ਡਿਜੀਟਲ ਮਾਰਕੀਟਿੰਗ ਦਾ ਅਰਥ ਹੈ ਸੋਸ਼ਲ ਮੀਡੀਆ ਜ਼ਰੀਏ ਉਤਪਾਦਾਂ ਤੇ ਸੇਵਾਵਾਂ ਦਾ ਪ੍ਰਚਾਰ-ਪ੍ਰਸਾਰ ਕਰਨਾ। ਇਸ ਮਾਰਕੀਟਿੰਗ ਵਿਚ ਮੁੱਖ ਤੌਰ 'ਤੇ ਗੂਗਲ ਸਰਚ, ਸੋਸ਼ਲ ਮੀਡੀਆ (ਵ੍ਹਟਸਐਪ, ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ), ਈ-ਮੇਲ ਤੇ ਵੈੱਬਸਾਈਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬਹੁਤ ਘੱਟ ਸਮੇਂ 'ਚ ਆਪਣਾ ਟੀਚਾ ਗਾਹਕਾਂ ਤਕ ਪਹੁੰਚਾਉਣ ਲਈ ਕੰਪਨੀਆਂ ਅੱਜ-ਕੱਲ੍ਹ ਆਨਲਾਈਨ ਮਾਰਕੀਟਿੰਗ 'ਚ ਜ਼ਿਆਦਾ ਰੁਚੀ ਲੈ ਰਹੀਆਂ ਹਨ। ਡਿਜੀਟਲ ਐਡਵਰਟਾਈਜ਼ਿੰਗ ਸਬੰਧੀ ਇਕ ਰਿਪੋਰਟ ਮੁਤਾਬਿਕ ਅਗਲੇ ਤਿੰਨ ਸਾਲਾਂ ਦੌਰਾਨ ਡਿਜੀਟਲ ਇਸ਼ਤਿਹਾਰਾਂ ਦਾ ਖ਼ਰਚ ਵੀ ਓਨਾ ਹੀ ਹੋ ਜਾਵੇਗਾ, ਜਿੰਨਾ ਪ੍ਰਿੰਟ ਮੀਡੀਆ 'ਚ ਕੰਪਨੀਆਂ ਖ਼ਰਚ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਨੌਕਰੀਆਂ ਦੇ ਲਿਹਾਜ਼ ਨਾਲ ਨੌਜਵਾਨਾਂ ਲਈ ਇਸ ਖੇਤਰ 'ਚ ਸ਼ਾਨਦਾਰ ਭਵਿੱਖ ਹੈ। ਦਰਅਸਲ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਚ ਕਈ ਅਜਿਹੇ ਖੇਤਰ ਉੱਭਰ ਕੇ ਸਾਹਮਣੇ ਆਏ ਹਨ, ਜਿੱਥੇ ਕਰੀਅਰ ਦੇ ਕਾਫ਼ੀ ਮੌਕੇ ਹਨ। ਕੰਪਨੀਆਂ ਆਪਣੇ ਬਰਾਂਡ ਨੂੰ ਪ੍ਰਮੋਟ ਕਰਨ ਲਈ ਸੋਸ਼ਲ ਮੀਡੀਆ ਮੈਨੇਜਰ ਦੀਆਂ ਨਿਯੁਕਤੀਆਂ ਕਰਨ ਲੱਗੀਆਂ ਹਨ। ਇਸ ਤਰ੍ਹਾਂ ਦੇ ਪ੍ਰੋਫੈਸ਼ਨਲਜ਼ ਨੂੰ ਵਧੀਆ ਤਨਖ਼ਾਹ ਵੀ ਪ੍ਰਾਪਤ ਹੋ ਰਹੀ ਹੈ।

ਸੰਭਾਵਨਾਵਾਂ

ਸੋਸ਼ਲ ਮੀਡੀਆ ਦਾ ਇਸਤੇਮਾਲ ਜਿੰਨੀ ਤੇਜ਼ੀ ਨਾਲ ਵਧ ਰਿਹਾ ਹੈ, ਓਨੀ ਤੇਜ਼ੀ ਨਾਲ ਮਾਹਿਰਾਂ ਦੀ ਮੰਗ ਵੀ ਵਧ ਰਹੀ ਹੈ। ਨੌਜਵਾਨਾਂ ਕੋਲ ਹੁਣ ਡਿਜੀਟਲ ਮਾਰਕੀਟਿੰਗ ਏਜੰਸੀਆਂ, ਈ-ਕਾਮਰਸ ਕੰਪਨੀਆਂ ਤੇ ਸਰਵਿਸ ਪ੍ਰੋਵਾਈਡਿੰਗ ਕੰਪਨੀਆਂ ਵਿਚ ਡਿਜੀਟਲ ਮਾਰਕੀਟਿੰਗ ਲਈ ਨੌਕਰੀਆਂ ਦੇ ਸਭ ਤੋਂ ਜ਼ਿਆਦਾ ਮੌਕੇ ਹਨ। ਇਸ ਤੋਂ ਇਲਾਵਾ ਕਾਰਪੋਰੇਟ ਕੰਪਨੀਆਂ ਵੀ ਅੱਜ-ਕੱਲ੍ਹ ਆਪਣੀਆਂ ਡਿਜੀਟਲ ਮਾਰਕੀਟਿੰਗ ਟੀਮਾਂ ਰੱਖਣ 'ਤੇ ਜ਼ੋਰ ਦੇ ਰਹੀਆਂ ਹਨ, ਜਿੱਥੋਂ ਨੌਕਰੀਆਂ ਦੀ ਭਾਲ ਕੀਤੀ ਜਾ ਸਕਦੀ ਹੈ। ਲਿੰਕਡਇਨ ਜਿਹੀਆਂ ਮੰਨੀਆਂ-ਪ੍ਰਮੰਨੀਆਂ ਸਾਈਟਾਂ ਵੀ ਨੌਕਰੀਆਂ ਦੇ ਬਿਹਤਰ ਬਦਲ ਦੇ ਰਹੀਆਂ ਹਨ। ਲਿੰਕਡਇਨ 'ਤੇ ਲੋਕ ਬਤੌਰ ਸੋਸ਼ਲ ਮੀਡੀਆ ਐਕਸਪਰਟ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹਨ ਤਾਂ ਕਿ ਦੂਸਰੀਆਂ ਕੰਪਨੀਆਂ ਵੀ ਤੁਹਾਨੂੰ ਨੌਕਰੀ ਦੇ ਮੌਕੇ ਦੇ ਸਕਣ।

ਸੋਸ਼ਲ ਮੀਡੀਆ ਮੈਨੇਜਰ

ਸੋਸ਼ਲ ਮੀਡੀਆ ਅੱਜ-ਕੱਲ੍ਹ ਕੰਪਨੀਆਂ ਦੀ ਆਨਲਾਈਨ ਮਾਰਕੀਟਿੰਗ ਤੇ ਸੰਚਾਰ ਰਣਨੀਤੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅਜਿਹੇ ਵਿਚ ਜਿੱਥੇ ਸੋਸ਼ਲ ਮੀਡੀਆ ਮੈਨੇਜਰ ਦੇ ਅਹੁਦੇ ਲਈ ਨੌਕਰੀ ਦੇ ਮੌਕੇ ਲਗਾਤਾਰ ਸਾਹਮਣੇ ਆ ਰਹੇ ਹਨ, ਜੋ ਸੋਸ਼ਲ ਮੀਡੀਆ ਮਾਰਕੀਟਿੰਗ, ਸੋਸ਼ਲ ਮੀਡੀਆ ਮੈਨੇਜਮੈਂਟ ਦਾ ਕੰਮ ਕਰਦੇ ਹਨ। ਇਹ ਲੋਕ ਸੋਸ਼ਲ ਮੀਡੀਆ ਚੈਨਲ ਨੂੰ ਮੈਨੇਜ ਕਰਨ ਦੇ ਨਾਲ-ਨਾਲ ਉੱਥੇ ਮਾਰਕੀਟਿੰਗ ਵੀ ਕਰਦੇ ਹਨ। ਇਸ ਤੋਂ ਇਲਾਵਾ ਕੰਪਨੀਆਂ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਇਹੀ ਲੋਕ ਚਲਾਉਂਦੇ ਹਨ।

ਸੋਸ਼ਲ ਮੀਡੀਆ ਸਟ੍ਰੈਟੇਜਿਸਟ

ਇਸ ਖੇਤਰ ਦਾ ਕੰਮ ਸੋਸ਼ਲ ਮੀਡੀਆ ਦੇ ਉਨ੍ਹਾਂ ਵਸੀਲਿਆਂ ਦਾ ਇਸਤੇਮਾਲ ਕਰਨਾ ਹੈ, ਜਿਸ ਨਾਲ ਮਾਰਕੀਟਿੰਗ ਸਬੰਧੀ ਮੁਹਿੰਮ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਆਮ ਤੌਰ 'ਤੇ ਇਨ੍ਹਾਂ ਦਾ ਕੰਮ ਵੈੱਬਸਾਈਟ ਟ੍ਰੈਫਿਕ ਦੀ ਨਿਗਰਾਨੀ ਕਰਨਾ ਵੀ ਹੁੰਦਾ ਹੈ ਤਾਂ ਕਿ ਉਹ ਆਪਣੇ ਸੋਸ਼ਲ ਮੀਡੀਆ ਕੰਪੇਨ ਦੀ ਸਫਲਤਾ ਨੂੰ ਰੀਅਲ-ਟਾਈਮ 'ਚ ਦੇਖ ਸਕਣ।

ਆਨਲਾਈਨ ਕੰਟੈਂਟ ਕ੍ਰੀਏਟਰਜ਼

ਇਹ ਪੇਸ਼ੇਵਰ ਆਨਲਾਈਨ ਮੀਡੀਆ ਲਈ ਕੰਟੈਂਟ ਲਿਖਦੇ ਹਨ। ਟੈਕਸਟ ਕੰਟੈਂਟ, ਵੀਡੀਓ ਬਣਾਉਣਾ ਜਾਂ ਗ੍ਰਾਫਿਕਸ ਦੇ ਕੰਟੈਂਟ ਤਿਆਰ ਕਰਨਾ ਇਨ੍ਹਾਂ ਦਾ ਹੀ ਕੰਮ ਹੁੰਦਾ ਹੈ। ਇਹ ਸਾਰੇ ਇਸ ਖੇਤਰ 'ਚ ਕੰਮ ਕਰਦੇ ਹਨ।

ਆਨਲਾਈਨ ਐਡਵਰਟਾਈਜ਼ਰ

ਇਸ ਖੇਤਰ ਨਾਲ ਜੁੜੇ ਲੋਕ ਗੂਗਲ ਇਸ਼ਤਿਹਾਰ, ਫੇਸਬੁੱਕ ਇਸ਼ਤਿਹਾਰ ਜਾਂ ਯੂ-ਟਿਊਬ 'ਤੇ ਵੀਡੀਓ ਇਸ਼ਤਿਹਾਰ ਲਈ ਮਟੀਰੀਅਲ ਤਿਆਰ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਪਲੈਟਫਾਰਮਾਂ 'ਤੇ ਸ਼ੇਅਰ ਕਰਦੇ ਹਨ। ਜੇ ਤੁਸੀਂ ਡਿਜੀਟਲ ਮਾਰਕੀਟਿੰਗ ਮਟੀਰੀਅਲ ਤਿਆਰ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹੋ ਤਾਂ ਤੁਸੀਂ ਇਸ ਨੌਕਰੀ ਨੂੰ ਚੁਣ ਸਕਦੇ ਹੋ। ਇਹੀ ਲੋਕ ਈ-ਮੇਲਰਜ਼ ਅਤੇ ਵੈੱਬਸਾਈਟਰਜ਼ ਬਣ ਕੇ ਕੰਪਨੀ ਦੀ ਬ੍ਰਾਂਡਿੰਗ ਰਣਨੀਤੀ ਤੈਅ ਕਰਦੇ ਹਨ। ਉਨ੍ਹਾਂ ਲਈ ਮਾਰਕੀਟਿੰਗ ਵਾਸਤੇ ਮੁਹਿੰਮ ਤਿਆਰ ਕਰਦੇ ਹਨ।

ਕੋਰਸ ਤੇ ਯੋਗਤਾ

ਇਸ ਖੇਤਰ 'ਚ ਤੁਹਾਡਾ ਕਮਿਊਨੀਕੇਸ਼ਨ ਸਕਿੱਲ ਵਧੀਆ ਹੋਣਾ ਚਾਹੀਦਾ ਹੈ। ਮਾਸ ਕਮਿਊਨੀਕੇਸ਼ਨ ਦਾ ਕੋਰਸ ਕਰਨ ਵਾਲੇ ਨੌਜਵਾਨ ਸੋਸ਼ਲ ਮੀਡੀਆ ਮੈਨੇਜਰ ਦੇ ਤੌਰ 'ਤੇ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਮਾਰਕੀਟਿੰਗ, ਕਮਿਊਨੀਕੇਸ਼ਨ ਜਾਂ ਗ੍ਰਾਫਿਕਸ ਡਿਜ਼ਾਈਨ 'ਚ ਗ੍ਰੈਜੂਏਟ ਹਨ, ਉਹ ਵੀ ਡਿਜੀਟਲ ਮਾਰਕੀਟਿੰਗ 'ਚ ਕਰੀਅਰ ਬਣਾ ਸਕਦੇ ਹਨ। ਡਿਜੀਟਲ ਮਾਰਕੀਟਿੰਗ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਵੱਖ-ਵੱਖ ਸੰਸਥਾਵਾਂ 'ਚ ਡਿਸਪਲੇਅ ਐਡਵਰਟਾਜ਼ਿੰਗ, ਸਰਚ ਇੰਜਣ ਮਾਰਕੀਟਿੰਗ (ਐੱਸਈਐੱਮ) ਅਤੇ ਸਰਚ ਇੰਜਣ ਆਪਟੀਮਾਈਜ਼ੇਸ਼ਨ (ਐੱਸਈਓ), ਸੋਸ਼ਲ ਮੀਡੀਆ ਮਾਰਕੀਟਿੰਗ (ਐੱਸਐੱਮਐੱਮ), ਈਮੇਲ ਮਾਰਕੀਟਿੰਗ, ਮੋਬਾਈਲ ਮਾਰਕੀਟਿੰਗ ਜਿਹੇ ਨਾਵਾਂ ਨਾਲ ਇਸ ਖੇਤਰ 'ਚ ਕੋਰਸ ਕਰਵਾਏ ਜਾ ਰਹੇ ਹਨ। ਇਹ ਕੋਰਸ ਆਪਣੇ ਆਪ 'ਚ ਇਕ ਵੱਖਰਾ ਖੇਤਰ ਹੈ। ਇਸ ਖੇਤਰ 'ਚ ਆਉਣ ਲਈ ਤੁਹਾਨੂੰ ਇੰਟਰਨੈੱਟ ਤੇ ਸੋਸ਼ਲ ਮੀਡਆ ਦੇ ਇਸਤੇਮਾਲ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ।

ਤਨਖ਼ਾਹ

ਸੋਸ਼ਲ ਮੀਡੀਆ ਮੈਨੇਜਰ ਨੂੰ ਸ਼ੁਰੂਆਤੀ ਦੌਰ 'ਚ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲ ਜਾਂਦੀ ਹੈ। ਐੱਮਐੱਨਸੀਜ਼ 'ਚ ਤਾਂ ਲੋਕ ਸ਼ੁਰੂ 'ਚ ਹੀ 30 ਤੋਂ 40 ਹਜ਼ਾਰ ਰੁਪਏ ਤਨਖ਼ਾਹ ਲੈ ਰਹੇ ਹਨ।

ਹੁਨਰ

ਕੰਟੈਂਟ ਸਕਿੱਲ-ਇਸ ਖੇਤਰ 'ਚ ਆਉਣ ਲਈ ਤੁਹਾਡੇ ਲਿਖਣ ਦਾ ਹੁਨਰ ਪੰਜਾਬੀ, ਹਿੰਦੀ ਅਤੇ ਇੰਗਲਿਸ਼ 'ਚ ਵਧੀਆ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਆਪਣੀਆਂ ਚੀਜ਼ਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰ ਸਕੋਗੇ।

ਮਾਰਕੀਟਿੰਗ ਸਕਿੱਲ : ਇਹ ਦੂਸਰਾ ਸਭ ਤੋਂ ਅਹਿਮ ਹੁਨਰ ਹੈ। ਤੁਹਾਨੂੰ ਮਾਰਕੀਟਿੰਗ ਦੀ ਵਧੀਆ ਸਮਝ ਹੋਣੀ ਚਾਹੀਦੀ ਹੈ। ਹਮੇਸ਼ਾ ਮਾਰਕੀਟ 'ਚ ਉਤਰਾਅ-ਚੜ੍ਹਾਅ 'ਤੇ ਤੁਹਾਨੂੰ ਹੀ ਨਜ਼ਰ ਰੱਖਣੀ ਪਵੇਗੀ, ਕਿਉਂਕਿ ਇਥੇ ਚੀਜ਼ਾਂ ਬਹੁਤ ਜਲਦੀ-ਜਲਦੀ ਬਦਲਦੀਆਂ ਰਹਿੰਦੀਆਂ ਹਨ।

ਸੋਸ਼ਲ ਮੀਡੀਆ ਦੀ ਜਾਣਕਾਰੀ : ਇਸ ਖੇਤਰ 'ਚ ਸਾਰਾ ਕੰਮ ਸੋਸ਼ਲ ਮੀਡੀਆ 'ਤੇ ਹੁੰਦਾ ਹੈ, ਇਸ ਲਈ ਇਸ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ।

ਟ੍ਰੇਨਿੰਗ : ਇਸ ਖੇਤਰ 'ਚ ਆਉਣ ਲਈ ਕੋਰਸ ਕਰਨ ਦੇ ਬਾਵਜੂਦ ਸ਼ੁਰੂ ਵਿਚ ਕਿਸੇ ਕੰਪਨੀ 'ਚ ਡਿਜੀਟਲ ਮਾਰਕੀਟਿੰਗ 'ਚ ਘੱਟ ਤੋਂ ਘੱਟ 6 ਮਹੀਨੇ ਦੀ ਟ੍ਰੇਨਿੰਗ ਜ਼ਰੂਰ ਕਰ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਹੀ ਇਸ ਖੇਤਰ 'ਚ ਨੌਕਰੀ ਲੱਭੋ। ਇਸ ਨਾਲ ਤੁਹਾਨੂੰ ਤੇਜ਼ੀ ਨਾਲ ਅੱਗੇ ਵਧਣ 'ਚ ਮਦਦ ਮਿਲੇਗੀ।

ਸੰਸਥਾਵਾਂ

ਦਿੱਲੀ ਸਕੂਲ ਆਫ ਇੰਟਰਨੈੱਟ ਮਾਰਕੀਟਿੰਗ।

https://dsim.in

ਡਿਜੀਟਲ ਅਕਾਦਮੀ ਇੰਡੀਆ, ਗੁੜਗਾਓਂ।

www.digitalacademyindia.com

ਡਿਜੀਟਲ ਵਿੱਦਿਆ, ਦਿੱਲੀ।

www.digitalvidya.com

ਐੱਨਆਈਆਈਟੀ, ਦਿੱਲੀ।

www.niit.com

Posted By: Harjinder Sodhi