CBSE 10th, 12th Results 2022 Date : ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਵੱਖ-ਵੱਖ ਸੂਬਿਆਂ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਅਜੇ ਤਕ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੇ ਨਤੀਜਿਆਂ ਬਾਰੇ ਅਧਿਕਾਰਤ ਤੌਰ 'ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਲੱਖਾਂ ਵਿਦਿਆਰਥੀਆਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਸੀਬੀਐਸਈ 10ਵੀਂ ਦੇ ਨਤੀਜੇ 2022 ਅਤੇ ਸੀਬੀਐਸਈ 12ਵੀਂ ਦੇ ਨਤੀਜੇ 2022 ਦੀਆਂ ਸੰਭਾਵਿਤ ਮਿਤੀਆਂ ਦੇ ਸਬੰਧ 'ਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪੁਸ਼ਟ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪਹਿਲਾਂ ਕਈ ਅਪਡੇਟਸ ਵਿੱਚ ਸੀਬੀਐਸਈ 10ਵੀਂ ਦੇ ਨਤੀਜੇ 2022 ਦਾ ਐਲਾਨ ਜੂਨ ਦੇ ਅੰਤ ਤਕ ਹੋਣ ਦੀ ਉਮੀਦ ਸੀ ਅਤੇ ਹੁਣ ਇਸ ਨੂੰ ਜੁਲਾਈ ਦਾ ਪਹਿਲਾ ਹਫ਼ਤਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ CBSE 12ਵੀਂ ਦੇ ਨਤੀਜੇ 2022 ਦੇ ਐਲਾਨ ਬਾਰੇ ਅੱਪਡੇਟ ਸਾਂਝੇ ਕੀਤੇ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਸੀਬੀਐਸਈ ਬੋਰਡ ਦੇ ਪ੍ਰੀਖਿਆ ਕੰਟਰੋਲਰ ਵੱਲੋਂ ਦੱਸਿਆ ਗਿਆ ਸੀ ਕਿ ਸੀਨੀਅਰ ਸੈਕੰਡਰੀ ਦੀਆਂ ਉੱਤਰ ਪੱਤਰੀਆਂ ਦੇ ਮੁਲਾਂਕਣ ਦੇ ਚੱਲ ਰਹੇ ਕੰਮ ਕਾਰਨ ਜੁਲਾਈ ਦੇ ਅੰਤ ਤਕ ਨਤੀਜੇ ਐਲਾਨੇ ਜਾ ਸਕਦੇ ਹਨ। ਉਨ੍ਹਾਂ ਸੈਕੰਡਰੀ ਨਤੀਜਿਆਂ ਦੀ ਸੰਭਾਵੀ ਤਰੀਕ ਬਾਰੇ ਜਾਣਕਾਰੀ ਨਹੀਂ ਦਿੱਤੀ। ਇਸ ਦੇ ਨਾਲ ਹੀ ਬੋਰਡ ਦੇ ਸੂਤਰਾਂ ਅਨੁਸਾਰ ਸੀਬੀਐੱਸਈ 10ਵੀਂ ਦੇ ਨਤੀਜੇ 2022 ਦਾ ਐਲਾਨ ਜੁਲਾਈ ਦੇ ਦੂਜੇ ਹਫ਼ਤੇ ਵਿੱਚ ਕੀਤਾ ਜਾ ਸਕਦਾ ਹੈ।

ਟਰਮ-1 ਅਤੇ ਟਰਮ-2 ਦਾ ਵੇਟੇਜ ਨਿਰਧਾਰਤ ਨਹੀਂ ?

ਦੂਜੇ ਪਾਸੇ, ਸਾਲ 2021-22 ਲਈ CBSE ਬੋਰਡ ਦੀ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 1 ਨਵੰਬਰ-ਦਸੰਬਰ 2021 ਦੀ ਮਿਆਦ 'ਚ ਦੋ ਪੜਾਵਾਂ (ਟਰਮ 1 ਤੇ ਟਰਮ 2) ਵਿੱਚ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਟਰਮ 2 ਦੀ ਪ੍ਰੀਖਿਆ ਤਹਿਤ 10ਵੀਂ ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ 24 ਮਈ ਤੇ 12ਵੀਂ ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ 15 ਜੂਨ ਤਕ ਚੱਲੀਆਂ। ਬੋਰਡ ਦੀ ਸਕੀਮ ਅਨੁਸਾਰ ਵਿਦਿਆਰਥੀਆਂ ਦਾ ਅੰਤਿਮ ਨਤੀਜਾ ਤਿਆਰ ਕਰਨ ਵਿੱਚ ਟਰਮ 1 ਅਤੇ ਟਰਮ 2 ਦੇ ਅੰਕਾਂ ਦਾ ਵੇਟੇਜ ਦਿੱਤਾ ਜਾਵੇਗਾ। ਇਹ ਵੇਟੇਜ ਕਿੰਨਾ ਹੋਵੇਗਾ, ਇਸ ਬਾਰੇ ਬੋਰਡ ਵੱਲੋਂ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Posted By: Seema Anand