ਭਾਰਤ 'ਚ ਤਿਉਹਾਰਾਂ ਮੌਕੇ ਲੋਕਾਂ ਵੱਲੋਂ ਆਪਣੇ ਸਕੇ-ਸਬੰਧੀਆਂ, ਦੋਸਤਾਂ-ਮਿੱਤਰਾਂ ਨੂੰ ਵੱਡੀ ਤਾਦਾਦ 'ਚ ਗਿਫ਼ਟ ਵਜੋਂ ਭੇਟ ਕੀਤੀ ਜਾਣ ਵਾਲੀ ਸੌਗਾਤ 'ਚਾਕਲੇਟ' ਹੈ। ਲੋਕ ਹੁਣ ਚਾਕਲੇਟ ਦੀ ਖ਼ਰੀਦਦਾਰੀ ਲਈ ਬਹੁਤਾ ਸੋਚ-ਵਿਚਾਰ ਨਹੀਂ ਕਰਦੇ। ਚਾਕਲੇਟ ਦੀ ਖ਼ਪਤ ਤੇਜ਼ੀ ਨਾਲ ਵਧਣਾ ਲਾਜ਼ਮੀ ਹੈ। ਹੁਣ ਚਾਕਲੇਟ ਲਗਜ਼ਰੀ ਫੂਡ ਆਈਟਮ ਦੀ ਬਜਾਏ ਆਮ ਫੂਡ ਆਈਟਮਾਂ 'ਚ ਸ਼ੁਮਾਰ ਹੋ ਗਈ ਹੈ, ਜਿਸ ਨੂੰ ਬੱਚੇ ਹੀ ਨਹੀਂ ਵੱਡੇ ਵੀ ਬੜੇ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਅੱਜ ਚਾਕਲੇਟ ਦੇਸ਼ ਦੀ ਪਸੰਦੀਦਾ ਡੈਜ਼ਰਟ ਬਣ ਗਈ ਹੈ। ਬਾਜ਼ਾਰ 'ਚ ਚਾਕਲੇਟ ਦੇ ਇੰਨੇ ਦਿਲ ਖਿੱਚਵੇਂ ਤੇ ਮਨਭਾਉਂਦੇ ਫਲੇਵਰ ਹਨ ਕਿ ਚਾਕਲੇਟ ਦੀ ਚੋਣ ਕਰਨਾ ਵੀ ਵੱਡਾ ਪ੍ਰਾਜੈਕਟ ਹੈ।

ਚੁਕਲੇਟ ਸੁਆਦੀ ਹੋਣ ਦੇ ਨਾਲ-ਨਾਲ ਸਰੀਰਕ ਤੌਰ 'ਤੇ ਵੀ ਕਈ ਫ਼ਾਇਦੇ ਪਹੰਚਾਉਂਦੀ ਹਨ। ਡਾਰਕ ਚਾਕਲੇਟ 'ਚ ਤਾਂ ਸ਼ੱਕਰ ਦੀ ਮਾਤਰਾ ਬੇਹੱਦ ਘੱਟ ਜਾਂ ਨਾਮਾਤਰ ਹੁੰਦੀ ਹੈ। ਇਹ ਚਾਕਲੇਟ ਸਿਹਤ ਲਈ ਸਭ ਤੋਂ ਲਾਭਕਾਰੀ ਹੈ। ਜੇ ਕੋਈ ਵਿਅਕਤੀ ਤਣਾਅ 'ਚ ਹੈ ਤਾਂ ਚਾਕਲੇਟ ਦਾ ਸੇਵਨ ਉਸ ਦਾ ਤਣਾਅ ਘੱਟ ਕਰ ਸਕਦਾ ਹੈ। ਐਂਟੀਆਕਸੀਡੈਂਟਸ ਨਾਲ ਭਰਪੂਰ ਹੋਣ ਕਾਰਨ ਚਾਕਲੇਟ ਵਧਦੀ ਉਮਰ ਦੇ ਲੱਛਣਾਂ ਤੇ ਝੁਰੜੀਆਂ ਨੂੰ ਵੀ ਘੱਟ ਕਰਦੀ ਹੈ। ਇਨ੍ਹਾਂ ਗੁਣਾਂ ਕਾਰਨ ਅੱਜ ਚਾਕਲੇਟ ਬਾਥ, ਫੇਸ਼ੀਅਲ, ਫੇਸ ਪੈਕ, ਵੈਕਸਿੰਗ ਵਿਚ ਵੀ ਵੱਡੇ ਪੱਧਰ 'ਤੇ ਚਾਕਲੇਟ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਘਟਣ ਦੀ ਸਮੱਸਿਆ ਹੈ, ਚਾਕਲੇਟ ਉਨ੍ਹਾਂ ਨੂੰ ਤੁਰੰਤ ਰਾਹਤ ਦਿੰਦੀ ਹੈ। ਇਹ ਬੁਰੇ ਕੋਲੈਸਟਰੋਲ ਨੂੰ ਘੱਟ ਕਰਦੀ ਹੈ, ਮੋਟਾਪਾ ਜਾਂ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਲਈ ਵੀ ਕਾਰਗਰ ਹੈ। ਰੋਜ਼ਾਨਾ ਦੋ ਕੱਪ ਹੌਟ ਚਾਕਲੇਟ ਡਰਿੰਕ ਪੀਣ ਨਾਲ ਦਿਮਾਗ਼ ਸਿਹਤਮੰਦ ਰਹਿੰਦਾ ਹੈ ਤੇ ਸਰੀਰ 'ਚ ਲਹੂ ਦਾ ਸੰਚਾਰ ਵੀ ਬਿਹਤਰ ਹੁੰਦਾ ਹੈ ਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਇਕ ਤਿਹਾਈ ਰਹਿ ਜਾਂਦੀ ਹੈ।

ਚਾਕਲੇਟੀਅਰ

ਬਾਜ਼ਾਰ 'ਚ ਚਾਕਲੇਟ ਕਿੰਨੇ ਖ਼ੂਬਸੂਰਤ ਅੰਦਾਜ਼, ਕਿਸਮਾਂ ਤੇ ਪੈਕਿੰਗ 'ਚ ਪੇਸ਼ ਕੀਤੀਆਂ ਜਾ ਰਹੀਆਂ ਹਨ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਸਾਡੀ ਮਨਪਸੰਦ ਚਾਕਲੇਟ ਨੂੰ ਇਹ ਰੂਪ ਪ੍ਰਦਾਨ ਕਰਨ 'ਚ ਕਿਸ ਦੀ ਭੂਮਿਕਾ ਹੈ? ਇਹ ਸਿਹਰਾ ਜਾਂਦਾ ਹੈ 'ਚਾਕਲੇਟੀਅਰ' ਨੂੰ। ਫੂਡ ਇੰਡਸਟਰੀ ਨਾਲ ਜੁੜਿਆ ਇਹ ਅਜਿਹਾ ਉੱਜਲ ਕਰੀਅਰ ਹੈ, ਜੋ ਆਪਣੇ ਆਪ 'ਚ ਰਚਨਾਤਮਕਤਾ ਨਾਲ ਭਰਿਆ ਹੋਇਆ ਹੈ। ਜੇ ਤੁਸੀਂ ਕਈ ਤਰ੍ਹਾਂ ਦੇ ਸਵਾਦਾਂ ਨੂੰ ਪਛਾਨਣ, ਉਸ ਨੂੰ ਵਿਕਸਿਤ ਕਰਨ ਦੀ ਨਿਵੇਕਲੀ ਰਚਨਾਤਮਕਤਾ ਤੇ ਸਮਰਥਾ ਰੱਖਦੇ ਹੋ ਤਾਂ ਚਾਕਲੇਟੀਅਰ ਦੇ ਰੂਪ 'ਚ ਆਪਣਾ ਕਰੀਅਰ ਸੰਵਾਰ ਸਕਦੇ ਹੋ। ਚਾਕਲੇਟੀਅਰ ਉਹ ਮਾਹਿਰ ਜਾਂ ਕਨਫੈਕਸ਼ਨਰੀ ਸ਼ੈਫ ਹੁੰਦਾ ਹੈ, ਜੋ ਚਾਕਲੇਟ ਦੇ ਸਵਾਦ ਤੇ ਟੈਕਸਚਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਕ ਚਾਕਲੇਟੀਅਰ ਦਾ ਕੰਮ ਸਿਰਫ਼ ਵੱਖ-ਵੱਖ ਤਰ੍ਹਾਂ ਦੇ ਚਾਕਲੇਟਜ਼ ਤਿਆਰ ਕਰਨਾ ਹੀ ਨਹੀਂ ਹੁੰਦਾ, ਬਲਕਿ ਇਹ ਇਕ ਵਿਸ਼ੇਸ਼ ਕਲਾ ਹੈ, ਜਿਸ ਵਿਚ ਸਵਾਦ ਦੇ ਨਾਲ-ਨਾਲ ਉਸ ਦੀ ਪੇਸ਼ਕਾਰੀ ਦੇ ਤਰੀਕਿਆਂ ਬਾਰੇ ਵੀ ਬਾਰੀਕੀ ਨਾਲ ਕੰਮ ਕੀਤਾ ਜਾਂਦਾ ਹੈ।

ਵਿੱਦਿਅਕ ਯੋਗਤਾ

ਸਫ਼ਲ ਚਾਕਲੇਟੀਅਰ ਬਣਨ ਲਈ ਉੱਚ ਪੱਧਰੀ ਡਿਗਰੀ ਤੋਂ ਵੱਧ ਕੁਕਿੰਗ ਦੀ ਮੁਹਾਰਤ ਹੋਣਾ ਬੇਹੱਦ ਜ਼ਰੂਰੀ ਹੈ। ਸਵਾਦ ਦੀ ਜਿੰਨੀ ਜ਼ਿਆਦਾ ਸਮਝ ਹੋਵੇਗੀ, ਸਫ਼ਲਤਾ ਦੇ ਮੌਕੇ ਓਨੇ ਹੀ ਵੱਧ ਹੋਣਗੇ। ਇਸ ਖੇਤਰ 'ਚ ਕੇਵਲ ਉਹੀ ਵਿਅਕਤੀ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ, ਜਿਸ ਵਿਚ ਧੀਰਜ, ਦ੍ਰਿੜ੍ਹ ਸ਼ਕਤੀ ਤੇ ਰਚਨਾਤਮਕਤਾ ਹੋਵੇ। ਚਾਕਲੇਟ ਦੇ ਫਲੇਵਰ, ਟੈਕਸਚਰ ਤੇ ਉਸ ਨੂੰ ਬਣਾਉਣ ਦੀ ਵਿਧੀ ਬਾਰੇ ਵੀ ਗੂੜ੍ਹ ਅਧਿਐਨ ਕੀਤਾ ਹੋਵੇ ਤਾਂ ਜੋ ਮਿਆਰੀ ਚਾਕਲੇਟ ਨਿਰਮਾਣ ਤਕਨੀਕਾਂ ਨਾਲ ਲੋਕਾਂ ਨੂੰ ਆਸਾਨੀ ਨਾਲ ਆਕਰਸ਼ਿਤ ਕੀਤਾ ਜਾ ਸਕੇ।

ਯੋਗਤਾ ਤੇ ਕੋਰਸ

ਚਾਕਲੇਟੀਅਰ ਦੇ ਰੂਪ 'ਚ ਕਰੀਅਰ ਬਣਾਉਣ ਲਈ ਕਿਸੇ ਵਿਸ਼ੇਸ਼ ਟ੍ਰੇਨਿੰਗ ਦੀ ਲੋੜ ਨਹੀਂ ਪ੍ਰੰਤੂ ਫਿਰ ਵੀ ਅਲੱਗ-ਅਲੱਗ ਉਪਕਰਨਾਂ ਨੂੰ ਇਸਤੇਮਾਲ ਕਰਨ ਦੇ ਤਰੀਕੇ ਸਿੱਖਣ ਲਈ ਸਪੈਸ਼ਲਾਈਜ਼ਡ ਕੁਕਿੰਗ ਕਲਾਸਾਂ ਜੁਆਇਨ ਕਰ ਸਕਦੇ ਹੋ। ਬਾਰ੍ਹਵੀਂ ਪਾਸ ਹਰ ਉਹ ਵਿਅਕਤੀ ਇਹ ਕਰੀਅਰ ਚੁਣ ਸਕਦਾ ਹੈ, ਜੋ ਰਚਨਾਤਮਕ ਹੋਵੇ। ਹੁਣ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਚਾਕਲੇਟੀਅਰ ਕੋਰਸ ਕਰਵਾਏ ਜਾ ਰਹੇ ਹਨ, ਜੋ ਨੌਕਰੀ ਦੌਰਾਨ ਵੀ ਕੀਤੇ ਜਾ ਸਕਦੇ ਹਨ। ਚਾਕਲੇਟ ਕਰਾਫਟਿੰਗ ਕਲਾ 'ਚ ਵਿਸ਼ੇਸ਼ ਮੁਹਾਰਤ ਅਭਿਆਸ ਨਾਲ ਹੀ ਹਾਸਿਲ ਕੀਤੀ ਜਾ ਸਕਦੀ ਹੈ। ਕੋਕੋ ਬੀਨਜ਼, ਟੇਸਟਿੰਗ, ਡਿਪਿੰਗ, ਟੈਂਪਰਿੰਗ, ਮੋਲਡਿੰਗ, ਡੈਕੋਰੇਟਿੰਗ, ਕੁਆਲਿਟੀ ਆਫ ਚਾਕਲੇਟਜ਼ ਆਦਿ ਕਈ ਕੋਰਸ ਵੱਖ-ਵੱਖ ਹੋਟਲ ਮੈਨੇਜਮੈਂਟ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਜਾਂਦਾ ਹੈ - ਕਨਫੈਕਸ਼ਨਰੀ ਕੋਰਸਿਜ਼, ਡੈਜ਼ਰਟਸ ਕੋਰਸਿਜ਼ ਤੇ ਪੇਸਟਰੀ ਐਂਡ ਬੇਕਰੀ ਕੋਰਸਿਜ਼। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਪੈਸ਼ਲਾਈਜ਼ਡ ਕੋਰਸ ਉਪਲੱਬਧ ਹਨ। ਇਨ੍ਹਾਂ ਨੂੰ ਕਰਨ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਹੈ।

ਸੰਭਾਵਨਾਵਾਂ

ਕੁਝ ਮੁੱਢਲੇ ਕੁਕਿੰਗ ਸਕਿੱਲਜ਼, ਰਚਨਾਤਮਕਤਾ, ਕਲਪਨਾ ਸ਼ਕਤੀ, ਘੰਟਿਆਂ ਬੱਧੀ ਕੰਮ ਕਰਨ ਦੀ ਸਮਰਥਾ ਤੇ ਜਨੂੰਨ, ਸਮਰਪਣ ਭਾਵਨਾ ਨਾਲ ਕੰਮ ਕਰਨਾ, ਚਾਕਲੇਟ ਨਾਲ ਸਬੰਧਤ ਹੋਰਨਾਂ ਦੇਸ਼ਾਂ 'ਚੋਂ ਜਾਣਕਾਰੀ ਇਕੱਠੀ ਕਰ ਕੇ ਆਪਣੇ ਆਪ ਨੂੰ ਇਸ ਖੇਤਰ 'ਚ ਅਪਡੇਟ ਰੱਖਣ ਵਰਗੇ ਗੁਣਾਂ ਦੇ ਧਾਰਨੀ ਹੋ ਕੇ ਇਸ ਖੇਤਰ 'ਚ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇ ਪਬਲਿਕ ਰਿਲੇਸ਼ਨਜ਼ ਸਕਿੱਲਜ਼ ਤੇ ਮਾਰਕੀਟਿੰਗ 'ਚ ਵੀ ਮੁਹਾਰਤ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ। ਚੰਗਾ ਚੋਖਾ ਤਜਰਬਾ ਹੋਣ 'ਤੇ ਤੁਸੀਂ ਆਪਣਾ ਚਾਕਲੇਟ ਜੰਕਸ਼ਨ, ਚਾਕਲੇਟ ਕੰਪਨੀ, ਚਾਕਲੇਟ ਕਲਿਨਰੀ ਸਕੂਲ 'ਚ ਆਪਣਾ ਬਰਾਂਡ ਆਦਿ ਵੀ ਖੋਲ੍ਹ ਸਕਦੇ ਹੋ। ਤੁਸੀਂ ਚਾਕਲੇਟ ਕਨਫੈਕਸ਼ਨਰੀ ਇੰਡਸਟਰੀ 'ਚ ਚਾਕਲੇਟ ਟੇਸਟਰ ਵਜੋਂ ਵੀ ਕਰੀਅਰ ਬਣਾ ਸਕਦੇ ਹੋ। ਕਰੂਜ਼ ਸ਼ਿਪ, ਫਾਈਵ ਸਟਾਰ ਹੋਟਲ, ਰਿਜਾਰਟਜ਼, ਕਨਫੈਕਸ਼ਨਰੀਜ਼, ਰੇਸਤਰਾਂ ਆਦਿ ਵਿਚ ਵੀ ਕੰਮ ਕਰਨ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਚਾਕਲੇਟ ਪ੍ਰੋਡਕਟਸ ਬੇਕਰੀਜ਼, ਗਿਫਟ ਸਟੋਰ, ਕਾਰਪੋਰੇਟ ਹਾਉੂਸਿਜ਼ ਜਾਂ ਹੋਰ ਦੁਕਾਨਾਂ 'ਤੇ ਵੀ ਵੇਚੇ ਜਾ ਸਕਦੇ ਹਨ।

ਤਨਖ਼ਾਹ

ਇਸ ਖੇਤਰ 'ਚ ਸ਼ੁਰੂਆਤੀ ਕਰੀਅਰ ਦੌਰਾਨ 15-20 ਹਜ਼ਾਰ ਰੁਪਏ ਤਨਖ਼ਾਹ ਪ੍ਰਤੀ ਮਹੀਨਾ ਮਿਲ ਸਕਦੀ ਹੈ। ਜੇ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ ਤਾਂ ਕਿਸੇ ਵੱਡੀ ਚਾਕਲੇਟ ਕੰਪਨੀ 'ਚ ਕੰਮ ਕਰਨ 'ਤੇ ਤਨਖ਼ਾਹ 2 ਲੱਖ ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੋ ਕੇ ਤਜਰਬੇ ਤੇ ਕਾਰਜ-ਕੁਸ਼ਲਤਾ ਅਨੁਸਾਰ ਵਧਦੀ ਜਾਂਦੀ ਹੈ। ਵਿਦੇਸ਼ਾਂ 'ਚ ਚਾਕਲੇਟ ਦਾ ਨਿੱਜੀ ਕਾਰੋਬਾਰ ਤਾਂ ਹੋਰ ਵੀ ਵਧਦਾ ਰਹਿੰਦਾ ਹੈ।

ਮੁੱਖ ਸੰਸਥਾਵਾਂ

- ਚਾਕਲੇਟ ਅਕੈਡਮੀ, ਮੁੰਬਈ।

www.chocolate-academy.com

- ਕਰਾਫਟ ਐਂਡ ਸੋਸ਼ਲ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ, ਨਿਊ ਦਿੱਲੀ।

www.candleclassesandmaterial.com

- ਸਵਿਸਰੈਪ ਚਾਕਲੇਟ ਅਕੈਡਮੀ, ਮੁੰਬਈ।

www.swisswrapchocolates.com

- ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਕੈਟਰਿੰਗ ਤਕਨਾਲੋਜੀ ਐਂਡ ਐਪਲਾਈਡ ਨਿਊਟ੍ਰੀਸ਼ਨ, ਗੋਆ।

www.ihmgoa.gov.in

- ਮਨਿੰਦਰ ਕੌਰ

Posted By: Harjinder Sodhi