ਦੇਸ਼ 'ਚ ਅੱਜ ਲਗਪਗ ਪੂਰਾ ਸਾਲ ਵਿਆਹ ਸਮਾਗਮਾਂ ਤੋਂ ਲੈ ਕੇ ਕਾਰਪੋਰੇਟ ਈਵੈਂਟ, ਫਿਲਮ ਲਾਂਚਿੰਗ, ਪ੍ਰੋਡਕਟ ਲਾਂਚਿੰਗ, ਥੀਮ ਵੈਡਿੰਗ ਆਦਿ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਸ਼ਾਨ ਅਜਿਹੀ ਹੁੰਦੀ ਹੈ ਕਿ ਵੇਖਣ ਵਾਲੇ ਵੀ ਹੈਰਾਨ ਰਹਿ ਜਾਂÎਦੇ ਹਨ। ਦਰਅਸਲ, ਈਵੈਂਟ ਮੈਨੇਜਮੈਂਟ ਨਾਲ ਜੁੜੇ ਇਹ ਲੋਕ ਅਜਿਹੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਦੇ ਹਨ।

ਇਹ ਗਾਹਕ ਜਾਂ ਕੰਪਨੀ ਦੇ ਬਜਟ ਨੂੰ ਧਿਆਨ 'ਚ ਰੱਖ ਕੇ ਪ੍ਰੋਗਰਾਮ ਤੋਂ ਲੈ ਕੇ ਹੋਟਲ ਦੀ ਬੁਕਿੰਗ, ਸਜਾਵਟ, ਮਨੋਰੰਜਨ, ਲੰਚ/ਡਿਨਰ ਲਈ ਮੈਨਿਊ ਤਿਆਰ ਕਰਨ ਤੇ ਪ੍ਰਾਹੁਣਿਆਂ ਦੇ ਸਵਾਗਤ ਵਰਗੀਆਂ ਤਾਮਾਮ ਜ਼ਿੰਮੇਵਾਰੀਆਂ ਲਈ ਇੰਤਜ਼ਾਮ ਕਰਦੇ ਹਨ। ਇਸ ਲਈ ਉਨ੍ਹਾਂ ਕੋਲ ਆਪਣੇ ਕਿੱਤੇ ਲਈ ਬਕਾਇਦਾ ਟ੍ਰੇਨਿੰਗ ਤੇ ਟੀਮ ਹੁੰਦੀ ਹੈ, ਜੋ ਇਨ੍ਹਾਂ ਸਾਰੇ ਕੰਮਾਂ ਨੂੰ ਯੋਜਨਾਬੱਧ ਢੰਗ ਨਾਲ ਕਰਦੇ ਹਨ। ਦਰਅਸਲ ਹੁਣ ਲੋਕ ਕਿਸੇ ਵੀ ਪ੍ਰੋਗਰਾਮ ਦੌਰਾਨ ਪਰੇਸ਼ਾਨ ਹੋਣ ਤੋਂ ਬਚਣ ਲਈ ਇਨ੍ਹਾਂ ਕੰਪਨੀਆਂ ਨੂੰ ਸਾਰਾ ਕੰਮ ਸੌਂਪਣ ਉਪਰੰਤ ਬੇਫ਼ਿਕਰ ਹੋ ਕੇ ਪ੍ਰੋਗਰਾਮ ਦਾ ਆਨੰਦ ਲੈਣਾ ਚਾਹੁੰਦੇ ਹਨ।

ਕੋਰਸ ਤੇ ਯੋਗਤਾ

ਦੇਸ਼ 'ਚ ਈਵੈਂਟ ਮੈਨੇਜਮੈਂਟ ਦੀ ਪੜ੍ਹਾਈ ਅਜੇ ਹਰ ਥਾਂ ਉਪਲੱਬਧ ਨਹੀਂ ਹੈ। ਕੁਝ ਖ਼ਾਸ ਵਿੱਦਿਅਕ ਸੰਸਥਾਵਾਂ ਵਿਚ ਹੀ ਇਹ ਕੋਰਸ ਕਰਵਾਏ ਜਾਂਦੇ ਹਨ। ਹਾਲਾਂਕਿ ਮਾਸ ਕਮਿਊਨੀਕੇਸ਼ਨ/ਜਰਨਲਿਜ਼ਮ, ਪੀਆਰ ਪੱਧਰ ਦੇ ਕੋਰਸਾਂ 'ਚ ਵੀ ਇਸ ਲਈ ਇਕ ਅਲੱਗ ਮਾਡਿਊਲ ਦੇ ਤੌਰ 'ਤੇ ਪਬਲਿਕ ਰਿਲੇਸ਼ਨ ਤੇ ਐਡਵਰਟਾਈਜ਼ਿੰਗ ਜਿਹੇ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਜਿਹੜੇ ਨੌਜਵਾਨ ਇਸ ਖੇਤਰ 'ਚ ਆਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਕ ਜ਼ਰੀਆ ਇਹ ਵੀ ਹੈ ਕਿ ਕਿਸੇ ਈਵੈਂਟ ਮੈਨੇਜਮੈਂਟ ਕੰਪਨੀ 'ਚ ਕੁਝ ਦਿਨ ਕੰਮ ਕਰ ਕੇ ਉਹ ਇਸ ਖੇਤਰ ਦੀਆਂ ਬਾਰੀਕੀਆਂ ਸਿੱਖ ਸਕਦੇ ਹਨ। ਈਵੈਂਟ ਮੈਨੇਜਮੈਂਟ ਦੇ ਖੇਤਰ 'ਚ ਭਵਿੱਖ ਬਣਾਉਣ ਲਈ 12ਵੀਂ ਪਾਸ ਹੋਣਾ ਜ਼ਰੂਰੀ ਹੈ। 12ਵੀਂ ਤੋਂ ਬਾਅਦ ਇਸ ਖੇਤਰ 'ਚ ਅੱਗੇ ਪੜ੍ਹਾਈ ਕਰ ਕੇ ਮੁਹਾਰਤ ਪ੍ਰਾਪਤ ਕੀਤੀ ਜਾ ਸਕਦੀ ਹੈ। ਮਨੋਰੰਜਨ ਅਤੇ ਯੂ-ਟਿਊਬ ਜ਼ਰੀਏ ਵੀ ਤੁਸੀਂ ਖ਼ੁਦ ਨੂੰ ਅਪਡੇਟ ਕਰ ਸਕਦੇ ਹੋ। ਫਿਲਹਾਲ ਇਹ ਕੋਰਸ ਡਿਪਲੋਮਾ ਇਨ ਈਵੈਂਟ ਮੈਨੇਜਮੈਂਟ, ਪੀਜੀ ਡਿਪਲੋਮਾ ਇਨ ਈਵੈਂਟ ਮੈਨੇਜਮੈਂਟ, ਪੀਜੀ ਡਿਪਲੋਮਾ ਇਨ ਈਵੈਂਟ ਮੈਨੇਜਮੈਂਟ ਐਂਡ ਪਬਲਿਕ ਰਿਲੇਸ਼ਨਜ਼ 'ਚ ਕਰਵਾਏ ਜਾ ਰਹੇ ਹਨ। ਹਾਲਾਂਕਿ ਭਵਿੱਖ ਨੂੰ ਦੇਖਦਿਆਂ ਪੀਜੀਡੀਐੱਮ ਅਤੇ ਐੱਮਬੀਏ ਡਿਗਰੀਧਾਰਕ ਵੀ ਇਸ ਖੇਤਰ 'ਚ ਕਰੀਅਰ ਬਣਾਉਣ ਲਈ ਪ੍ਰੇਰਿਤ ਹੋ ਰਹੇ ਹਨ। ਇਸ ਖੇਤਰ 'ਚ ਕਿਸੇ ਵੀ ਸਟ੍ਰੀਮ ਨਾਲ ਪੜ੍ਹਾਈ ਕਰਨ ਵਾਲੇ ਨੌਜਵਾਨ ਆ ਸਕਦੇ ਹਨ।

ਪ੍ਰਬੰਧ 'ਚ ਮੁਹਾਰਤ

ਇਸ ਖੇਤਰ 'ਚ ਸਫਲ ਹੋਣ ਲਈ ਵੱਡੀ ਡਿਗਰੀ ਦਾ ਹੋਣਾ ਜ਼ਰੂਰੀ ਨਹੀਂ ਹੈ। ਤੁਹਾਡੇ ਕੋਲ ਪ੍ਰਬੰਧ ਕਰਨ ਦੀ ਮੁਹਾਰਤ ਹੋਣੀ ਚਾਹੀਦੀ ਹੈ। ਨਾਲ ਹੀ ਤੁਹਾਡੀ ਸੋਚ ਵੀ ਕ੍ਰਿਏਟਿਵ ਹੋਣੀ ਚਾਹੀਦੀ ਹੈ।

ਤਨਖ਼ਾਹ

ਈਵੈਂਟ ਮੈਨੇਜਮੈਂਟ ਕਮਾਈ ਦੇ ਮਾਮਲੇ 'ਚ ਆਕਰਸ਼ਕ ਖੇਤਰ ਹੈ। ਨਵੇਂ ਪ੍ਰੋਫੈਸ਼ਨਲਜ਼ ਨੂੰ ਸ਼ੁਰੂ ਵਿਚ ਇਸ ਖੇਤਰ 'ਚ 20 ਹਾਜ਼ਾਰ ਰੁਪਏ ਤਕ ਆਸਾਨੀ ਨਾਲ ਮਿਲ ਜਾਂÎਦੇ ਹਨ। ਤਜਰਬੇ ਦੇ ਆਧਾਰ 'ਤੇ ਤਨਖ਼ਾਹ ਵੱਧਦੀ ਰਹਿੰਦੀ ਹੈ। ਆਪਣੀ ਕੰਪਨੀ ਖੋਲ੍ਹ ਕੇ ਵੀ ਵਧੀਆ ਪੈਸਾ ਕਮਾ ਸਕਦੇ ਹੋ। ਵੈਸੇ ਅਜਿਹੇ ਲੋਕਾਂ ਦੀ ਮਾਰਕੀਟ 'ਚ ਇਕ ਵਾਰ ਪਛਾਣ ਬਣ ਜਾਣ ਤੋਂ ਬਾਅਦ ਕਮਾਈ ਦੀ ਕੋਈ ਸੀਮਾ ਨਹੀਂ ਹੈ।

Posted By: Harjinder Sodhi