿਆ ਸਿਲੇਬਸ ਜਾਰੀ ਕਰ ਦਿੱਤਾ ਹੈ। ਇਸਦੇ ਨਾਲ ਹੀ ਮੰਤਰਾਲੇ ਨੇ ਜਾਰੀ ਆਪਣੇ ਨਿਰਦੇਸ਼ 'ਚ ਕਿਹਾ ਹੈ ਕਿ ਨੌਵੀਂ ਤੋਂ ਬਾਰ੍ਹਵੀਂ ਦੇ ਇਲਾਵਾ ਸਕੂਲਾਂ ਦਾ ਪਹਿਲੀ ਤੋਂ ਅੱਠਵੀਂ ਤਕ ਦਾ ਸਿਲੇਬਸ ਪਹਿਲਾਂ ਵਾਂਗ ਰਹੇਗਾ। ਐੱਨਸੀਈਆਰਟੀ ਦੇ ਵਿੱਦਿਅਕ ਕੈਲੰਡਰ ਦੇ ਆਧਾਰ 'ਤੇ ਇਨ੍ਹਾਂ ਦੀ ਪੜ੍ਹਾਈ ਕਰਾਈ ਜਾਵੇਗੀ।

ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਕਾਰਨ ਚਾਲੂ ਵਿੱਦਿਅਕ ਸੈਸ਼ਨ 'ਚ ਹੁਣ ਤਕ ਇਕ ਵੀ ਦਿਨ ਸਕੂਲ ਨਹੀਂ ਖੁੱਲ੍ਹੇ ਹਨ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਉਹ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਪੜ੍ਹਾ ਰਹੀ ਹੈ, ਪਰ ਜ਼ਿਆਦਾ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਲਈ ਵਸੀਲੇ ਮੌਜੂਦ ਨਹੀਂ ਹਨ। ਅਜਿਹੇ 'ਚ ਇਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਚੁਣੌਤੀ ਬਰਕਰਾਰ ਹੈ।

Posted By: Susheel Khanna